ਪੰਜਾਬ ਟੂਰਿਜ਼ਮ ਸਮਿਟ ਤੇ ਟਰੈਵਲ ਮਾਰਟ: ਦਿਨ -2
ਪੰਜਾਬ ਟੂਰਿਜ਼ਮ ਸਮਿਟ ਤੇ ਟਰੈਵਲ ਮਾਰਟ: ਦਿਨ -2
ਪੰਜਾਬ ਦੇ ਸੱਭਿਆਚਾਰ ਤੇ ਸੈਰ ਸਪਾਟਾ ਸਥਾਨਾਂ ਨੂੰ ਰੂਪਮਾਨ ਕਰਦੀਆਂ ਸਟਾਲਾਂ ਬਣੀਆਂ ਖਿੱਚ ਦਾ ਕੇਂਦਰ
ਪੰਜਾਬੀ ਸੱਭਿਆਚਾਰ ਦੀ ਵਿਆਪਕ ਪੇਸ਼ਕਾਰੀ
ਲੋਕਾਂ ਵੱਲੋਂ ਸਰਕਾਰ ਦੇ ਉਪਰਾਲੇ ਦੀ ਭਰਵੀਂ ਸ਼ਲਾਘਾ
360 ਡਿਗਰੀ ਅਕਾਰ ਵਾਲਾ ਇਮਰਸਿਵ ਥੀਏਟਰ ਵੀ ਲੋਕਾਂ ਲਈ ਖਿੱਚ ਦਾ ਵੱਡਾ ਕੇਂਦਰ ਬਣਿਆ
ਪੰਜਾਬ ਸਰਕਾਰ ਦੇ ਨਿਵੇਕਲੇ ਉਪਰਾਲੇ ਨਾਲ ਐਮਿਟੀ ਯੂਨੀਵਰਸਿਟੀ ਦੇ ਵਿਹੜੇ ਲੱਗੀਆਂ ਰੌਣਕਾਂ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 12 ਸਤੰਬਰ, 2023:
ਪੰਜਾਬ ਦੇ ਸੱਭਿਆਚਾਰ ਅਤੇ ਸੈਰ ਸਪਾਟਾ ਥਾਵਾਂ ਨੂੰ ਦੁਨੀਆ ਭਰ ਚ ਉਭਾਰਨ ਦੇ ਮੰਤਵ ਨਾਲ ਅਤੇ ਸੂਬੇ ਚ ਸੈਰ ਸਪਾਟਾ ਸਨਅਤ ਦੀਆਂ ਸੰਭਾਵਨਾਵਾਂ ਨੂੰ ਹੋਰ ਮਜ਼ਬੂਤ ਕਰਨ ਦੇ ਮੰਤਵ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਐਮਿਟੀ ਯੂਨੀਵਰਸਿਟੀ, ਸੈਕਟਰ 82- ਏ ਵਿਖੇ ਪੰਜਾਬ ਟੂਰਿਜ਼ਮ ਸਮਿਟ ਤੇ ਟਰੈਵਲ ਮਾਰਟ, ਦੇ ਦੂਸਰੇ ਦਿਨ ਪੰਜਾਬੀ ਪੇਂਡੂ ਜਨਜੀਵਨ ਦੀ ਝਲਕ, ਸੱਭਿਆਚਾਰਕ ਗਤੀਵਿਧੀਆਂ, ਵੱਖੋ-ਵੱਖ ਸਟਾਲਾਂ ਤੇ ਪ੍ਰਦਰਸ਼ਨੀਆਂ ਆਮ ਲੋਕਾਂ ਲਈ ਖਿੱਚ ਦਾ ਕੇਂਦਰ ਬਣੀਆਂ ਤੇ ਲੋਕਾਂ ਵੱਲੋਂ ਪੰਜਾਬ ਸਰਕਾਰ ਦੇ ਉਪਰਾਲੇ ਦੀ ਭਰਵੀਂ ਸ਼ਲਾਘਾ ਕੀਤੀ ਗਈ।
ਜ਼ਿਕਰਯੋਗ ਹੈ ਕਿ ਇਸ ਉਪਰਾਲੇ ਤਹਿਤ ਚਰਖੇ ਨਾਲ ਸੂਤ ਕੱਤਣ, ਨਾਲੇ ਤੇ ਪੀੜ੍ਹੀਆਂ ਬੁਣਨ, ਮਧਾਣੀਆਂ ਰਿੜਕਣ, ਪੱਖੀਆਂ ਝੱਲਣ, ਚੱਕੀਆਂ ਨਾਲ ਹੱਥੀਂ ਆਟਾ ਪੀਹਣ ਨੂੰ ਅਮਲੀ ਰੂਪ ਵਿਚ ਪ੍ਰਦਰਸ਼ਿਤ ਕੀਤਾ ਗਿਆ ਤੇ ਲੋਕਾਂ ਨੇ ਖੁਦ ਇਹਨਾਂ ਗਤੀਵਿਧੀਆਂ ਨੂੰ ਆਪਣੇ ਹੱਥੀਂ ਕਰ ਕੇ ਅਮੀਰ ਪੰਜਾਬੀ ਵਿਰਸੇ ਨੂੰ ਮਾਣਿਆ।
ਇਸੇ ਮਾਰਟ ਵਿਚ ਮਲਵਈ ਗਿੱਧੇ ਦੀ ਟੀਮ ਲਗਾਤਾਰ ਆਪਣੇ ਫ਼ਨ ਦਾ ਮੁਜ਼ਾਹਰਾ ਕਰਦੀ ਰਹੀ ਤੇ ਮਾਰਟ ਵੇਖਣ ਪੁੱਜੇ ਨੌਜਵਾਨ ਮੁੰਡੇ ਕੁੜੀਆਂ ਮਲਵਈ ਗਿੱਧੇ ਦੀਆਂ ਬੋਲੀਆਂ ਤੇ ਸਾਜ਼ਾਂ ਨੂੰ ਮਾਣਦੇ ਤੇ ਨੱਚਦੇ ਵੇਖੇ ਗਏ।
ਇਥੇ ਹੀ ਮੱਕੀ ਦੇ ਰੋਟੀ, ਸਾਗ, ਮੱਖਣ ਤੇ ਲੱਸੀ ਦਾ ਵੀ ਲੋਕਾਂ ਨੇ ਰੱਜ ਕੇ ਅਨੰਦ ਮਾਣਿਆ। ਇਸ ਮੌਕੇ ਵੇਰਕਾ, ਮਾਰਕਫੈੱਡ ਤੇ ਪੰਜਾਬ ਐਗਰੋ ਵਰਗੇ ਸਰਕਾਰੀ ਅਦਾਰੇ ਵੀ ਆਪਣੀਆਂ ਖੁਰਾਕੀ ਵਸਤਾਂ ਲੈਕੇ ਪੁੱਜੇ, ਜਿਨ੍ਹਾਂ ਦੀ ਲੋਕਾਂ ਨੇ ਰੱਜ ਕੇ ਖਰੀਦਾਰੀ ਕੀਤੀ।
ਟਰੈਵਲ ਮਾਰਟ ਵਿਚ ਪੰਜਾਬ ਲਘੂ ਉਦਯੋਗ ਨਿਰਯਾਤ ਨਿਗਮ (ਸਮਾਲ ਇੰਡਸਟਰੀ ਐਕਸਪੋਰਟ ਕਾਰਪੋਰੇਸ਼ਨ) ਅਤੇ ਵੱਖੋ ਵੱਖ ਸੈੱਲਫ਼ ਹੈਲਪ ਗਰੁੱਪਾਂ ਵੱਲੋਂ ਫੁਲਕਾਰੀਆਂ, ਦੁਪੱਟੇ ਤੇ ਹੋਰ ਕਪੜਿਆਂ ਤੇ ਪੰਜਾਬੀ ਜੁੱਤੀਆਂ ਦੇ ਸਟਾਲਾਂ ਸਮੇਤ ਵਿਆਹ- ਸ਼ਾਦੀਆਂ ‘ਤੇ ਉਚੇਚੇ ਤੌਰ ਉੱਤੇ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਦੇ ਲੱਗੇ ਸਟਾਲ ਖਿੱਚ ਦਾ ਕੇਂਦਰ ਰਹੇ।
ਇਸ ਮੌਕੇ ਟੂਰਿਜ਼ਮ ਸਨਅਤ ਵਿਚਲੇ ਵਪਾਰਕ ਅਦਾਰਿਆਂ, ਸੰਸਥਾਵਾਂ ਤੇ ਹੋਟਲਾਂ ਵਲੋਂ ਵੀ ਆਪਣੇ ਸਟਾਲ ਸਥਾਪਤ ਕੀਤੇ ਗਏ, ਜਿਨ੍ਹਾਂ ਵਲੋਂ ਪੰਜਾਬ ਵਿੱਚ ਸੈਰ ਸਪਾਟੇ ਦੀਆਂ ਥਾਵਾਂ ਤੇ ਰਿਹਾਇਸ਼ ਬਾਬਤ ਆਪਣੇ ਪੈਕੇਜਿਜ਼ ਬਾਰੇ ਜਾਣਕਾਰੀ ਦਿੱਤੀ ਗਈ ਤੇ ਮਾਰਟ ਵਿਚ ਪੁੱਜੇ ਲੋਕਾਂ ਨੇ ਮੌਕੇ ਉੱਤੇ ਹੀ ਉਹ ਪੈਕੇਜਿਜ਼ ਖਰੀਦੇ ਵੀ।
ਟੂਰਿਜ਼ਮ ਸਨਅਤ ਵਿਚਲੇ ਵਪਾਰਕ ਅਦਾਰਿਆਂ ਤੇ ਹੋਟਲਾਂ ਵਲੋਂ ਵੀ ਸਥਾਪਤ ਕੀਤੇ ਸਟਾਲਾਂ ਵਿਚ ਸਾਡਾ ਪਿੰਡ, ਕੰਫਰਟ ਹੋਟਲ ਸ੍ਰੀ ਅੰਮ੍ਰਿਤਸਰ, ਪੰਜਾਬ ਇਨਫਰਾਸਟ੍ਰਕਚਰ ਡਿਵੈਲਪਮੈਂਟ ਬੋਰਡ, ਦਿ ਕਿੱਕਰ ਲੌਜ, ਰੇਅਰ ਇੰਡੀਆ, ਦੁਨੀਆ ਘੂਮੋ, ਦਿ ਵਿੰਡ ਫਲਾਰ ਰਿਜ਼ੌਰਟ, ਦਿ ਪਾਰਕ ਹੋਟਲਜ਼ ਸਮੇਤ ਵੱਖੋ ਵੱਖ ਅਦਾਰਿਆਂ ਦੇ ਸਟਾਲਾਂ ਵਿਚ ਲੋਕਾਂ ਨੇ ਭਰਵੀਂ ਸ਼ਮੂਲੀਅਤ ਕੀਤੀ।
ਇਸ ਸਭ ਦੇ ਨਾਲੋ ਨਾਲ 360 ਡਿਗਰੀ ਅਕਾਰ ਵਾਲਾ ਇਮਰਸਿਵ ਥੀਏਟਰ ਵੀ ਲੋਕਾਂ ਲਈ ਖਿੱਚ ਦਾ ਵੱਡਾ ਕੇਂਦਰ ਬਣਿਆ। ਇਸ ਵਿਚ ਵੱਖੋ ਵੱਖ ਸ਼ਾਰਟ ਫਿਲਮਾਂ, ਡਾਕੂਮੈਂਟਰੀਜ਼ ਤੇ ਵੀਡਿਓ ਕਲਿਪਸ ਨਾਲ ਪੰਜਾਬ ਵਿੱਚ ਸੈਰ ਸਪਾਟੇ ਦੀਆਂ ਥਾਵਾਂ, ਸਹੂਲਤਾਂ ਤੇ ਸੰਭਾਵਨਾਵਾਂ ਨੂੰ ਬਾਖੂਬੀ ਪੇਸ਼ ਕੀਤਾ ਗਿਆ।
ਪੰਜਾਬ ਸਰਕਾਰ ਦੀ ਇਸ ਪਹਿਲਕਦਮੀ ਨੇ
ਐਮਿਟੀ ਯੂਨੀਵਰਸਿਟੀ ਦੇ ਵਿਹੜੇ ਰੌਣਕਾਂ ਲਾਉਂਦਿਆਂ ਪੰਜਾਬ ਵਾਸੀਆਂ ਦੇ ਦਿਲਾਂ ਉੱਤੇ ਅਮਿਟ ਛਾਪ ਛੱਡੀ।
ਟਰੈਵਲ ਮਾਰਟ ਵਿਚ ਪੰਜਾਬੀ ਸੂਟਾਂ ਅਤੇ ਜੁੱਤੀਆਂ ਦੀ ਸਟਾਲ ਲਗਾਉਣ ਵਾਲੇ ਪਟਿਆਲਾ ਦੇ ਹਿਊਸ ਆਫ਼ ਇਨਾਹੀ ਸੈਲਫ਼ ਹੈਲਪ ਗਰੁੱਪ ਦੇ ਨੂਪਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਰਵਾਇਆ ਗਿਆ ਇਹ ਸਮਿਟ ਨਾਲ ਪੰਜਾਬ ਦੇ ਸੈਰ ਸਪਾਟੇ ਨੂੰ ਲਾਭ ਮਿਲੇਗਾ ਉਸਦੇ ਨਾਲ ਹੀ ਸੈਲਫ਼ ਹੈਲਪ ਗਰੁੱਪਾਂ ਨੂੰ ਵੀ ਵੱਡਾ ਲਾਭ ਮਿਲੇਗਾ, ਕਿਉਂ ਜੋ ਸਮਿਟ ਵਿਚ ਦੇਸ਼ਾਂ-ਵਿਦੇਸ਼ਾਂ ਤੋਂ ਆਏ ਲੋਕਾਂ ਨੇ ਸਾਡੇ ਉਤਪਾਦਾਂ ਨੂੰ ਬਹੁਤ ਸਲਾਹਿਆ ਹੈ।
ਇਸੇ ਤਰ੍ਹਾਂ ਏਕਤਾ ਸੈਲਫ ਹੈਲਪ ਗਰੁੱਪ ਦੇ ਜਗਦੇਵ ਸਿੰਘ ਜ਼ੋ ਕਿ ਸੰਗਰੂਰ ਜ਼ਿਲ੍ਹੇ ਦੇ ਸਤੋਜ ਪਿੰਡ ਵਿੱਚ ਵੱਖ ਤਰ੍ਹਾਂ ਦੇ ਤੇਲ ਕੱਢ ਕੇ ਵੇਚਣ ਦਾ ਕੰਮ ਕਰਦੇ ਹਨ, ਨੇ ਕਿਹਾ ਕਿ ਇਸ ਪ੍ਰੋਗਰਾਮ ਸਦਕੇ ਉਸਨੇ ਦੇਸ਼ ਦੇ ਦੂਜੇ ਰਾਜਾਂ ਤੋਂ ਬਹੁਤ ਸਾਰੇ ਆਰਡਰ ਪ੍ਰਾਪਤ ਹੋਏ ਹਨ। ਜਿਸ ਤੋਂ ਉਤਸ਼ਾਹਿਤ ਹੋ ਕੇ ਉਨ੍ਹਾਂ ਨੇ ਆਪਣਾ ਕੰਮ ਆਨਲਾਈਨ ਪਲੇਟਫਾਰਮ ਤੇ ਵੀ ਲਿਆਉਣ ਦਾ ਫੈਸਲਾ ਕੀਤਾ ਹੈ।
ਮਹਿਲਾ ਮੋਰਚਾ ਸੈਲਫ ਹੈਲਪ ਗਰੁੱਪ ਮੁਹਾਲੀ ਦੀ ਵੰਦਨਾ ਭਾਰਦਵਾਜ ਨੇ ਕਿਹਾ ਕਿ ਉਨ੍ਹਾਂ ਨੇ ਸਾਗ,ਮੱਕੀ ਦੀ ਰੋਟੀ, ਖੀਰ ਮਾਲ ਪੂੜੇ,ਕੜੀ ਚਾਵਲ,ਗੁੜ ਸ਼ੱਕਰ ਅਤੇ ਸੇਵੀਆਂ ਦਾ ਸਟਾਲ ਲਗਾਇਆ ਸੀ ਨੇ ਦੱਸਿਆ ਕਿ ਉਨ੍ਹਾਂ ਉਮੀਦ ਨਾਲੋਂ ਵੱਧ ਲੋਕਾਂ ਤੋਂ ਪਿਆਰ ਮਿਲਿਆ ਹੈ। ਦੂਸਰੇ ਸੂਬਿਆਂ ਤੋਂ ਆਏ ਲੋਕਾਂ ਨੇ ਸਾਗ ਅਤੇ ਮੱਕੀ ਦੀ ਰੋਟੀ ਨੂੰ ਬਹੁਤ ਸੁਆਦ ਨਾਲ ਖਾਂਦਾ।
ਇਸੇ ਤਰ੍ਹਾਂ ਆਪਣੇ ਜੀਵਨ ਦਾ ਪਹਿਲਾ ਸਟਾਲ ਲਗਾਉਣ ਵਾਲੀ ਸੰਗਰੂਰ ਜ਼ਿਲ੍ਹੇ ਦੇ ਗੱਗੜਪੁਰ ਦੀ ਰਹਿਣ ਵਾਲੀ ਬਾਬਾ ਦੀਪ ਸਿੰਘ ਸੈਲਫ ਹੈਲਪ ਗਰੁੱਪ ਦੀ ਜਸਬੀਰ ਕੌਰ ਜਿਸਨੇ ਮਠਿਆਈਆਂ ਅਤੇ ਬਿਸਕੁਟਾਂ ਦਾ ਵਪਾਰ ਸ਼ੁਰੂ ਕੀਤਾ ਹੈ ਨੇ ਦੱਸਿਆ ਕਿ ਉਹ ਜਿੰਨਾ ਸਮਾਨ ਲਿਆਏ ਸੀ ਉਹ ਅੱਜ ਸਵੇਰੇ ਹੀ ਵਿਕ ਗਿਆ ਅਤੇ ਜ਼ੋ ਉਹ ਸਮਾਨ ਲੋਕਾਂ ਨੂੰ ਸਵਾਦ ਦਿਖਾਉਣ ਲਈ ਅਲੱਗ ਤੋਂ ਲਿਆਏ ਸਨ ਉਸ ਸਦਕੇ ਹੀ ਉਨ੍ਹਾਂ ਨੂੰ ਬਹੁਤ ਆਰਡਰ ਮਿਲ ਗਏ ਹਨ ਜਿਨ੍ਹਾਂ ਨੂੰ ਉਹ ਅਗਲੇ ਦਿਨਾਂ ਵਿਚ ਡਾਕ ਰਾਹੀਂ ਭੇਜਣਗੇ।