ਡਿਪਟੀ ਕਮਿਸ਼ਨਰ ਵੱਲੋਂ ਫੀਲਖਾਨਾ ਸਕੂਲ ਆਫ਼ ਐਮੀਨੈਂਸ ਦੇ ਚੱਲ ਰਹੇ ਕੰਮ ਦਾ ਜਾਇਜ਼ਾ
ਡਿਪਟੀ ਕਮਿਸ਼ਨਰ ਵੱਲੋਂ ਫੀਲਖਾਨਾ ਸਕੂਲ ਆਫ਼ ਐਮੀਨੈਂਸ ਦੇ ਚੱਲ ਰਹੇ ਕੰਮ ਦਾ ਜਾਇਜ਼ਾ
-ਕਿਹਾ ਸਕੂਲ ਆਫ਼ ਐਮੀਨੈਂਸ ਪੰਜਾਬ ਸਰਕਾਰ ਦੀ ਵੱਡੀ ਪਹਿਲਕਦਮੀ, ਬੱਚੇ ਅਜਿਹੇ ਸਕੂਲਾਂ ‘ਚ ਪੜ੍ਹਕੇ ਮਾਣ ਮਹਿਸੂਸ ਕਰਨਗੇ
ਪਟਿਆਲਾ, 19 ਸਤੰਬਰ:
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਬਣਾਏ ਜਾ ਰਹੇ ਸਕੂਲ ਆਫ਼ ਐਮੀਨੈਂਸ ਫੀਲਖਾਨਾ ਵਿਖੇ ਚੱਲ ਰਹੇ ਨਵੀਨੀਕਰਨ ਦੇ ਕੰਮ ਦਾ ਜਾਇਜ਼ਾ ਲਿਆ। ਸਾਕਸ਼ੀ ਸਾਹਨੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਟਿਆਲਾ ਸ਼ਹਿਰ ਦੇ ਸਮਾਰਟ ਸਕੂਲ ਫੀਲਖਾਨਾ ਨੂੰ ਸਕੂਲ ਆਫ਼ ਐਮੀਨੈਂਸ ਬਣਾਉਣ ਦਾ ਐਲਾਨ ਕੀਤਾ ਗਿਆ ਸੀ, ਜਿਸ ਲਈ ਇਸਨੂੰ ਅਪਗ੍ਰੇਡ ਕਰਨ ਲਈ ਫੰਡ ਜਾਰੀ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਵੀ ਗੱਲਬਾਤ ਕੀਤੀ ਤੇ ਪੜ੍ਹਾਈ ਦੇ ਪੱਧਰ ‘ਤੇ ਸੰਤੁਸ਼ਟੀ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਇਸ ਸਕੂਲ ਵਿਖੇ 3500 ਦੇ ਕਰੀਬ ਵਿਦਿਆਰਥੀ ਦੋ ਸ਼ਿਫਟਾਂ ਵਿੱਚ ਪੜ੍ਹਦੇ ਹਨ, ਜਿਨ੍ਹਾਂ ਲਈ ਹੋਰ ਕਲਾਸਰੂਮਜ਼ ਤਿਆਰ ਕਰਵਾਕੇ ਇਸਨੂੰ ਇੱਕ ਸ਼ਿਫਟ ਵਿੱਚ ਚਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਿੱਖਿਆ ਸੰਸਥਾ ਨੂੰ ਅਤਿਉਤਮ ਦਰਜੇ ਦੀ ਸੰਸਥਾ ਵਜੋਂ ਵਿਕਸਤ ਕਰਨ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਸਕੂਲ ਆਫ਼ ਐਮੀਨੈਂਸ ਪੰਜਾਬ ਸਰਕਾਰ ਦੀ ਇੱਕ ਬਹੁਤ ਵੱਡੀ ਪਹਿਲਕਦਮੀ ਹੈ ਅਤੇ ਇਹ ਨਿਜੀ ਸਕੂਲਾਂ ਨੂੰ ਮਾਤ ਪਾਵੇਗਾ ਇੱਥੇ ਆਰਟੀਫਿਸ਼ਲ ਇੰਟੈਲੀਜੈਂਸ, ਰੋਬੋਟਿਕਸ, ਸਮਾਰਟ ਕਲਾਸ, ਇੰਟਰੈਕਟਿਵ ਬੋਰਡਜ਼, ਖੇਡ ਦੇ ਮੈਦਾਨ, ਸਕੂਲ ਬੱਸਾਂ ਦੀ ਸਹੂਲਤ ਆਦਿ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇੱਥੇ ਪੜ੍ਹਦੇ ਬੱਚਿਆਂ ਨੂੰ ਮਾਣ ਮਹਿਸੂਸ ਹੋਵੇਗਾ ਕਿ ਉਹ ਅਜਿਹੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਅਨੁਪ੍ਰਿਤਾ ਜੌਹਲ, ਪੰਚਾਇਤੀ ਰਾਜ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਗੁਰਮੀਤ ਸਿੰਘ, ਐਸ.ਡੀ.ਓ. ਅਮਨਦੀਪ ਕੌਰ, ਡਿਪਟੀ ਡੀ.ਈ.ਓਜ ਰਵਿੰਦਰ ਪਾਲ ਸਿੰਘ ਤੇ ਮਨਵਿੰਦਰ ਕੌਰ ਭੁੱਲਰ ਸਮੇਤ ਸਕੂਲ ਦੇ ਮੁਖੀ ਰਜਨੀਸ਼ ਗੁਪਤਾ ਨਾਲ ਮੀਟਿੰਗ ਕਰਕੇ ਚੱਲ ਰਹੇ ਕੰਮ ‘ਚ ਤੇਜੀ ਲਿਆਉਣ ਦੇ ਆਦੇਸ਼ ਦਿੱਤੇ।