ਡੀ. ਐਸ. ਪੀ. ਪਰਮਿੰਦਰ ਸਿੰਘ ਗਰੇਵਾਲ ਨੇ ਮੂਨਕ ਅਤੇ ਖਨੌਰੀ ਦੇ ਪਿੰਡਾਂ ਵਿੱਚ ਕੀਤੀ ਚੌਕਸੀ ਟੀਮਾਂ ਦੀ ਅਗਵਾਈ
ਡੀ. ਐਸ. ਪੀ. ਪਰਮਿੰਦਰ ਸਿੰਘ ਗਰੇਵਾਲ ਨੇ ਮੂਨਕ ਅਤੇ ਖਨੌਰੀ ਦੇ ਪਿੰਡਾਂ ਵਿੱਚ ਕੀਤੀ ਚੌਕਸੀ ਟੀਮਾਂ ਦੀ ਅਗਵਾਈ
ਪੁਲਿਸ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਿਆ
ਮੂਨਕ/ ਖਨੌਰੀ, 12 ਨਵੰਬਰ : ਐਸ. ਐਸ. ਪੀ. ਸੰਗਰੂਰ ਸਰਤਾਜ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਡੀਐਸਪੀ ਮੂਨਕ ਪਰਮਿੰਦਰ ਸਿੰਘ ਗਰੇਵਾਲ ਨੇ ਵੱਖ-ਵੱਖ ਚੌਕਸੀ ਟੀਮਾਂ ਦੀ ਅਗਵਾਈ ਕਰਦਿਆਂ ਪਿੰਡਾਂ ਵਿੱਚ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕੀਤਾ ਅਤੇ ਇਸ ਸਬੰਧੀ ਸਰਕਾਰ ਵੱਲੋਂ ਜਾਰੀ ਸਖਤ ਆਦੇਸ਼ਾਂ ਦੀ ਪਾਲਣਾ ਕਰਨ ਲਈ ਆਖਿਆ । ਡੀ. ਐਸ. ਪੀ. ਪਰਮਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਮੂਨਕ ਅਧੀਨ ਆਉਂਦੇ ਵੱਖ ਵੱਖ ਪਿੰਡਾਂ ਜਿਵੇਂ ਸੁਰਜਨ ਭੈਣੀ, ਗਨੌਟਾ, ਘਮੂਰਘਾਟ, ਰਾਮਪੁਰਾ ਗੁੱਜਰਾਂ, ਕੁਦਨੀ, ਮਨਿਆਣਾ, ਫੂਲਦ, ਮਕਰੋੜ ਸਾਹਿਬ, ਭੂੰਦੜ ਭੈਣੀ ਆਦੀ ਦਰਜਨਾ ਪਿੰਡਾਂ ਵਿੱਚ ਪੁਲਿਸ ਤੇ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਨੇ ਕਿਸਾਨਾਂ ਨਾਲ ਰਾਬਤਾ ਕਰਦੇ ਹੋਏ ਪਰਾਲੀ ਪ੍ਰਬੰਧਨ ਲਈ ਪ੍ਰੇਰਿਤ ਕੀਤਾ । ਡੀ. ਐਸ. ਪੀ. ਪਰਮਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਇਸੇ ਤਰ੍ਹਾਂ ਥਾਣਾ ਖਨੋਰੀ ਅਧੀਨ ਆਉਂਦੇ ਵੱਖ ਵੱਖ ਪਿੰਡਾਂ ਜਿਵੇਂ ਗੁਲਾੜੀ, ਭੂਲਣ, ਕਰੋਦਾ, ਚੱਠਾ ਗੋਬਿੰਦਪੁਰਾ, ਮੰਡਵੀ, ਮੰਡਵੀ ਖੁਰਦ ਵਿੱਚ ਵੀ ਜਾਗਰੂਕਤਾ ਮੁਹਿੰਮ ਜਾਰੀ ਰਹੀ ਤੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਿਆ ਗਿਆ। ਉਹਨਾਂ ਦੱਸਿਆ ਕਿ ਹਦਾਇਤਾਂ ਦੇ ਬਾਵਜੂਦ ਫਸਲਾਂ ਦੀ ਰਹਿੰਦ ਖੂਹੰਦ ਨੂੰ ਸਾੜਨ ਵਾਲਿਆਂ ਖਿਲਾਫ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ ।