ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਦੇ ਦੇਹਾਂਤ ਉਤੇ ਦੁੱਖ ਦਾ ਪ੍ਰਗਟਾਵਾ
ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਦੇ ਦੇਹਾਂਤ ਉਤੇ ਦੁੱਖ ਦਾ ਪ੍ਰਗਟਾਵਾ
-ਸਪੁੱਤਰ ਐਡਵੋਕੇਟ ਅਨੰਤਬੀਰ ਸਿੰਘ ਸਰਾਓ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਮਿਲਕੇ ਦੁੱਖ ਕੀਤਾ ਸਾਂਝਾ, ਕਿਹਾ ਬੀਰ ਦਵਿੰਦਰ ਸਿੰਘ ਦਾ ਬੇਵਕਤ ਚਲਾਣਾ ਨਾ ਪੂਰਾ ਹੋਣ ਵਾਲਾ ਘਾਟਾ
ਪਟਿਆਲਾ, 1 ਜੁਲਾਈ:
ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਸਪੁੱਤਰ ਐਡਵੋਕੇਟ ਅਨੰਤਬੀਰ ਸਿੰਘ ਸਰਾਓ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਮਿਲਕੇ ਆਪਣੀ ਸੰਵੇਦਨਾ ਦਾ ਇਜ਼ਹਾਰ ਕੀਤਾ।
ਇਸ ਮੌਕੇ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਬੀਰ ਦਵਿੰਦਰ ਸਿੰਘ ਦਾ ਬੇਵਕਤ ਅਕਾਲ ਚਲਾਣਾ ਪਰਿਵਾਰਕ ਮੈਂਬਰਾਂ ਸਮੇਤ ਪੰਜਾਬ ਤੇ ਪੰਜਾਬੀਆਂ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ, ਕਿਉਂ ਕਿ ਉਹ ਇੱਕ ਚਾਨਣ ਮੁਨਾਰਾ ਸ਼ਖ਼ਸੀਅਤ ਸਨ। ਜੌੜਾਮਾਜਰਾ ਨੇ ਐਡਵੋਕੇਟ ਅਨੰਤਬੀਰ ਸਿੰਘ ਸਰਾਓ ਨੂੰ ਕਿਹਾ ਕਿ ਪਰਿਵਾਰ ਦੀ ਇਸ ਦੁੱਖ ਦੀ ਘੜੀ ਵਿੱਚ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਦੇ ਨਾਲ ਖੜ੍ਹੇ ਹਨ।
ਲੋਕ ਸੰਪਰਕ ਮੰਤਰੀ ਨੇ ਕਿਹਾ, “ਬੀਰ ਦਵਿੰਦਰ ਸਿੰਘ ਇੱਕ ਪ੍ਰੌੜ ਸਿਆਸਤਦਾਨ ਹੋਣ ਦੇ ਨਾਲ-ਨਾਲ ਪੰਜਾਬ ਅਤੇ ਪੰਜਾਬੀਆਂ ਪ੍ਰਤੀ ਸੱਚਾ ਦਰਦ ਰੱਖਣ ਵਾਲੇ ਸੂਝਵਾਨ ਆਗੂ ਸਨ ਅਤੇ ਉਨ੍ਹਾਂ ਦੇ ਚਲਾਣੇ ਨਾਲ ਪੰਜਾਬ ਇਕ ਸੂਝਵਾਨ ਸ਼ਖ਼ਸੀਅਤ ਤੋਂ ਮਹਿਰੂਮ ਹੋ ਗਿਆ। ਉਨ੍ਹਾਂ ਕਿਹਾ ਕਿ ਮਰਹੂਮ ਡਿਪਟੀ ਸਪੀਕਰ ਇੱਕ ਬੈਸਟ ਪਾਰਲੀਮੈਂਟਰੀਅਨ ਹੋਣ ਦੇ ਨਾਲ-ਨਾਲ ਉਨ੍ਹਾਂ ਨੇ ਵੱਖ-ਵੱਖ ਅਹੁਦਿਆਂ ਉਤੇ ਸੇਵਾ ਨਿਭਾਉਂਦਿਆਂ ਪੰਜਾਬ ਦੇ ਵਿਕਾਸ ਵਿਚ ਵਡਮੁੱਲਾ ਯੋਗਦਾਨ ਪਾਇਆ ਸੀ ਜਿਸ ਨੂੰ ਹਮੇਸ਼ਾ ਚੇਤੇ ਰੱਖਿਆ ਜਾਵੇਗਾ।”
ਚੇਤਨ ਸਿੰਘ ਜੌੜਾਮਾਜਰਾ ਨੇ ਪੀੜਤ ਪਰਿਵਾਰ, ਰਿਸ਼ਤੇਦਾਰਾਂ ਤੇ ਸਾਕ-ਸਨੇਹੀਆਂ ਨਾਲ ਦੁੱਖ ਸਾਂਝਾ ਕਰਦਿਆਂ ਨੇ ਦੁੱਖ ਦੀ ਇਸ ਘੜੀ ਵਿੱਚ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਅਤੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ।