ਬੇਰੁਜ਼ਗਾਰ ਬਾਲ਼ਣਗੇ ਸਰਕਾਰੀ ਲਾਰਿਆਂ ਦੀ ਲੋਹੜੀ : ਬੇਰੁਜ਼ਗਾਰ ਸਾਂਝਾ ਮੋਰਚਾ
ਬੇਰੁਜ਼ਗਾਰ ਬਾਲ਼ਣਗੇ ਸਰਕਾਰੀ ਲਾਰਿਆਂ ਦੀ ਲੋਹੜੀ : ਬੇਰੁਜ਼ਗਾਰ ਸਾਂਝਾ ਮੋਰਚਾ
ਪਟਿਆਲਾ : ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਚੋਣਾਂ ਮੌਕੇ ਪੰਜਾਬ ਦੇ ਵਿਭਿੰਨ ਵਰਗਾਂ ਸਮੇਤ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੇ ਵੱਡੇ- ਵੱਡੇ ਵਾਅਦੇ ਕੀਤੇ ਸਨ । ਜਿਹੜੇ ਕਿ ਕਰੀਬ ਤਿੰਨ ਸਾਲ ਵਿੱਚ ਲਾਰੇ ਸਾਬਤ ਹੋ ਚੁੱਕੇ ਹਨ । ਪੰਜਾਬ ਦੀਆਂ ਵੱਖ-ਵੱਖ ਸ਼ਰੇਣੀਆਂ ਦੇ ਬੇਰੁਜ਼ਗਾਰਾਂ ਨੇ ‘ਬੇਰੁਜ਼ਗਾਰ ਸਾਂਝੇ ਮੋਰਚੇ ‘ ਦੀ ਅਗਵਾਈ ਵਿੱਚ ਲੋਹੜੀ ਮੌਕੇ ਪੰਜਾਬ ਦੇ ਕਰੀਬ ਅੱਧੀ ਦਰਜਨ ਮੰਤਰੀਆਂ ਦੀਆਂ ਕੋਠੀਆਂ ਅੱਗੇ ਸਰਕਾਰੀ ਲਾਰੇ ਫੂਕ ਕੇ ਸੰਘਰਸ਼ੀ ਲੋਹੜੀ ਮਨਾਉਣ ਦਾ ਐਲਾਨ ਕੀਤਾ ਹੈ । ਇਸੇ ਤਹਿਤ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਸੂਬਾ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਸਥਾਨਕ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਨੇੜੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੀ ਕੋਠੀ ਅੱਗੇ 12 ਜਨਵਰੀ ਨੂੰ ਦੁਪਹਿਰ 12 ਵਜੇ ਲਾਰੇ ਫੂਕ ਕੇ ਮੁਜਾਹਰਾ ਕੀਤਾ ਜਾਵੇਗਾ । ਬੇਰੁਜ਼ਗਾਰ ਆਗੂ ਢਿੱਲਵਾਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਤਿੰਨ ਸਾਲ ਤੋਂ ਉਮਰ ਹੱਦ ਵਿੱਚ ਛੋਟ ਦੇਣ ਦਾ ਲਾਰਾ ਲਾਉਂਦੇ ਆ ਰਹੇ ਹਨ ਪਰ ਵਾਅਦੇ ਅਨੁਸਾਰ ਸਿਹਤ ਅਤੇ ਸਿੱਖਿਆ ਵਿਭਾਗ ਵਿੱਚ ਕੋਈ ਭਰਤੀ ਨਹੀਂ ਕੀਤੀ ਅਤੇ ਨਾ ਹੀ ਮਲਟੀ ਪਰਪਜ਼ ਹੈਲਥ ਵਰਕਰ (ਪੁਰਸ਼), ਮਾਸਟਰ ਕਾਡਰ, ਈ. ਟੀ. ਟੀ. ਅਤੇ ਲੈਕਚਰਾਰ ਦੀਆਂ ਭਰਤੀਆਂ ਵਿੱਚ ਉਮਰ ਹੱਦ ਛੋਟ ਦੇਣ ਬਾਰੇ ਕੋਈ ਨੋਟੀਫਿਕੇਸ਼ਨ ਜਾਰੀ ਕਰਕੇ, ਮਾਸਟਰ ਕੇਡਰ ਵਿੱਚ 55 % ਦੀ ਬੇਤੁਕੀ ਸ਼ਰਤ ਰੱਦ ਕਰਕੇ ਭਰਤੀ ਦਾ ਇਸ਼ਤਿਹਾਰ ਦਿੱਤਾ ਗਿਆ ਹੈ । ਉਹਨਾਂ ਦੱਸਿਆ ਕਿ ਉਕਤ ਲਾਰਿਆਂ ਦੀ ਪੰਡ ਫੂਕ ਕੇ ਸੰਘਰਸ਼ੀ ਲੋਹੜੀ ਮਨਾਉਂਦੇ ਬੇਰੁਜ਼ਗਾਰ ਸਰਕਾਰ ਖ਼ਿਲਾਫ਼ ਤਿੱਖਾ ਸੰਘਰਸ਼ ਵਿੱਢਣ ਦਾ ਆਗਾਜ਼ ਕਰਨਗੇ ।
ਮੰਗਾਂ –
1 -ਸਿਹਤ ਵਿਭਾਗ ਵਿੱਚ ਖਾਲੀ ਮਲਟੀ ਪਰਪਜ਼ ਹੈਲਥ ਵਰਕਰ ਦੀਆਂ ਸਾਰੀਆਂ ਖਾਲੀ ਅਸਾਮੀਆਂ ਉੱਤੇ ਉਮਰ ਹੱਦ ਛੋਟ ਦੇ ਕੇ ਭਰਤੀ ਕੀਤੀ ਜਾਵੇ ।
2 – ਮਾਸਟਰ ਕੇਡਰ ਦੇ ਸਾਰੇ ਵਿਸ਼ਿਆਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਉੱਤੇ ਉਮਰ ਹੱਦ ਛੋਟ ਦੇ ਕੇ ਭਰਤੀ ਕੀਤੀ ਜਾਵੇ ।
3 – ਲੈਕਚਰਾਰ ਦੀਆਂ ਰੱਦ ਕੀਤੀਆਂ 343 ਪੋਸਟਾਂ ਵਿੱਚ ਬਾਕੀ ਵਿਸ਼ਿਆਂ ਦੀਆਂ ਅਸਾਮੀਆਂ ਐਡ ਕਰਕੇ, ਉਮਰ ਹੱਦ ਛੋਟ ਦੇ ਕੇ ਭਰਤੀ ਕੀਤੀ ਜਾਵੇ ।
4 – ਮਾਸਟਰ ਕੇਡਰ ਵਿੱਚ ਥੋਪੀ ਗਰੈਜੁਏਸ਼ਨ ਵਿੱਚੋ 55 ਪ੍ਰਤੀਸ਼ਤ ਲਾਜ਼ਮੀ ਅੰਕਾਂ ਵਾਲੀ ਬੇਤੁਕੀ ਸ਼ਰਤ ਰੱਦ ਕੀਤੀ ਜਾਵੇ ।
5 – ਆਰਟ ਐਂਡ ਕਰਾਫਟ ਦੀਆਂ 250 ਜਾਰੀ ਅਸਾਮੀਆਂ ਦਾ ਲਿਖਤੀ ਪੇਪਰ ਲੈਕੇ ਤੁਰੰਤ ਮੁਕੰਮਲ ਕੀਤਾ ਜਾਵੇ ।
6 – ਮਾਸਟਰ ਕੇਡਰ ਅਤੇ ਲੈਕਚਰਾਰ ਭਰਤੀ ਵਿੱਚ ਕੰਬੀਨੇਸ਼ਨ ਦਰੁਸਤ ਕੀਤੇ ਜਾਣ ।