ਸਿੱਖ ਮਰਿਆਦਾ ਦੇ ਉਲੰਘਣ ਦੇ ਮਾਮਲੇ ਦੀ ਜਾਂਚ ਰਿਪੋਰਟ ਅੱਜ ਪਹੁੰਚ ਸਕਦੀ ਹੈ ਗਿਆਨੀ ਰਘਬੀਰ ਸਿੰਘ ਤੇ ਪ੍ਰਧਾਨ ਹਰਜਿੰਦਰ ਧਾਮੀ ਕੋਲ

ਸਿੱਖ ਮਰਿਆਦਾ ਦੇ ਉਲੰਘਣ ਦੇ ਮਾਮਲੇ ਦੀ ਜਾਂਚ ਰਿਪੋਰਟ ਅੱਜ ਪਹੁੰਚ ਸਕਦੀ ਹੈ ਗਿਆਨੀ ਰਘਬੀਰ ਸਿੰਘ ਤੇ ਪ੍ਰਧਾਨ ਹਰਜਿੰਦਰ ਧਾਮੀ ਕੋਲ
ਅੰਮ੍ਰਿਤਸਰ : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ ਦੇ ਸ਼ਾਹਡੋਲ ਜਿ਼ਲ੍ਹੇ ਦੇ ਆਸ਼ਰਮ ਵਿਚ 15 ਨਵੰਬਰ ਨੂੰ ਸਿੰਧੀ ਸਮਾਜ ਨਾਲ ਸਬੰਧਤ ਭਗਤਾਂ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਰੂਪ ਧਾਰਨ ਕਰ ਕੇ ਸਿੱਖ ਮਰਿਆਦਾ ਦੇ ਉਲੰਘਣ ਦੇ ਮਾਮਲੇ ਦੀ ਜਾਂਚ ਐੱਸ. ਜੀ. ਪੀ. ਸੀ. ਕਰ ਰਹੀ ਹੈ । ਮਾਮਲੇ ਦੀ ਜਾਂਚ ਰਿਪੋਰਟ 25 ਨਵੰਬਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਤੇ ਐੱਸ. ਜੀ. ਪੀ. ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸੌਂਪੇ ਜਾਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਸਿੰਧੀ ਭਾਈਚਾਰੇ ਦੇ ਮੁਲਜ਼ਮ ਚੇਲਿਆਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਤਲਬ ਕੀਤਾ ਜਾ ਸਕਦਾ ਹੈ। ਇਸ ਦੌਰਾਨ ਜਥੇਦਾਰ ਰਘਬੀਰ ਸਿੰਘ ਸਿੰਧੀ ਸਮਾਜ ਦੇ ਧਾਰਮਿਕ ਆਗੂ ਕ੍ਰਿਸ਼ਨ ਕੁਮਾਰ ਤੇ ਬਾਬਾ ਨਾਨਕ ਦਾ ਰੂਪ ਧਾਰਨ ਕਰਨ ਵਾਲੀ ਲੜਕੀ ਤੇ ਉਸਦੇ ਵਾਰਸਾਂ ਨੂੰ ਸਖ਼ਤ ਧਾਰਮਿਕ ਸਜ਼ਾ ਦੇਣ ਦਾ ਫਰਮਾਨ ਜਾਰੀ ਕਰ ਸਕਦੇ ਹਨ। ਫ਼ਿਲਹਾਲ ਜਥੇਦਾਰ ਰਘਬੀਰ ਸਿੰਘ ਨੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਰਿਪੋਰਟ ਹਾਸਲ ਹੋਣ ਤੋਂ ਬਾਅਦ ਹੀ ਮਰਿਆਦਾ ਤੇ ਪਰੰਪਰਾਵਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ ।
