ਬਰਸਾਤਾਂ ਦੇ ਮੌਸਮ 'ਚ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਜ਼ਿਲ੍ਹੇ 'ਚ ਕੰਟਰੋਲ ਰੂਮ ਸਥਾਪਤ ਡਿਪਟੀ ਕਮਿਸ਼ਨਰ
ਕੰਟਰੋਲ ਰੂਮ ਸਥਾਪਤ ਕਰ ਦਿੱਤਾ ਜਿਸ ਦਾ ਟੈਲੀਫੋਨ ਨੰਬਰ 0175-2350550 ਹੈ
ਪਟਿਆਲਾ, 22 ਜੂਨ:
ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਬਰਸਾਤਾਂ ਦੇ ਮੌਸਮ ‘ਚ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਵਾਸਤੇ ਜ਼ਿਲ੍ਹਾ ਪੱਧਰ ਦਾ ਕੰਟਰੋਲ ਰੂਮ ਸਥਾਪਤ ਕਰ ਦਿੱਤਾ ਗਿਆ ਹੈ। ਜਿਸ ਦਾ ਟੈਲੀਫੋਨ ਨੰਬਰ 0175-2350550 ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 24 ਘੰਟੇ ਚੱਲਣ ਵਾਲੇ ਫਲੱਡ ਕੰਟਰੋਲ ਰੂਮ ‘ਚ ਕਰਮਚਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਕੰਟਰੋਲ ਰੂਮ ‘ਤੇ ਆਈ ਸੂਚਨਾ ਸਬੰਧੀ ਤੁਰੰਤ ਸਬੰਧਤ ਵਿਭਾਗ ਨੂੰ ਸੂਚਿਤ ਕੀਤਾ ਜਾਵੇਗਾ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਸਬ ਡਵੀਜ਼ਨ ਪੱਧਰ ‘ਤੇ ਵੀ ਐਸ.ਡੀ.ਐਮ. ਦੀ ਅਗਵਾਈ ‘ਚ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ, ਜਿਸ ‘ਚ ਉਪ ਮੰਡਲ ਅਫ਼ਸਰ ਡਰੇਨਜ਼, ਉਪ ਕਪਤਾਨ ਪੁਲਿਸ, ਉਪ ਮੰਡਲ ਅਫ਼ਸਰ ਪੀ.ਡਬਲਿਊ.ਡੀ., ਉਪ ਮੰਡੀ ਅਫ਼ਸਰ ਮੰਡੀ ਬੋਰਡ ਅਤੇ ਬੀ.ਡੀ.ਪੀ.ਓ. ਸ਼ਾਮਲ ਹਨ, ਜੋ ਆਪਣੇ ਖੇਤਰ ‘ਚ ਬਰਸਾਤੀ ਸੀਜ਼ਨ ਦੌਰਾਨ ਹੜ੍ਹ ਵਰਗੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਟੀਮ ਦੇ ਤੌਰ ‘ਤੇ ਕੰਮ ਕਰਨਗੇ। ਇਸ ਤੋਂ ਇਲਾਵਾ ਸਬ-ਡਵੀਜ਼ਨ ਪੱਧਰ, ਨਗਰ ਨਿਗਮ ਅਤੇ ਪੀ.ਡੀ.ਏ. ਵੱਲੋਂ ਵੀ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੇਕਰ ਜ਼ਿਲ੍ਹੇ ਵਿੱਚ ਹੜ੍ਹਾਂ ਬਾਰੇ ਕੋਈ ਸੂਚਨਾ ਹੈ ਤਾਂ ਸਥਾਪਤ ਕੀਤੇ ਗਏ ਕੰਟਰੋਲ ਰੂਮ ‘ਤੇ ਤੁਰੰਤ ਜਾਣਕਾਰੀ ਸਾਂਝੀ ਕੀਤੀ ਜਾਵੇ ਅਤੇ ਜੇਕਰ ਹੜ੍ਹਾਂ ਸਬੰਧੀ ਕੋਈ ਸੂਚਨਾ ਲੈਣੀ ਹੈ ਤਾਂ ਵੀ ਉਕਤ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।