ਏ. ਡੀ. ਸੀ. ਅਮਿਤ ਬੈਂਬੀ ਵੱਲੋਂ ਵਿਦਿਆਰਥੀਆਂ ਨੂੰ ਪੇਟ ਦੇ ਕੀੜੇ ਮਾਰਨ ਵਾਲੀਆਂ ਖੁਰਾਕਾਂ ਦੇਣ ਲਈ ਕੀਤੇ ਗਏ ਪ੍ਰਬੰਧਾਂ ਦੀ ਸਮੀਖਿਆ
ਏ. ਡੀ. ਸੀ. ਅਮਿਤ ਬੈਂਬੀ ਵੱਲੋਂ ਵਿਦਿਆਰਥੀਆਂ ਨੂੰ ਪੇਟ ਦੇ ਕੀੜੇ ਮਾਰਨ ਵਾਲੀਆਂ ਖੁਰਾਕਾਂ ਦੇਣ ਲਈ ਕੀਤੇ ਗਏ ਪ੍ਰਬੰਧਾਂ ਦੀ ਸਮੀਖਿਆ
ਸੰਗਰੂਰ, 27 ਨਵੰਬਰ : ਜ਼ਿਲ੍ਹਾ ਸੰਗਰੂਰ ਦੇ ਸਕੂਲਾਂ ਅਤੇ ਆਂਗਨਵਾੜੀ ਸੈਂਟਰਾਂ ਵਿੱਚ 28 ਨਵੰਬਰ ਨੂੰ ਨੈਸ਼ਨਲ ਡੀ-ਵਰਮਿੰਗ ਦਿਵਸ ਮੌਕੇ ਵਿਦਿਆਰਥੀਆਂ ਨੂੰ ਪੇਟ ਦੇ ਕੀੜੇ ਮਾਰਨ ਵਾਲੀਆਂ ਖੁਰਾਕਾਂ ਦੇਣ ਲਈ ਕੀਤੇ ਗਏ ਪ੍ਰਬੰਧਾਂ ਦੀ ਸਮੀਖਿਆ ਲਈ ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਬੈਂਬੀ ਵੱਲੋਂ ਸਬੰਧਤ ਵਿਭਾਗਾਂ ਨਾਲ ਮੀਟਿੰਗ ਕੀਤੀ ਗਈ । ਇਸ ਮੌਕੇ ਏ. ਡੀ. ਸੀ. ਅਮਿਤ ਬੈਂਬੀ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਕੇ ਸਮਾਂ ਰਹਿੰਦੇ ਦਵਾਈ ਦੀਆਂ ਖੁਰਾਕਾਂ 2 ਸਾਲ ਤੋਂ 19 ਸਾਲ ਤੱਕ ਦੇ ਵਿਦਿਆਰਥੀਆਂ ਨੂੰ ਦੇਣ ਲਈ ਪੁਖਤਾ ਪ੍ਰਬੰਧ ਕਰਨ ਦੀ ਹਦਾਇਤ ਕੀਤੀ।
ਏ. ਡੀ. ਸੀ. ਅਮਿਤ ਬੈਂਬੀ ਨੇ ਕਿਹਾ ਕਿ ਪੰਚਾਇਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਸਾਰੇ ਪਿੰਡਾਂ ਵਿੱਚ ਪੇਟ ਦੇ ਕੀੜੇ ਮਾਰਨ ਵਾਲੀ ਦਵਾਈ, ਐਲਬੇਂਡਾਜ਼ੋਲ, ਦੀ ਖੁਰਾਕ ਵਿਦਿਆਰਥੀਆਂ ਨੂੰ ਦੇਣ ਸਬੰਧੀ ਸੂਚਨਾ ਲਾਊਡਸਪੀਕਰਾਂ ਰਾਹੀਂ ਘਰ-ਘਰ ਪਹੁੰਚਾਉਣੀ ਯਕੀਨੀ ਬਣਾਉਗੇ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਸਿੱਖਿਆ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਵਿਦਿਆਰਥੀਆਂ ਨੂੰ ਇਹ ਖੁਰਾਕ ਦਵਾਉਣ ਤੋਂ ਪਹਿਲਾਂ ਇਹ ਯਕੀਨੀ ਬਣਾਉਣਗੇ ਕਿ ਬੱਚਿਆਂ ਵੱਲੋਂ ਇਹ ਦਵਾਈ ਖਾਲੀ ਪੇਟ ਨਹੀਂ ਲਈ ਜਾ ਰਹੀ । ਉਨ੍ਹਾਂ ਦੱਸਿਆ ਕਿ ਬੱਚਿਆਂ ਵਿੱਚ ਖੂਨ ਦੀ ਕਮੀ ਦਾ ਇਕ ਕਾਰਨ ਪੇਟ ਦੇ ਕੀੜੇ ਵੀ ਹਨ, ਜਿਸ ਵਿਚ ਇਸ ਦਵਾਈ ਦੇ ਕਾਫੀ ਫਾਇਦੇ ਹਨ। ਪੇਟ ਦੇ ਕੀੜਿਆਂ ਕਾਰਨ ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਵਿੱਚ ਵੀ ਰੁਕਾਵਟ ਆਉਂਦੀ ਹੈ ਅਤੇ ਐਲਬੇਂਡਾਜ਼ੋਲ ਦਵਾਈ ਦੀ ਵਰਤੋਂ ਨਾਲ ਬੱਚੇ ਦਾ ਸਹੀ ਤਰੀਕੇ ਨਾਲ ਮਾਨਸਿਕ ਅਤੇ ਸਰੀਰਿਕ ਵਿਕਾਸ ਹੁੰਦਾ ਹੈ । ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ‘ਡੀ ਵਾਰਮਿੰਗ ਡੇ’ ਸਾਲ ਵਿੱਚ 2 ਵਾਰ ਮਨਾਇਆ ਜਾਂਦਾ ਹੈ । ਜਿਹੜੇ ਬੱਚੇ 28 ਨਵੰਬਰ ਦੇ ਦਿਨ ਦਵਾਈ ਖਾਣ ਤੋਂ ਰਹਿ ਜਾਣਗੇ, ਉਨ੍ਹਾਂ ਨੂੰ 05 ਦਿਸੰਬਰ ਮੋਪ-ਅਪ ਵਾਲੇ ਦਿਨ ਦਵਾਈ ਦਿੱਤੀ ਜਾਵੇਗੀ । ਉਨ੍ਹਾਂ ਸਕੂਲਾਂ ਦੇ ਅਧਿਆਪਕਾਂ, ਆਈ. ਸੀ. ਡੀ. ਐਸ. ਵਿਭਾਗ ਅਤੇ ਬੱਚਿਆਂ ਦੇ ਮਾਪਿਆਂ ਨੂੰ ਸਿਹਤ ਵਿਭਾਗ ਦਾ ਇਸ ਮੁਹਿੰਮ ਨੂੰ ਕਾਮਯਾਬ ਬਣਾਉਣ ਵਿੱਚ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ । ਇਸ ਸਿਹਤ ਵਿਭਾਗ ਤੋਂ ਇਲਾਵਾ ਸਿੱਖਿਆ ਵਿਭਾਗ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ ।