ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਮਾਤਾ ਜੀ ਮੰਦਿਰ ਸ੍ਰੀ ਕਾਲੀ ਦੇਵੀ ਜੀ ਵਿਖੇ ਦਰਸ਼ਨਾਂ ਲਈ ਪਹੁੰਚੇ

ਦੁਆਰਾ: News ਪ੍ਰਕਾਸ਼ਿਤ :Saturday, 01 July, 2023, 04:34 PM

ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਮਾਤਾ ਜੀ ਮੰਦਿਰ ਸ੍ਰੀ ਕਾਲੀ ਦੇਵੀ ਜੀ ਵਿਖੇ ਦਰਸ਼ਨਾਂ ਲਈ ਪਹੁੰਚੇ
– ਮੰਦਿਰ ਐਡਵਾਇਜ਼ਰੀ ਮੈਨੇਜਿੰਗ ਕਮੇਟੀ ਦੇ ਮੈਂਬਰ ਸੰਦੀਪ ਬੰਧੂ ਨੇ ਉਹਨਾਂ ਦਾ ਸਵਾਗਤ ਕੀਤਾ
ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਜੀ ਦੇ ਮਾਤਾ ਜੀ ਅੱਜ ਮੰਦਿਰ ਸ੍ਰੀ ਕਾਲੀ ਦੇਵੀ ਜੀ ਪਟਿਆਲਾ ਵਿਖੇ ਮਾਤਾ ਰਾਣੀ ਦੇ ਦਰਸ਼ਨਾਂ ਲਈ ਪਹੁੰਚੇ। ਮੰਦਿਰ ਵਿਖੇ ਪਹੁੰਚਣ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਮੰਦਿਰ ਐਡਵਾਇਜ਼ਰੀ ਮੈਨੇਜਿੰਗ ਕਮੇਟੀ ਦੇ ਮੈਂਬਰ ਸੰਦੀਪ ਬੰਧੂ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ।
ਪ੍ਰੈਸ ਨਾਲ ਗੱਲਬਾਤ ਕਰਦਿਆਂ ਸੰਦੀਪ ਬੰਧੂ ਨੇ ਦੱਸਿਆ ਕਿ ਸਾਡੇ ਸੂਬੇ ਦੇ ਮਾਣਯੋਗ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਜੀ ਦੇ ਸਤਿਕਾਰਯੋਗ ਮਾਤਾ ਜੀ ਅੱਜ ਮਾਂ ਕਾਲੀ ਦੇਵੀ ਜੀ ਦੇ ਦਰਬਾਰ ਵਿੱਚ ਦਰਸ਼ਨਾਂ ਲਈ ਪਹੁੰਚੇ। ਜਿਥੇ ਉਹਨਾਂ ਨੇ ਪੂਰੀ ਸ਼ਰਧਾ ਤੇ ਆਸਥਾ ਨਾਲ ਪੂਜਾ ਅਰਚਨਾ ਕਰਵਾਈ ਅਤੇ ਮਾਤਾ ਰਾਣੀ ਦੇ ਚਰਨਾਂ ਵਿੱਚ ਮੱਥਾ ਟੇਕਿਆ। ਉਹਨਾਂ ਆਪਣੇ ਪੰਜਾਬ, ਪੰਜਾਬੀਆਂ ਅਤੇ ਸਰਬਤ ਦੇ ਭਲੇ ਲਈ ਮਾਤਾ ਰਾਣੀ ਨੂੰ ਅਰਦਾਸ ਕੀਤੀ। ਉਹ ਤਕਰੀਬਨ ਦੋ ਘੰਟੇ ਮੰਦਿਰ ਵਿੱਚ ਰਹੇ। ਉਹਨਾਂ ਬੜੇ ਹੀ ਸ਼ਰਧਾ ਨਾਲ ਮਾਤਾ ਰਾਣੀ ਦੀ ਰਸੋਈ ਵਿੱਚ ਬਣਿਆ ਲੰਗਰ ਵੀ ਛਕਿਆ।
ਮੁੱਖ ਮੰਤਰੀ ਪੰਜਾਬ ਦੇ ਮਾਤਾ ਜੀ ਨੇ ਮੰਦਿਰ ਐਡਵਾਇਜ਼ਰੀ ਮੈਨੇਜਿੰਗ ਕਮੇਟੀ ਦੇ ਮੈਂਬਰ ਸੰਦੀਪ ਬੰਧੂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪਹਿਲਾਂ ਨਾਲੋਂ ਹੁਣ ਮੰਦਿਰ ਵਿੱਚ ਕਾਫੀ ਵਧੀਆ ਪ੍ਰਬੰਧ ਹੋ ਗਏ ਹਨ। ਜਿਸ ਵਿੱਚ ਮੁੱਖ ਤੌਰ ਤੇ ਮੰਦਿਰ ਦੀ ਸਾਫ-ਸਫਾਈ, ਪੀਣ ਵਾਲਾ ਪਾਣੀ, ਸਾਫ-ਸੁਥਰਾ ਲੰਗਰ ਅਤੇ ਮੰਦਿਰ ਵਿੱਚ ਆਉਣ ਵਾਲੇ ਭਗਤਾਂ ਲਈ ਜੋ ਵੀ ਪ੍ਰਬੰਧ ਕੀਤੇ ਗਏ ਹਨ, ਉਹ ਅੱਗੇ ਨਾਲੋਂ ਕਾਫੀ ਚੰਗੇ ਹੋ ਗਏ ਹਨ। ਚੰਗਾ ਪ੍ਰਬੰਧ ਕਰਵਾਉਣ ਲਈ ਉਹਨਾਂ ਮੰਦਿਰ ਕਮੇਟੀ ਮੈਂਬਰ ਸੰਦੀਪ ਬੰਧੂ ਦੀ ਹੌਂਸਲਾ ਅਫਜ਼ਾਈ ਕੀਤੀ ਅਤੇ ਚੰਗੇ ਕੰਮ ਕਰਨ ਲਈ ਆਪਣਾ ਆਸ਼ਰੀਵਾਦ ਵੀ ਦਿੱਤਾ।
ਮੰਦਿਰ ਐਡਵਾਇਜ਼ਰੀ ਮੈਨੇਜਿੰਗ ਕਮੇਟੀ ਦੇ ਮੈਂਬਰ ਸੰਦੀਪ ਬੰਧੂ ਵੱਲੋਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਮੰਦਿਰ ਦੇ ਮੈਨੇਜਰ ਮਾਨਵ, ਪੁਜਾਰੀ ਚੰਦਰਪਾਲ ਕੋਸ਼ਿਕ ਅਤੇ ਹੋਰ ਕਰਮਚਾਰੀ ਵੀ ਹਾਜ਼ਰ ਸਨ।