'ਆਉਟਸਟੈਂਡਿੰਗ ਸਪੋਰਟਸ ਕੈਟਾਗਰੀ' ਅਧੀਨ ਦਾਖਲਿਆਂ ਸਬੰਧੀ ਟਰਾਇਲ/ਕਾਊਂਸਲਿੰਗ
‘ਆਉਟਸਟੈਂਡਿੰਗ ਸਪੋਰਟਸ ਕੈਟਾਗਰੀ’ ਅਧੀਨ ਦਾਖਲਿਆਂ ਸਬੰਧੀ ਟਰਾਇਲ/ਕਾਊਂਸਲਿੰਗ
ਪਟਿਆਲਾ 06 ਜੁਲਾਈ 2023; ਖੇਡ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਸੈਸ਼ਨ 2023-24 ਦੌਰਾਨ ਯੂਨੀਵਰਸਿਟੀ ਕੈਂਪਸ ਅਤੇ ਇਸਦੇ ਅਧੀਨ ਆਉਂਦੇ ਕਾਲਜਾਂ ਵਿੱਚ ਕਿਸੇ ਵੀ ਕੋਰਸ/ਕਲਾਸ ਵਿੱਚ ਉੱਚ ਕੋਟੀ ਦੇ ਖਿਡਾਰੀਆਂ ਲਈ ਸਪੋਰਟਸ ਕੋਟੇ ਅਧੀਨ ਰਾਖਵੀਆਂ 5-5 ਵਾਧੂ ਸੀਟਾਂ ਤਹਿਤ ਦਾਖਲਾ ਲੈਣ ਦੇ ਚਾਹਵਾਨ ਖਿਡਾਰੀਆਂ (ਲੜਕੇ ਅਤੇ ਲੜਕੀਆਂ) ਲਈ ਏ.ਆਈ.ਯੂ. ਖੇਡ ਕੈਲੰਡਰ ਵਿਚ ਸ਼ਾਮਲ ਹੇਠ ਲਿਖੀਆਂ ਖੇਡਾਂ ਅਨੁਸਾਰ ਟਰਾਇਲ /ਕਾਊਂਸਲਿੰਗ ਮਿਤੀ 13/07/2023 ਨੂੰ ਸਵੇਰੇ 9.00 ਵਜੇ ਖੇਡ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਕਰਵਾਏ ਜਾ ਰਹੇ ਹਨ:
ਖੇਡਾਂ ਦੀ ਸੂਚੀ:
ਐਥਲੈਟਿਕਸ, ਤੀਰ ਅੰਦਾਜ਼ੀ (ਆਰਚਰੀ), ਸਾਈਕਲਿੰਗ, ਸੌਫਟਬਾਲ (ਕੇਵਲ ਮਹਿਲਾ), ਬੇਸਬਾਲ (ਕੇਵਲ ਪੁਰਸ਼), ਹੈਂਡਬਾਲ, ਹਾਕੀ, ਕੁਸ਼ਤੀ, ਕਬੱਡੀ (ਨ.ਸ.), ਜਿਮਨਾਸਟਿਕਸ, ਜੂਡੋ, ਟੇਬਲ ਟੈਨਿਸ, ਵਾਲੀਬਾਲ, ਨੈੱਟਬਾਲ (ਕੇਵਲ ਮਹਿਲਾ), ਪਿਸਟਲ ਸ਼ੂਟਿੰਗ ਅਤੇ ਰਾਈਫਲ ਸ਼ੂਟਿੰਗ, ਫੁੱਟਬਾਲ, ਬਾਸਕਟਬਾਲ, ਬੈਡਮਿੰਟਨ, ਵੇਟ ਲਿਫਟਿੰਗ, ਟੈਨਿਸ, ਬਾਕਸਿੰਗ, ਖੋ-ਖੋ, ਫੈਨਸਿੰਗ, ਕੈਯਾਕਿੰਗ ਅਤੇ ਕੈਨੋਇੰਗ, ਰੋਇੰਗ, ਯੋਗਾ, ਤਾਇਕਵਾਂਡੋ, ਵੁਸ਼ੂ, ਕਰਾਟੇ, ਚੈੱਸ, ਰਗਬੀ, ਸੈਪਕਟਾਕਰਾ, ਸੌਫਟ ਟੈਨਿਸ, ਸਕਵੌਸ਼ ਰੈਕਟਸ, ਗੱਤਕਾ ਅਤੇ ਪੇਨਚੈਕ ਸਿਲਾਟ।
ਕਾਊਂਸਲਿੰਗ ਵਿੱਚ ਭਾਗ ਲੈਣ ਵਾਲੇ ਹਰ ਇਕ ਖਿਡਾਰੀ ਕੋਲ ਆਪਣੇ ਵਿਦਿਅਕ ਅਤੇ ਖੇਡਾਂ ਦੇ ਅਸਲੀ ਸਰਟੀਫਿਕੇਟਸ ਅਤੇ ਉਹਨਾਂ ਦੀ ਫੋਟੋਕਾਪੀ ਹੋਣੇ ਲਾਜ਼ਮੀ ਹਨ। ਖਿਡਾਰੀਆਂ ਦੀ ਚੋਣ ਉਹਨਾਂ ਦੀਆਂ ਪਿਛਲੇ ਦੋ ਸਾਲਾਂ ਦੌਰਾਨ (2021-22 ਅਤੇ 2022-23 ਦੌਰਾਨ) ਕੀਤੀ ਕਾਰਗੁਜ਼ਾਰੀ / ਪ੍ਰਾਪਤੀਆਂ (ਪਹਿਲੀਆਂ ਤਿੰਨ ਪੁਜੀਸ਼ਨਾਂ ਹੀ ਮੰਨਣਯੋਗ ਹੋਣਗੀਆ) ਦੇ ਆਧਾਰ ਤੇ ਕੀਤੀ ਜਾਵੇਗੀ। ਲੋੜ ਅਨੁਸਾਰ ਖਿਡਾਰੀਆਂ ਦੇ ਟਰਾਇਲਜ਼ ਵੀ ਮੌਕੇ ਤੇ ਕਰਵਾਏ ਜਾ ਸਕਦੇ ਹਨ। ਚੁਣੇ ਗਏ ਖਿਡਾਰੀਆਂ ਨੂੰ ਟਰੇਨਿੰਗ ਦੀਆਂ ਬੇਹਤਰੀਨ ਸੁਵਿਧਾਵਾਂ ਤੋਂ ਇਲਾਵਾ ਮੁਫ਼ਤ ਪੜ੍ਹਾਈ, ਸਪੋਰਟਸ ਕਿੱਟ ਅਤੇ ਉਨ੍ਹਾਂ ਦੀਆਂ ਖੇਡ ਪ੍ਰਾਪਤੀਆਂ ਦੀ ਮੈਰਿਟ ਦੇ ਅਨੁਸਾਰ ਡਾਈਟ ਮਨੀ ਮੁਹੱਈਆ ਕੀਤੀ ਜਾਵੇਗੀ।