ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਕਨੇਡਾ ਦੇ ਸ਼ਹਿਰ ਸਰੀ ਵਿਖੇ ਪੁਜੇ ਸੰਗਤਾਂ ਵੱਲੋਂ ਨਿੱਘਾ ਸੁਆਗਤ
ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਕਨੇਡਾ ਦੇ ਸ਼ਹਿਰ ਸਰੀ ਵਿਖੇ ਪੁਜੇ ਸੰਗਤਾਂ ਵੱਲੋਂ ਨਿੱਘਾ ਸੁਆਗਤ
ਅੰਮ੍ਰਿਤਸਰ:- ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁੱਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਆਪਣੇ ਸਾਥੀ ਸਿੰਘਾਂ ਸਮੇਤ ਕਨੇਡਾ ਦੇ ਸ਼ਹਿਰ ਸਰੀ ਵਿਖੇ ਸਥਿਤ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਬੀ.ਸੀ ਦੇ ਦਰਸ਼ਨ ਕੀਤੇ ਜਿਥੇ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਤੇ ਸਥਾਨਕ ਸਿੱਖਾਂ ਨੇ ਗੁਰੂ ਸਾਹਿਬਾਨ, ਸਾਹਿਬਜ਼ਾਦਿਆਂ, ਮਹਾਨ ਸਿੱਖ ਜਰਨੈਲਾਂ ਦੇ ਇਤਿਹਾਸਕ ਪਾਵਨ ਸ਼ਸਤਰਾਂ ਅਤੇ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਤੇ ਫੁੱਲਾਂ ਦੀ ਵਰਖਾ ਕਰਕੇ ਖਾਲਸਾਈ ਜੈਕਾਰਿਆਂ ਨਾਲ ਦਾ ਭਰਵਾ ਸਵਾਗਤ ਕੀਤਾ।
ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਜਾਰੀ ਇਕ ਪੈਸ ਨੋਟ ਵਿੱਚ ਕਿਹਾ ਕਿ ਬਾਬਾ ਬਲਬੀਰ ਸਿੰਘ ਅਕਾਲੀ ਧਰਮ ਪ੍ਰਚਾਰ ਦੇ ਦੌਰੇ ਪੁਰ ਕਨੇਡਾ ਵਿਖੇ ਹਨ। ਉਨ੍ਹਾਂ ਕਿਹਾ ਕਿ ਸਰੀ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਬੁੱਢਾ ਦਲ ਪਾਸ ਗੁਰੂ ਸਾਹਿਬਾਨ, ਸਾਹਿਬਜ਼ਾਦਿਆਂ, ਬੁੱਢਾ ਦਲ ਦੇ ਮੁਖੀ ਰਹੇ ਮਹਾਨ ਸਿੱਖ ਜਰਨੈਲਾਂ ਦੇ ਸ਼ਸਤਰਾਂ, ਇਤਿਹਾਸਕ ਨਿਸ਼ਾਨੀਆਂ ਦੇ ਦਰਸ਼ਨ ਸੰਗਤਾਂ ਨੂੰ ਕਰਵਾਏ ਅਤੇ ਇਨ੍ਹਾਂ ਸਸ਼ਤਰਾਂ ਦਾ ਇਤਿਹਾਸ ਅਤੇ ਦੇਸ਼ ਅਤੇ ਕੌਮ ਦੀ ਰੱਖਿਆ, ਬਾਣੀ ਬਾਣੇ ਦੀ ਸੁਰੱਖਿਆ ਲਈ ਬੁੱਢਾ ਦਲ ਦਾ ਸਮੁੱਚਾ ਸਿੱਖ ਸੰਘਰਸ਼ ਵੀ ਸੰਗਤਾਂ ਨਾਲ ਸਾਂਝਾ ਕੀਤਾ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਬਾਬਾ ਬਲਬੀਰ ਸਿੰਘ ਦਾ ਜਿਥੇ ਨਿੱਘਾ ਸੁਆਗਤ ਕੀਤਾ ਉਥੇ ਸਾਰੇ ਜਥੇ ਦਾ ਢੁਕਵਾਂ ਮਾਨ ਸਨਮਾਨ ਵੀ ਕੀਤਾ ਗਿਆ। ਉਨ੍ਹਾਂ ਦਸਿਆ ਕਿ ਬਾਬਾ ਬਲਬੀਰ ਸਿੰਘ, ਟਰਾਂਟੋ, ਵੈਨਕੁਅਰ ਦੇ ਗੁਰੂ ਘਰਾਂ ਦੀ ਯਾਤਰਾ ਵੀ ਕਰਨਗੇ। ਉਨ੍ਹਾਂ ਨਾਲ ਬਾਬਾ ਜਸਵਿੰਦਰ ਸਿੰਘ ਜੱਸੀ ਖਾਲਸਾ ਇੰਚਾਰਜ਼ ਬੁੱਢਾ ਦਲ ਯੁਨਿਟ ਅਮਰੀਕਾ ਵੀ ਹਾਜ਼ਰ ਸਨ।