ਪੰਜਾਬ ਦੇ ਫੋਕਲ ਪੁਆਇੰਟਾਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਕਰਾਂਗੇ: ਉਦਯੋਗ ਮੰਤਰੀ ਸੌਂਦ
ਪੰਜਾਬ ਦੇ ਫੋਕਲ ਪੁਆਇੰਟਾਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਕਰਾਂਗੇ : ਉਦਯੋਗ ਮੰਤਰੀ ਸੌਂਦ
ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਸੰਗਰੂਰ ਜ਼ਿਲ੍ਹਾ ਇੰਡਸਟਰੀ ਚੈਂਬਰ ਵਿਖੇ ਸਨਅਤਕਾਰਾਂ ਨਾਲ ਮੀਟਿੰਗ
ਪੰਜਾਬ ਦੇ ਉਦਯੋਗਾਂ ਦੀ ਉੱਨਤੀ ਤੇ ਪ੍ਰਫੁੱਲਤਾ ਲਈ ਮਾਨ ਸਰਕਾਰ ਪੂਰੀ ਸੰਜੀਦਾ ਅਤੇ ਸੁਹਿਰਦ
ਉਦਯੋਗਪਤੀਆਂ ਤੋਂ ਮਿਲੇ ਮਸ਼ਵਰੇ ਅਤੇ ਸੁਝਾਅ ਨੂੰ ਨਵੀਆਂ ਨੀਤੀਆਂ ਅਤੇ ਯੋਜਨਾਵਾਂ ਬਣਾਉਣ ਸਮੇਂ ਧਿਆਨ ਵਿਚ ਰੱਖਿਆ ਜਾਵੇਗਾ
ਸੰਗਰੂਰ, 23 ਨਵੰਬਰ : ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਸਥਾਨਕ ਸੁਨਾਮ ਰੋਡ ਸਥਿਤ ਫੋਕਲ ਪੁਆਇੰਟ ‘ਚ ਬਣੇ ਸੰਗਰੂਰ ਜ਼ਿਲ੍ਹਾ ਇੰਡਸਟਰੀ ਚੈਂਬਰ ਵਿਖੇ ਸਨਅਤਕਾਰਾਂ ਅਤੇ ਕਾਰੋਬਾਰੀਆਂ ਨਾਲ ਮੀਟਿੰਗ ਕੀਤੀ ਗਈ । ਇਸ ਮੌਕੇ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਹਰ ਪੱਖੋਂ ਉਦਯੋਗਪਤੀਆਂ ਦਾ ਸਾਥ ਦੇ ਰਹੀ ਹੈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਨਿਵੇਸ਼ ਲਈ ਪੰਜਾਬ ਦਾ ਮਾਹੌਲ ਸਾਜਗਾਰ, ਢੁਕਵਾਂ ਅਤੇ ਸ਼ਾਂਤੀਪੂਰਵਕ ਹੈ ਅਤੇ ਉਦਯੋਗਾਂ ਦੀ ਉੱਨਤੀ ਤੇ ਪ੍ਰਫੁੱਲਤਾ ਲਈ ਪੰਜਾਬ ਸਰਕਾਰ ਪੂਰੀ ਸੰਜੀਦਗੀ ਅਤੇ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀਆਂ ਨੀਤੀਆਂ ਵੀ ਉਦਯੋਗ ਪੱਖੀ ਹਨ ਅਤੇ ਛੋਟੇ ਤੇ ਦਰਮਿਆਨੇ ਉਦਯੋਗਪਤੀ ਆਪਣਾ ਕਾਰੋਬਾਰ ਅੱਜ ਹੀ ਇਕ ਹਲਫ਼ੀਆ ਬਿਆਨ ਦੇ ਕੇ ਸ਼ੁਰੂ ਕਰ ਸਕਦੇ ਹਨ ਅਤੇ ਜ਼ਰੂਰੀ ਦਸਤਾਵੇਜ਼ੀ ਪ੍ਰਕਿਿਰਆ 3 ਸਾਲਾਂ ਦੇ ਅੰਦਰ ਅੰਦਰ ਪੂਰੀ ਕੀਤੀ ਜਾ ਸਕਦੀ ਹੈ ।
ਸੌਂਦ ਨੇ ਕਿਹਾ ਕਿ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਸਥਿਤ ਫੋਕਲ ਪੁਆਇੰਟਾਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਕਰਨ ਬਾਰੇ ਕੰਮ ਚੱਲ ਰਿਹਾ ਹੈ ਅਤੇ ਪਹਿਲੇ ਪੜਾਅ ਵਿੱਚ 5 ਸ਼ਹਿਰਾਂ ਦੇ ਫੋਕਲ ਪੁਆਇੰਟਾਂ ਨੂੰ ਰੋਲ ਮਾਡਲ ਵਜੋਂ ਵਿਕਸਿਤ ਕਰਨ ਦੀ ਯੋਜਨਾ ਹੈ । ਉਨ੍ਹਾਂ ਕਿਹਾ ਕਿ ਬਹੁਤ ਛੇਤੀ ਫੋਕਲ ਪੁਆਇੰਟਾਂ ਦੀ ਨਕਸ਼ ਨੁਹਾਰ ਬਦਲ ਦਿੱਤੀ ਜਾਵੇਗੀ । ਉਦਯੋਗ ਮੰਤਰੀ ਨੇ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੇ ਉਦਯੋਗ ਮੰਤਰੀ ਵੱਜੋਂ ਅਹੁਦਾ ਸੰਭਾਲਿਆ ਹੈ, ਬਹੁਤ ਸਾਰੇ ਕਾਰੋਬਾਰੀਆਂ, ਐਸੋਸੀਏਸ਼ਨਾਂ, ਉਦਯੋਗਿਕ ਚੈਂਬਰਾ ਅਤੇ ਸਨਅਤੀ ਸਮੂਹ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰਿਆਂ ਤੋਂ ਮਿਲੇ ਮਸ਼ਵਰੇ ਅਤੇ ਸੁਝਾਅ ਨੂੰ ਨਵੀਆਂ ਨੀਤੀਆਂ ਅਤੇ ਯੋਜਨਾਵਾਂ ਬਣਾਉਣ ਸਮੇਂ ਧਿਆਨ ਵਿਚ ਰੱਖਿਆ ਜਾਵੇਗਾ । ਉਨ੍ਹਾਂ ਉਮੀਦ ਪ੍ਰਗਟਾਈ ਕਿ ਉਦਯੋਗ ਪੱਖੀ ਨੀਤੀਆਂ ਸਦਕਾ ਪੰਜਾਬ ਦਾ ਸਨਅਤੀ ਖੇਤਰ ਜਲਦ ਹੀ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇਗਾ ਅਤੇ ਹੋਰ ਜ਼ਿਆਦਾ ਨਵਾਂ ਨਿਵੇਸ਼ ਪੰਜਾਬ ਵਿੱਚ ਆਵੇਗਾ । ਮੀਟਿੰਗ ਦੌਰਾਨ ਹਲਕਾ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕੈਬਨਿਟ ਮੰਤਰੀ ਦਾ ਸੰਗਰੂਰ ਆਉਣ ਅਤੇ ਕਾਰੋਬਾਰੀਆਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਦਿੱਤੇ ਭਰੋਸੇ ਦਾ ਧੰਨਵਾਦ ਕੀਤਾ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਿਆਂਦੀਆਂ ਗਈਆਂ ਪਾਰਦਰਸ਼ੀ ਅਤੇ ਸਨਅਤ ਪੱਖੀ ਨੀਤੀਆਂ ਸਦਕਾ ਸੂਬੇ ਵਿੱਚ ਸਨਅਤੀ ਖੇਤਰ ਲਗਾਤਾਰ ਖੁਸ਼ਹਾਲ ਹੋ ਰਿਹਾ ਹੈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀ. ਆਈ. ਜੀ. ਮਨਦੀਪ ਸਿੰਘ ਸਿੱਧੂ, ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਬੈਂਬੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਖਚੈਨ ਸਿੰਘ, ਚੇਅਰਮੈਨ ਜਸਵੀਰ ਸਿੰਘ ਕੁਦਨੀ, ਚੇਅਰਮੈਨ ਦਲਬੀਰ ਸਿੰਘ ਢਿੱਲੋਂ, ਇੰਡਸਟਰੀਅਲ ਚੈਂਬਰ ਸੰਗਰੂਰ ਦੇ ਚੇਅਰਮੈਨ ਏ.ਆਰ. ਸ਼ਰਮਾ, ਘਨਸ਼ਿਆਮ ਕਾਂਸਲ, ਸੰਜੀਵ ਚੋਪੜਾ, ਸੰਜੀਵ ਸੂਦ, ਐਮ.ਪੀ. ਸਿੰਘ ਅਤੇ ਪ੍ਰੇਮ ਗੁਪਤਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੈਂਬਰ ਅਤੇ ਅਹੁਦੇਦਾਰ ਸ਼ਾਮਲ ਸਨ ।