ਸਰਕਾਰ ਦੇ ਇਕ ਪਾਸੇ ਮੰਗਾਂ ਨਾ ਮੰਨਣ ਅਤੇ ਦੂਸਰੇ ਪਾਸੇ ਦਿੱਲੀ ਨਾ ਜਾਣ ਦੇ ਚਲਦਿਆਂ ਹੀ ਮਰਨ ਵਰਤ ਦਾ ਫ਼ੈਸਲਾ ਕੀਤਾ ਗਿਆ ਹੈ : ਡੱਲੇਵਾਲ
ਸਰਕਾਰ ਦੇ ਇਕ ਪਾਸੇ ਮੰਗਾਂ ਨਾ ਮੰਨਣ ਅਤੇ ਦੂਸਰੇ ਪਾਸੇ ਦਿੱਲੀ ਨਾ ਜਾਣ ਦੇ ਚਲਦਿਆਂ ਹੀ ਮਰਨ ਵਰਤ ਦਾ ਫ਼ੈਸਲਾ ਕੀਤਾ ਗਿਆ ਹੈ : ਡੱਲੇਵਾਲ
ਮਹਿਲ ਕਲਾਂ : ਕੇਂਦਰ ਸਰਕਾਰ ਵੱਲੋਂ ਕਿਸਾਨੀ ਮੰਗਾਂ ਦੇ ਹੱਕ ਨਾ ਕੀਤੇ ਜਾਣ ਦੇ ਰੋਸ ਵਜੋਂ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਦੀ ਅਗਵਾਈ ਵਿੱਚ ਖਨੌਰੀ ਬਾਰਡਰ ’ਤੇ 26 ਨਵੰਬਰ ਨੂੰ ਮਰਨ ਵਰਤ ਸ਼ੁਰੂ ਕੀਤਾ ਜਾਵੇਗਾ । ਇਹ ਗੱਲਾਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਪਿੰਡ ਵਜੀਦਕੇ ਖ਼ੁਰਦ ਵਿੱਚ ਜੱਥੇਬੰਦੀ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਉਪਰੰਤ ਕਹੀਆਂ । ਉਨ੍ਹਾਂ ਕਿਹਾ ਕਿ ਪਿਛਲੇ 9 ਮਹੀਨੇ ਤੋਂ ਵੱਧ ਸਮੇਂ ਤੋਂ ਉਹ ਬਾਰਡਰਾਂ ਉਪਰ ਬੈਠੇ ਹਨ, ਪ੍ਰੰਤੂ ਸਰਕਾਰ ਨਾ ਤਾਂ ਉਨ੍ਹਾਂ ਦੀਆਂ ਮੰਗਾਂ ਮੰਨਦੀ ਹੈ ਅਤੇ ਨਾ ਹੀ ਅੱਗੇ ਦਿੱਲੀ ਸ਼ਾਂਤਮਈ ਸੰਘਰਸ਼ ਕਰਨ ਲਈ ਜਾਣ ਦੇ ਰਹੀ ਹੈ ਜਿਸ ਕਰ ਕੇ ਉਨ੍ਹਾਂ ਨੇ ਇਹ ਤਿੱਖੇ ਸੰਘਰਸ਼ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਐੱਮਐਸਪੀ ਗਾਰੰਟੀ ਕਾਨੂੰਨ, ਡਾ. ਸਵਾਮੀਨਾਥਨ ਦੀ ਰਿਪਰੋਟ ਅਨੁਸਾਰ ਫ਼ਸਲਾਂ ਦੇ ਭਾਅ, ਕਿਸਾਨਾਂ ਦੀ ਪੂਰਨ ਕਰਜ਼ਾ ਮੁਕਤੀ, ਕਿਸਾਨਾਂ ਦੇ ਸਾਰੇ ਕੇਸ ਰੱਦ ਕਰਨ, ਲਖੀਮਪੁਰ ਖ਼ੀਰੀ ਦੇ ਇਨਸਾਫ਼, ਬਿਜਲੀ ਬਿੱਲ ਰੱਦ ਕਰਨ, ਸ਼ੁਭਕਰਨ ਦੀ ਮੌਤ ਸਬੰਧੀ ਸੇਵਾਮੁਕਤ ਜੱਜ ਦੀ ਕਮੇਟੀ ਤੋਂ ਜਾਂਚ ਕਰਵਾਉਣ ਸਮੇਤ ਹੋਰ ਮੰਗਾਂ ਸ਼ਾਮਲ ਹਨ। ਉਨ੍ਹਾਂਕਿਹਾ ਕਿ ਇਸ ਮਰਨ ਵਰਤ ਵਿੱਚ ਉਨ੍ਹਾਂ ਦੀ ਜੱਥੇਬੰਦੀ ਦੇ ਹਰ ਜ਼ਿਲ੍ਹੇ ਵਿੱਚੋਂ ਆਗੂ ਅਤੇ ਵਰਕਰ ਵੱਡੇ ਪੱਧਰ ’ਤੇ ਸ਼ਾਮਲ ਹੋਣਗੇ। ਇਹ ਸੰਘਰਸ਼ ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰੱਖਿਆ ਜਾਵੇਗਾ ਅਤੇ ਉਹ ਆਪਣੀ ਸ਼ਹਾਦਤ ਤੋਂ ਵੀ ਪਿੱਛੇ ਨਹੀਂ ਹੱਟਣਗੇ । ਸ੍ਰੀ ਡੱਲੇਵਾਲ ਨੇ ਕਿਹਾ ਕਿ ਸੂਬਾ ਸਰਕਾਰ ਵੀ ਕੇਂਦਰ ਸਰਕਾਰ ਦੀਆਂ ਨੀਤੀਆਂ ਤਹਿਤ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਸਬੰਧੀ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਝੋਨੇ ਦੀ ਫ਼ਸਲ ਸਬੰਧੀ ਕਾਟ ਲਗਾਉਣ ਵਾਲੇ ਆੜ੍ਹਤੀਆਂ ਅਤੇ ਸ਼ੈੱਲਰ ਮਾਲਕਾਂ ਵਿਰੁੱਧ ਸਖ਼ਤ ਕਾਰਵਾਈ ਦੀ ਵੀ ਮੰਗ ਕੀਤੀ ।