ਜ਼ਿਲ੍ਹਾ ਟੀਕਾਕਰਨ ਅਫ਼ਸਰ ਵੱਲੋਂ ਮਮਤਾ ਦਿਵਸ ਦੀ ਸੁਪਰਵਿਜ਼ਨ
ਜ਼ਿਲ੍ਹਾ ਟੀਕਾਕਰਨ ਅਫ਼ਸਰ ਵੱਲੋਂ ਮਮਤਾ ਦਿਵਸ ਦੀ ਸੁਪਰਵਿਜ਼ਨ
-ਮਮਤਾ ਦਿਵਸ ਤੇ ਗਰਭਵਤੀ ਔਰਤਾਂ ਤੇ ਨਵ ਜੰਮਿਆਂ ਬੱਚਿਆਂ ਦਾ ਮਾਰੂ ਬਿਮਾਰੀਆਂ ਤੋਂ ਬਚਾਉਣ ਲਈ ਕੀਤਾ ਜਾਂਦਾ ਹੈ ਟੀਕਾਕਰਨ
ਪਟਿਆਲਾ, 05 ਜੁਲਾਈ
ਰਾਸ਼ਟਰੀ ਸਿਹਤ ਮਿਸ਼ਨ ਦੇ ਮੁੱਖ ਉਦੇਸ਼ ਜੱਚਾ ਬੱਚਾ ਮੌਤ ਦਰ ਨੂੰ ਘਟਾਉਣ ਲਈ ਸਿਹਤ ਵਿਭਾਗ ਵੱਲੋਂ ਹਰੇਕ ਬੁੱਧਵਾਰ ਸਿਹਤ ਕੇਂਦਰ/ਪਿੰਡ ਪੱਧਰ ਤੇ ਮਨਾਏ ਜਾਂਦੇ ਮਮਤਾ ਦਿਵਸ ਵਿੱਚ ਗਰਭਵਤੀ ਔਰਤਾਂ ਤੇ ਨਵ ਜੰਮਿਆਂ ਬੱਚਿਆਂ ਦਾ ਮਾਰੂ ਬਿਮਾਰੀਆਂ ਤੋਂ ਬਚਾਉਣ ਲਈ ਟੀਕਾਕਰਨ ਕੀਤਾ ਜਾਂਦਾ ਹੈ।
ਸਿਵਲ ਸਰਜਨ ਡਾ. ਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਗੁਰਪ੍ਰੀਤ ਕੌਰ ਵੱਲੋਂ ਸੀ.ਐਚ.ਸੀ. ਮਾਡਲ ਟਾਊਨ ਵਿਚ ਮਨਾਏ ਜਾ ਰਹੇ ਮਮਤਾ ਦਿਵਸ ਦੀ ਸੁਪਰਵਿਜ਼ਨ ਕੀਤੀ ਗਈ। ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਸੁਪਰਵਿਜ਼ਨ ਦੌਰਾਨ ਉਹਨਾਂ ਵੱਲੋਂ ਇਹਨਾਂ ਸੈਸ਼ਨਾਂ ਤੇ ਵਰਤੀ ਜਾ ਰਹੀ ਵੈਕਸੀਨ, ਟੀਕੇ ਲਾਉਣ ਲਈ ਵਰਤੀਆਂ ਜਾ ਰਹੀਆਂ ਸੁਈਆਂ, ਸਰਿੰਜਾਂ ਅਤੇ ਟੀਕਾਕਰਨ ਰਜਿਸਟਰਾਂ ਦੀ ਜਾਂਚ ਕੀਤੀ ਗਈ। ਇਹਨਾਂ ਸੈਸ਼ਨਾਂ ਚ ਸਿਹਤ ਸਟਾਫ਼ ਵੱਲੋਂ ਟੀਕੇ ਲਗਵਾਉਣ ਆਈਆਂ ਗਰਭਵਤੀ ਔਰਤਾਂ ਨੂੰ ਆਪਣਾ ਜਣੇਪਾ ਸਰਕਾਰੀ ਸਿਹਤ ਸੰਸਥਾ ਵਿਚ ਕਰਵਾਉਣਾ ਯਕੀਨੀ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ।
ਗਰਭਵਤੀ ਮਾਵਾਂ ਨੂੰ ਕਿਹਾ ਕਿ ਉਹ ਮਾਰੂ ਬਿਮਾਰੀਆਂ ਤੋਂ ਬਚਾਅ ਲਈ ਟੀਕਾਕਰਨ ਸਾਰਨੀ ਅਨੁਸਾਰ ਆਪਣਾ ਅਤੇ ਨਵ ਜਨਮੇ ਬੱਚਿਆਂ ਦਾ ਟੀਕਾਕਰਨ ਕਰਵਾਉਣਾ ਯਕੀਨੀ ਬਣਾਉਣ। ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਦੱਸਿਆ ਕਿ ਮਮਤਾ ਦਿਵਸ ਤੇ ਗਰਭਵਤੀ ਔਰਤਾਂ ਨੂੰ ਟੈਟਨਸ ਦੇ ਟੀਕੇ, ਖੂਨ ਵਧਾਉਣ ਲਈ ਆਇਰਨ ਫੋਲਿਕ ਐਸਿਡ ਦੀਆਂ ਗੋਲੀਆਂ ਅਤੇ ਕੈਲਸ਼ੀਅਮ ਦੀਆਂ ਗੋਲੀਆਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਬੱਚਿਆਂ ਨੂੰ ਮਾਰੂ ਬਿਮਾਰੀਆਂ ਜਿਵੇਂ ਗਲਘੋਟੂ, ਕਾਲੀ ਖੰਘ, ਤਪਦਿਕ, ਪੋਲੀਓ, ਦਿਮਾਗੀ ਬੁਖਾਰ, ਖਸਰਾ, ਪੀਲੀਆ, ਨਿਮੋਨੀਆ, ਦਸਤ ਅਤੇ ਟੈਟਨਸ ਤੋਂ ਬਚਾਅ ਸਬੰਧੀ ਟੀਕੇ ਲਗਾਏ ਜਾਂਦੇ ਹਨ ਤੇ ਬੱਚਿਆਂ ਵਿੱਚ ਅੰਧਰਾਤੇ ਦੀ ਬਿਮਾਰੀ ਤੋਂ ਬਚਾਅ ਲਈ ਵਿਟਾਮਿਨ ਏ ਦਾ ਘੋਲ ਵੀ ਮੁਫ਼ਤ ਦਿੱਤਾ ਜਾਂਦਾ ਹੈ ਤਾਂ ਜੋ ਜੱਚਾ ਅਤੇ ਬੱਚਾ ਮੌਤ ਦਰ ਨੂੰ ਘੱਟ ਕਰਕੇ ਦਿੱਤੇ ਰਾਸ਼ਟਰੀ ਟੀਚੇ ਸਮੇਂ ਸਿਰ ਪੂਰੇ ਕੀਤੇ ਜਾ ਸਕਣ।