ਸੁਪਰੀਮ ਕੋਰਟ ਨੇ ਕੀਤੀ ਜਬਰ-ਜਨਾਹ ਮਾਮਲੇ ਵਿੱਚ ਮੁਲਜ਼ਮ ਅਤੇ ਮਲਿਆਲਮ ਅਦਾਕਾਰ ਸਿੱਦੀਕੀ ਦੀ ਪੇਸ਼ਗੀ ਜ਼ਮਾਨਤ ਪਟੀਸ਼ਨ ਮਨਜ਼ੂਰ

ਦੁਆਰਾ: Punjab Bani ਪ੍ਰਕਾਸ਼ਿਤ :Wednesday, 20 November, 2024, 08:38 AM

ਸੁਪਰੀਮ ਕੋਰਟ ਨੇ ਕੀਤੀ ਜਬਰ-ਜਨਾਹ ਮਾਮਲੇ ਵਿੱਚ ਮੁਲਜ਼ਮ ਅਤੇ ਮਲਿਆਲਮ ਅਦਾਕਾਰ ਸਿੱਦੀਕੀ ਦੀ ਪੇਸ਼ਗੀ ਜ਼ਮਾਨਤ ਪਟੀਸ਼ਨ ਮਨਜ਼ੂਰ
ਨਵੀਂ ਦਿੱਲੀ : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ ਨੇ ਜਬਰ-ਜਨਾਹ ਦੇ ਮਾਮਲੇ ਵਿੱਚ ਮੁਲਜ਼ਮ ਅਤੇ ਮਲਿਆਲਮ ਅਦਾਕਾਰ ਸਿੱਦੀਕੀ ਦੀ ਪੇਸ਼ਗੀ ਜ਼ਮਾਨਤ ਪਟੀਸ਼ਨ ਮਨਜ਼ੂਰ ਕਰ ਲਈ। ਜਸਟਿਸ ਬੇਲਾ ਐੱਮ. ਤ੍ਰਿਵੇਦੀ ਅਤੇ ਜਸਟਿਸ ਸਤੀਸ਼ ਚੰਦਰ ਸ਼ਰਮਾ ਦੀ ਬੈਂਚ ਨੇ ਕਿਹਾ ਕਿ ਉੱਘੇ ਅਦਾਕਾਰ ਨੂੰ ਆਪਣਾ ਪਾਸਪੋਰਟ ਜਮ੍ਹਾਂ ਕਰਵਾਉਣਾ ਹੋਵੇਗਾ ਅਤੇ ਜਾਂਚ ਅਧਿਕਾਰੀ ਦੇ ਨਾਲ ਸਹਿਯੋਗ ਕਰਨਾ ਹੋਵੇਗਾ । ਸਿਖ਼ਰਲੀ ਅਦਾਲਤ ਨੇ ਇਸ ਤੱਥ ’ਤੇ ਵੀ ਗੌਰ ਕੀਤਾ ਕਿ 2016 ਵਿੱਚ ਹੋਈ ਕਥਿਤ ਘਟਨਾ ਤੋਂ ਅੱਠ ਸਾਲ ਬਾਅਦ ਅਗਸਤ ਵਿੱਚ ਇਸ ਮਾਮਲੇ ’ਚ ਸ਼ਿਕਾਇਤ ਦਰਜ ਕੀਤੀ ਗਈ । ਅਦਾਲਤ ਨੇ ਸਿੱਦੀਕੀ ਨੂੰ 30 ਸਤੰਬਰ ਨੂੰ ਗ੍ਰਿਫ਼ਤਾਰੀ ਤੋਂ ਅੰਤਰਿਮ ਰਾਹਤ ਦਿੱਤੀ ਸੀ । ਕੇਰਲ ਪੁਲੀਸ ਨੇ ਜਾਂਚ ਵਿੱਚ ਸਿੱਦੀਕੀ ਵੱਲੋਂ ਸਹਿਯੋਗ ਨਾ ਕੀਤੇ ਜਾਣ ਦਾ ਦੋਸ਼ ਲਗਾਇਆ ਹੈ । ਕੇਰਲ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਆਪਣੀ ਸਥਿਤੀ ਰਿਪੋਰਟ ਵਿੱਚ ਦੋਸ਼ ਲਗਾਇਆ ਹੈ ਕਿ ਅਦਾਕਾਰ ਜਾਂਚ ਵਿੱਚ ਅੜਿੱਕਾ ਡਾਹ ਰਿਹਾ ਹੈ ਅਤੇ ਉਸ ਨੇ ਸੋਸ਼ਲ ਮੀਡੀਆ ’ਤੇ ਆਪਣਾ ਖਾਤਾ ਡਿਲੀਟ ਕਰਨ ਤੋਂ ਇਲਾਵਾ ਇਲੈਕਟ੍ਰੌਨਿਕ ਉਪਕਰਨਾਂ ਨੂੰ ਵੀ ਨਸ਼ਟ ਕਰ ਦਿੱਤਾ ਹੈ । ਕੇਰਲ ਹਾਈ ਕੋਰਟ ਨੇ 24 ਸਤੰਬਰ ਨੂੰ ਸਿੱਦੀਕੀ ਦੀ ਪੇਸ਼ਗੀ ਜ਼ਮਾਨਤ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ। ਅਦਾਲਤ ਨੇ ਕਿਹਾ ਸੀ ਕਿ ਸਿੱਦੀਕੀ ’ਤੇ ਲੱਗੇ ਦੋਸ਼ਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਪਰਾਧ ਦੀ ਉਚਿਤ ਜਾਂਚ ਲਈ ਉਸ ਕੋਲੋਂ ਹਿਰਾਸਤ ਵਿੱਚ ਪੁੱਛ-ਪੜਤਾਲ ਕੀਤੇ ਜਾਣ ਦੀ ਲੋੜ ਹੈ ।



Scroll to Top