ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਵੱਲੋਂ ਤੀਰਅੰਦਾਜ਼ੀ ਵਿੱਚ ਵੱਡੀਆਂ ਮੱਲਾਂ ਮਾਰਨ ਵਾਲੇ ਖਿਡਾਰੀਆਂ ਦਾ ਸਨਮਾਨ

ਦੁਆਰਾ: Punjab Bani ਪ੍ਰਕਾਸ਼ਿਤ :Friday, 15 November, 2024, 07:29 PM

ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਵੱਲੋਂ ਤੀਰਅੰਦਾਜ਼ੀ ਵਿੱਚ ਵੱਡੀਆਂ ਮੱਲਾਂ ਮਾਰਨ ਵਾਲੇ ਖਿਡਾਰੀਆਂ ਦਾ ਸਨਮਾਨ
ਡਿਪਟੀ ਕਮਿਸ਼ਨਰ ਨੇ ਯੂਨੀਵਰਸਿਟੀ ਕਾਲਜ ਅਤੇ ਪ੍ਰੋਫੈਸ਼ਨਲ ਆਰਚਰੀ ਕਲੱਬ ਦੇ ਖਿਡਾਰੀਆਂ ਦਾ ਹੌਸਲਾ ਵਧਾਇਆ
ਮੂਨਕ/ ਸੰਗਰੂਰ, 15 ਨਵੰਬਰ : ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਰਾਜ ਪੱਧਰੀ ਤੀਰ ਅੰਦਾਜੀ ਮੁਕਾਬਲਿਆਂ ਵਿੱਚ ਸ਼ਲਾਘਾਯੋਗ ਪ੍ਰਾਪਤੀਆਂ ਦਰਜ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖਿਡਾਰੀਆਂ ਵੱਲੋਂ ਨਿਰੰਤਰ ਅਭਿਆਸ ਅਤੇ ਸਖਤ ਮਿਹਨਤ ਨਾਲ ਇਹ ਪ੍ਰਾਪਤੀਆਂ ਦਰਜ ਕੀਤੀਆਂ ਗਈਆਂ ਹਨ ਜਿਸ ਲਈ ਸਾਰੇ ਖਿਡਾਰੀ ਹੀ ਵਧਾਈ ਦੇ ਪਾਤਰ ਹਨ । ਉਹਨਾਂ ਨੇ ਖਿਡਾਰੀਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ । ਯੂਨੀਵਰਸਿਟੀ ਕਾਲਜ ਅਤੇ ਪ੍ਰੋਫੈਸ਼ਨਲ ਆਰਚਰੀ ਕਲੱਬ ਦੇ ਖਿਡਾਰੀਆਂ ਦੀ ਇਸ ਪ੍ਰਾਪਤੀ ਲਈ ਡਿਪਟੀ ਕਮਿਸ਼ਨਰ ਨੇ ਉਹਨਾਂ ਦੇ ਕੋਚਾਂ ਅਤੇ ਵਿਭਾਗੀ ਸਟਾਫ ਨੂੰ ਵੀ ਮੁਬਾਰਕਬਾਦ ਦਿੱਤੀ । ਇਸ ਮੌਕੇ ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋਫੈਸਰ ਗੁਰਜੰਟ ਸਿੰਘ ਨੇ ਦੱਸਿਆ ਕਿ ਕਾਲਜ ਦੇ ਖਿਡਾਰੀਆਂ ਨੇ ਸੋਨੇ ਚਾਂਦੀ ਅਤੇ ਕਾਂਸੀ ਦੇ ਤਗਮੇ ਹਾਸਿਲ ਕਰਕੇ ਵਿਸ਼ੇਸ਼ ਪਛਾਣ ਸਥਾਪਿਤ ਕੀਤੀ ਹੈ ਅਤੇ ਭਵਿੱਖ ਵਿੱਚ ਵੀ ਇਹਨਾਂ ਖਿਡਾਰੀਆਂ ਤੋਂ ਵੱਡੀਆਂ ਆਸਾਂ ਹਨ । ਉਹਨਾਂ ਦੱਸਿਆ ਕਿ ਖਿਡਾਰੀ ਪ੍ਰਿਥੀ ਸਿੰਘ ਨੇ ਸੋਨ ਤਗਮਾ, ਹੈਪੀ ਸਿੰਘ ਨੇ ਕਾਂਸੀ ਤੇ ਦੋ ਚਾਂਦੀ ਦੇ ਤਗਮੇ, ਗਗਨਦੀਪ ਸਿੰਘ ਨੇ ਚਾਂਦੀ ਤੇ ਕਾਂਸੀ ਤਗਮਾ ਅਤੇ ਹਰਪ੍ਰੀਤ ਕੌਰ ਨੇ ਸੋਨ ਤਗਮਾ ਪ੍ਰਾਪਤ ਕੀਤਾ । ਇਸ ਮੌਕੇ ਪ੍ਰੋਫੈਸ਼ਨਲ ਆਰਚਰੀ ਕਲੱਬ ਮੂਨਕ ਦੇ ਕੋਚ ਵਿਕਰਮ ਸੈਣੀ ਨੇ ਦੱਸਿਆ ਕਿ ਖਿਡਾਰੀਆਂ ਨੇ ਰਾਜ ਪੱਧਰੀ ਟੂਰਨਾਮੈਂਟ ਵਿੱਚ ਕੁੱਲ 14 ਮੈਡਲ ਜਿੱਤੇ ਜਿਸ ਵਿੱਚ ਰਵੀ ਸੈਣੀ ਨੇ ਇੱਕ ਸੋਨ ਤਗਮਾ ਅਤੇ ਇੱਕ ਚਾਂਦੀ ਤਗਮਾ, ਬੇਅੰਤ ਕੌਰ, ਅਮੀਰ ਖ਼ਾਨ, ਸੀਮਾ ਸਿੰਗਲਾ, ਅਰਬਾਜ ਖਾਨ ਅਤੇ ਸੰਜੀਵ ਬੋਪੁਰ ਨੇ ਸੋਨੇ ਦੇ ਤਗਮੇ ਜਿੱਤ ਕੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ।