ਬਲਾਕ ਪਟਿਆਲਾ ਦੇ ਪਿੰਡਾਂ ਵਿਚ ਖੇਤੀਬਾੜੀ ਵਿਭਾਗ ਵੱਲੋਂ ਜਾਗਰੂਕਤਾ ਕੈਂਪ ਲਗਾਏ
ਬਲਾਕ ਪਟਿਆਲਾ ਦੇ ਪਿੰਡਾਂ ਵਿਚ ਖੇਤੀਬਾੜੀ ਵਿਭਾਗ ਵੱਲੋਂ ਜਾਗਰੂਕਤਾ ਕੈਂਪ ਲਗਾਏ
-ਪਿੰਡ ਰਣਬੀਰਪੁਰਾ, ਧਬਲਾਨ, ਲਲੋਛੀ, ਲਚਕਾਣੀ, ਬਰਸਟ, ਕਾਠਮੱਠੀ ਅਤੇ ਢਕੜੱਬਾ ਦੇ ਕਿਸਾਨਾਂ ਨੂੰ ਕੀਤਾ ਜਾਗਰੂਕ
ਪਟਿਆਲਾ, 21 ਸਤੰਬਰ:
ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐਸ.ਡੀ.ਐਮ. ਪਟਿਆਲਾ ਡਾ. ਇਸ਼ਮਤ ਵਿਜੈ ਸਿੰਘ ਦੀ ਅਗਵਾਈ ਅਤੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਨਾਮ ਸਿੰਘ ਦੀ ਪ੍ਰਧਾਨਗੀ ਹੇਠ ਬਲਾਕ ਖੇਤੀਬਾੜੀ ਅਫ਼ਸਰ ਅਵਨਿੰਦਰ ਸਿੰਘ ਮਾਨ ਵੱਲੋਂ ਬਲਾਕ ਪਟਿਆਲਾ ਦੇ ਪਿੰਡ ਰਣਬੀਰਪੁਰਾ, ਧਬਲਾਨ, ਲਲੋਛੀ, ਲਚਕਾਣੀ, ਬਰਸਟ, ਕਾਠਮੱਠੀ ਅਤੇ ਢਕੜੱਬਾ ਵਿਖੇ ਪਰਾਲੀ ਦੀ ਸਾਂਭ ਸੰਭਾਲ, ਝੋਨੇ ਦੀ ਸਿੱਧੀ ਬਿਜਾਈ, ਫ਼ਸਲੀ ਵਿਭਿੰਨਤਾ ਅਤੇ ਕਣਕ ਦੀ ਬਿਜਾਈ ਸਬੰਧੀ ਜਾਗਰੂਕਤਾ ਕੈਂਪ ਲਗਾਏ ਗਏ।
ਇਹਨਾਂ ਕੈਂਪਾਂ ਵਿਚ ਐਸ ਡੀ ਐਮ ਪਟਿਆਲਾ ਅਨੁਸਾਰ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਪਰਾਲੀ ਨੂੰ ਅੱਗ ਨਾ ਲਗਾ ਕੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ, ਮਿੱਤਰ ਕੀੜੇ ਬਚਾਉਣ ਅਤੇ ਖਾਦਾਂ ਦੀ ਵਰਤੋਂ ਘਟਾਉਣ ਵਿਚ ਆਪਣਾ ਯੋਗਦਾਨ ਪਾਉਣ। ਇਹਨਾਂ ਕੈਂਪ ਵਿਚ ਡਾ. ਅਜੈਪਾਲ ਸਿੰਘ ਬਰਾੜ, ਡਾ. ਪਰਮਜੀਤ ਕੌਰ ਅਤੇ ਡਾ. ਗੌਰਵ ਅਰੋੜਾ ਵੱਲੋਂ ਸਰਬਪੱਖੀ ਕੀਟ ਪ੍ਰਬੰਧਨ, ਗੰਨੇ ਦੀ ਕਾਸ਼ਤ ਅਤੇ ਖੇਤੀਬਾੜੀ ਵਿਭਾਗ ਦੀਆਂ ਸਕੀਮਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਪਰਾਲੀ ਦੀ ਸਾਂਭ ਸੰਭਾਲ ਲਈ ਸਬਸਿਡੀ ਉਪਰ ਦਿੱਤੀ ਗਈ ਮਸ਼ੀਨਰੀ ਬਾਰੇ ਜਾਣਕਾਰੀ ਸਾਂਝੀ ਕੀਤੀ।
ਇਹਨਾਂ ਕੈਂਪਾਂ ਵਿਚ ਅਗਾਂਹਵਧੂ ਕਿਸਾਨ ਰਾਜਮੋਹਨ ਸਿੰਘ ਕਾਲੇਕਾ, ਸਰਬਜੀਤ ਸ਼ਰਮਾ, ਸਤਨਾਮ ਸਿੰਘ, ਹਰਦੀਪ ਸਿੰਘ ਨੇ ਆਪਣੇ ਤਜਰਬੇ ਦੂਜੇ ਕਿਸਾਨਾਂ ਨਾਲ ਸਾਂਝੇ ਕੀਤੇ ਅਤੇ ਇਹਨਾਂ ਪਿੰਡਾ ਦੇ ਪੰਚਾਇਤ ਮੈਂਬਰ, ਨੰਬਰਦਾਰ, ਸਕੱਤਰ ਕੋਆਪਰੇਟਿਵ ਸੋਸਾਇਟੀ ਅਤੇ ਇਫਕੋ ਦੇ ਨਵਜੋਤ ਸਿੰਘ ਅਤੇ ਅਰਵਿੰਦਰ ਸਿੰਘ ਨੇ ਭਾਗ ਲਿਆ। ਇਹਨਾਂ ਕੈਂਪਾਂ ਵਿਚ ਖੇਤੀਬਾੜੀ ਵਿਭਾਗ ਦੇ ਅਵਿਸੇਕ ਕੁਮਾਰ, ਦਲਜਿੰਦਰ ਸਿੰਘ ਅਤੇ ਹੋਰ ਕਰਮਚਾਰੀਆਂ ਨੇ ਵੀ ਭਾਗ ਲਿਆ।