ਜੌੜਾਮਾਜਰਾ ਨੇ ਸਮਾਣਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਨਵੇਂ ਕਮਰੇ ਤੇ ਗੇਟ ਦਾ ਉਦਘਾਟਨ ਕੀਤਾ
ਜੌੜਾਮਾਜਰਾ ਨੇ ਸਮਾਣਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਨਵੇਂ ਕਮਰੇ ਤੇ ਗੇਟ ਦਾ ਉਦਘਾਟਨ ਕੀਤਾ
-ਕਿਹਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਪੰਜਾਬ ਸਿੱਖਿਆ ਦੀ ਕਰਾਂਤੀ ਵੱਲ ਵੱਧ ਰਿਹਾ ਹੈ
ਸਮਾਣਾ, 15 ਸਤੰਬਰ:
ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸਰਕਾਰੀ ਐਲੀਮੈਂਟਰੀ ਸਕੂਲ ਸਮਾਣਾ ਵਿਖੇ ਨਵੇਂ ਬਣਾਏ ਗਏ ਕਮਰੇ ਅਤੇ ਗੇਟ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨੇ ਸਕੂਲੀ ਵਿਦਿਆਰਥੀਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮਨ ਲਗਾ ਕੇ ਪੜਨ ਲਈ ਪ੍ਰੇਰਤ ਕੀਤਾ।
ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਕੂਲ ਸਿੱਖਿਆ ਦੇ ਵਿਕਾਸ ਲਈ 1600 ਕਰੋੜ ਰੁਪਏ ਦੀ ਲਾਗਤ ਵਾਲੇ ਵੱਡੇ ਪ੍ਰਾਜੈਕਟਾਂ ਦਾ ਆਗਾਜ਼ ਕੀਤਾ ਗਿਆ ਹੈ। ਸੂਬੇ ਦੇ ਸਿੱਖਿਆ ਖੇਤਰ ਵਿੱਚ ਇਕ ਹੋਰ ਵੱਡੀ ਪਹਿਲਕਦਮੀ ਕਰਦਿਆਂ ਪੰਜਾਬ ਸਰਕਾਰ ਵੱਲੋਂ ਸਕੂਲ ਸਿੱਖਿਆ ਦੀ ਮੁਕੰਮਲ ਤੌਰ ਉਤੇ ਕਾਇਆ ਕਲਪ ਕਰਨ ਲਈ ਵੱਡੇ ਪ੍ਰਾਜੈਕਟ ਤਹਿਤ 7000 ਤੋਂ ਵੱਧ ਸਕੂਲਾਂ ਦੀ ਚਾਰਦੀਵਾਰੀ ਕਰਨ ਲਈ 358 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਸਕੂਲਾਂ ਵਿੱਚ ਬੈਂਚਾਂ ਤੇ ਹੋਰ ਫਰਨੀਚਰ ਉਤੇ 25 ਕਰੋੜ ਰੁਪਏ ਅਤੇ ਵਾਸ਼ਰੂਮਾਂ ਉਤੇ 60 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ 10,000 ਨਵੇਂ ਕਲਾਸ ਰੂਮ ਬਣਾਉਣ ਲਈ 800 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਜਿਨ੍ਹਾਂ ਦਾ ਕੰਮ ਚੱਲ ਰਿਹਾ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਸਕੂਲੀ ਵਿਦਿਆਰਥੀਆਂ ਖਾਸ ਤੌਰ ਉਤੇ ਲੜਕੀਆਂ ਦੀ ਆਵਾਜਾਈ ਦੀ ਸਹੂਲਤ ਲਈ ਸਕੂਲਾਂ ਵਿੱਚ ਬੱਸ ਸੇਵਾ ਸ਼ੁਰੂ ਕੀਤੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਅਜਿਹਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ, ਜਿਥੇ ਹਰੇਕ ਸਰਕਾਰੀ ਸਕੂਲਾਂ ਵਿਚ ਵਾਈ-ਫਾਈ ਕੁਨੈਕਸ਼ਨ ਦੀ ਸਹੂਲਤ ਹੋਵੇਗੀ। ਉਨ੍ਹਾਂ ਕਿਹਾ ਕਿ ਸਕੂਲ ਆਫ਼ ਐਮੀਨੈਂਸ ਦੀ ਸ਼ੁਰੂਆਤ ਸਿੱਖਿਆ ਦੇ ਖੇਤਰ ਵਿੱਚ ਇਕ ਹੋਰ ਇਤਿਹਾਸਕ ਉਪਰਾਲਾ ਹੈ ਅਤੇ ਇਹ ਸਕੂਲ ਯਕੀਨਨ ਤੌਰ ਉਤੇ ਮੀਲ ਪੱਥਰ ਸਾਬਤ ਹੋਣਗੇ।ਸਕੂਲ ਮੁਖੀ ਜਸਵਿੰਦਰ ਸਿੰਘ ਨੇ ਕੈਬਨਿਟ ਮੰਤਰੀ ਦਾ ਸਵਾਗਤ ਕੀਤਾ।
ਇਸ ਮੌਕੇ ਪੀ.ਏ. ਗੁਰਦੇਵ ਸਿੰਘ ਟਿਵਾਣਾ, ਓ.ਐਸ.ਡੀ. ਐਡਵੋਕੇਟ ਗੁਲਜ਼ਾਰ ਸਿੰਘ ਵਿਰਕ, ਹਲਕਾ ਇੰਚਾਰਜ ਬਲਕਾਰ ਸਿੰਘ ਗੱਜੂਮਾਜਰਾ, ਅਗਰਵਾਲ ਧਰਮਸ਼ਾਲਾ ਪ੍ਰਧਾਨ ਮਦਨ ਮਿੱਤਲ, ਸੁਰਜੀਤ ਸਿੰਘ ਦਈਆ ਤੇ ਸੁਨੈਨਾ ਮਿੱਤਲ ਜਦੋਂਕਿ ਸਕੂਲੀ ਵਿਦਿਆਰਥੀ ਤੇ ਸਟਾਫ਼ ਮੌਜੂਦ ਸੀ।