ਪੰਜਾਬੀ ਯੂਨੀਵਰਸਿਟੀ ਵਿੱਚ ‘ਵਿਸ਼ਵ ਏਡਜ਼ ਦਿਵਸ’ ਦੇ ਹਵਾਲੇ ਨਾਲ਼ ਨਸ਼ਿਆਂ ਬਾਰੇ ਕੀਤਾ ਵਿਚਾਰ-ਵਟਾਂਦਰਾ
ਪੰਜਾਬੀ ਯੂਨੀਵਰਸਿਟੀ ਵਿੱਚ ‘ਵਿਸ਼ਵ ਏਡਜ਼ ਦਿਵਸ’ ਦੇ ਹਵਾਲੇ ਨਾਲ਼ ਨਸ਼ਿਆਂ ਬਾਰੇ ਕੀਤਾ ਵਿਚਾਰ-ਵਟਾਂਦਰਾ
ਪਟਿਆਲਾ, 26 ਨਵੰਬਰ : ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰਾਲੇ ਦੇ ‘ਨਸ਼ਾ ਮੁਕਤ ਭਾਰਤ ਅਭਿਆਨ’ ਤਹਿਤ ਪੰਜਾਬੀ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਦਫ਼ਤਰ ਵੱਲੋਂ ਸੈਂਟਰ ਫ਼ਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ ਦੇ ਸਹਿਯੋਗ ਨਾਲ਼ ‘ਵਿਸ਼ਵ ਏਡਜ਼ ਦਿਵਸ’ ਮੌਕੇ ਪ੍ਰੋਗਰਾਮ ਕਰਵਾਇਆ ਗਿਆ । ‘ਨਸ਼ੇ ਦੀ ਦੁਰਵਰਤੋਂ ਅਤੇ ਐੱਚ. ਆਈ. ਵੀ’ ਵਿਸ਼ੇ ਉੱਤੇ ਕਰਵਾਏ ਗਏ ਇਸ ਸੈਮੀਨਾਰ ਵਿੱਚ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕਰਨ ਅਤੇ ਇਸ ਤਰ੍ਹਾਂ ਭਾਰਤ ਲਈ ਉੱਜਵਲ ਭਵਿੱਖ ਬਣਾਉਣ ਦੇ ਉਦੇਸ਼ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ । ਡਾ. ਜਸਵਿੰਦਰ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ, ਸਿਵਲ ਸਰਜਨ ਦਫ਼ਤਰ, ਪਟਿਆਲਾ ਅਤੇ ਡਾ. ਅਭਿਮਨਿਊ ਰਾਮਪਾਲ, ਪ੍ਰੋਜੈਕਟ ਡਾਇਰੈਕਟਰ, ਮੇਹਰ ਫਾਊਂਡੇਸ਼ਨ, ਪੰਚਕੂਲਾ ਨੇ ਇਸ ਮੌਕੇ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ । ਡੀਨ ਵਿਦਿਆਰਥੀ ਭਲਾਈ ਪ੍ਰੋ. ਮੋਨਿਕਾ ਚਾਵਲਾ ਸਵਾਗਤੀ ਸ਼ਬਦ ਬੋਲਦਿਆਂ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਕੈਂਪਸ ਵਿੱਚ ਇਸ ਪੱਖੋਂ ਅਹਿਮ ਕਦਮ ਉਠਾਏ ਜਾ ਰਹੇ ਹਨ । ਉਨ੍ਹਾਂ ਦੱਸਿਆ ਕਿ ਕੈਂਪਸ ਵਿੱਚ ਗਠਿਤ ਨਸ਼ਾ ਮੁਕਤ ਭਾਰਤ ਕਮੇਟੀ ਸਰਗਰਮ ਹੈ ਜੋ ਵੱਖ-ਵੱਖ ਗਤੀਵਿਧੀਆਂ ਕਰਦੀ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਕਮੇਟੀ ਵਿੱਚ ਡਾ.ਓਂਕਾਰ ਸਿੰਘ ਅਤੇ ਹਰਪ੍ਰੀਤ ਕੌਰ ਨੂੰ ਵਾਰਡਨ ਵਜੋਂ ਅਤੇ ਡਾ. ਰੂਬੀ ਗੁਪਤਾ ਨੂੰ ਕਾਉਂਸਲਰ ਵਜੋਂ ਸ਼ਾਮਿਲ ਕਰਦਿਆਂ ਵੱਖ-ਵੱਖ ਹੋਸਟਲਾਂ ਦੇ ਵਿਦਿਆਰਥੀ ਨੁਮਾਇੰਦਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ । ਵਧੀਕ ਡੀਨ ਵਿਦਿਆਰਥੀ ਭਲਾਈ ਡਾ. ਨੈਨਾ ਸ਼ਰਮਾ ਨੇ ਸੈਮੀਨਾਰ ਦੇ ਵਿਸ਼ੇ ਦੀ ਜਾਣ-ਪਛਾਣ ਕਰਵਾਉਂਦਿਆਂ ਇਸ ਦੇ ਵੱਖ-ਵੱਖ ਪਹਿਲੂਆਂ ਬਾਰੇ ਦੱਸਿਆ ।
ਡਾ. ਜਸਵਿੰਦਰ ਸਿੰਘ ਨੇ ਆਪਣੇ ਭਾਸ਼ਣ ਵਿੱਚ ਰਾਜਿੰਦਰਾ ਹਸਪਤਾਲ ਪਟਿਆਲਾ ਸਮੇਤ ਵੱਖ-ਵੱਖ ਨਸ਼ਾ ਮੁਕਤੀ ਕੇਂਦਰਾਂ ਅਤੇ ਹੋਰ ਸਰਕਾਰੀ ਹਸਪਤਾਲਾਂ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਜੋ ਕਿ ਇਸ ਮੁਸ਼ਕਿਲ ਵਿੱਚ ਫਸੇ ਲੋਕਾਂ ਲਈ ਇੱਕ ਮਾਰਗਦਰਸ਼ਕ ਹੋ ਸਕਦੀਆਂ ਹਨ । ਉਨ੍ਹਾਂ ਨੇ ਅਲਕੋਹਲਿਕ ਅਨੌਨੀਮਸ ਗਰੁੱਪ ਅਤੇ ਨਾਰਕੋਟਿਕਸ ਅਨੌਨੀਮਸ ਗਰੁੱਪ ਬਾਰੇ ਜ਼ਿਕਰ ਕਰਦਿਆਂ ਦੱਸਿਆ ਕਿ ਇਨ੍ਹਾਂ ਦੀਆਂ ਮੀਟਿੰਗਾਂ ਹਰ ਹਫ਼ਤੇ ਹੁੰਦੀਆਂ ਹਨ, ਜਿਨ੍ਹਾਂ ਦਾ ਮਕਸਦ ਲੋਕਾਂ ਨੂੰ ਨਸ਼ੇ ਅਤੇ ਹੋਰ ਪਦਾਰਥਾਂ ਤੋਂ ਛੁਟਕਾਰਾ ਦਿਵਾਉਣਾ ਅਤੇ ਦੁਬਾਰਾ ਇਸ ਦਿਸ਼ਾ ਵਿੱਚ ਜਾਣ ਤੋਂ ਰੋਕਣਾ ਹੈ । ਡਾ. ਅਭਿਮਨਿਊ ਰਾਮਪਾਲ ਨੇ ਆਪਣੀ ਤਾਕਤ ਅਤੇ ਹਿੰਮਤ ਦੀ ਕਹਾਣੀ ਸਾਂਝੀ ਕੀਤੀ। ਉਸਨੇ ਦੱਸਿਆ ਕਿ ਕਿਵੇਂ ਉਸਦੇ ਆਪਣੇ ਜੀਵਨ ਦੇ ਤਜ਼ਰਬਿਆਂ ਨੇ ਉਸਨੂੰ ਜੀਵਨ ਵਿੱਚ ਇੱਕ ਉਦੇਸ਼ ਦਿੱਤਾ । ਉਨ੍ਹਾਂ ਕਿਹਾ ਕਿ ਅਜਿਹੇ ਉਦੇਸ਼ ਹੀ ਸਾਨੂੰ ਗ਼ਲਤ ਰਾਹਾਂ ਤੋਂ ਹਟਾ ਕੇ ਚੰਗੇ ਰਾਹਾਂ ਵੱਲ ਤੁਰਨ ਦੀ ਹਿੰਮਤ ਪ੍ਰਦਾਨ ਕਰਦੇ ਹਨ । ਡਾ. ਰੂਬੀ ਗੁਪਤਾ ਨੇ ਮੰਚ ਸੰਚਾਲਨ ਕਰਦਿਆਂ ਦੱਸਿਆ ਕਿ ਕਿਵੇਂ ਵੱਖ-ਵੱਖ ਕਿਸਮਾਂ ਦੇ ਮਨੋਵਿਗਿਆਨਕ ਇਲਾਜ ਇਸ ਦਿਸ਼ਾ ਵਿੱਚ ਮਦਦਗਾਰ ਸਾਬਿਤ ਹੋ ਸਕਦੇ ਹਨ। ਉਸਨੇ ਮਾਨਸਿਕ ਸਿਹਤ ਦੀ ਮਹੱਤਤਾ ‘ਤੇ ਜ਼ੋਰ ਦਿੱਤਾ । ਸੈਂਟਰ ਫਾਰ ਡਿਸਟੈਂਸ ਐਂਡ ਔਨਲਾਈਨ ਐਜੂਕੇਸ਼ਨ ਦੇ ਡਾਇਰੈਟਕਟਰ ਪ੍ਰੋ. ਸਤਿਆਬੀਰ ਸਿੰਘ ਵੱਲੋਂ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ ਗਿਆ।ਸੈਮੀਨਾਰ ਵਿੱਚ ਲਗਭਗ 200 ਵਿਦਿਆਰਥੀ ਸ਼ਾਮਲ ਹੋਏ ।