ਪਰਾਲੀ ਪ੍ਰਬੰਧਨ ਲਈ ’ਸਰਫੇਸ ਸੀਡਰ’ ਮਸ਼ੀਨ ਕਿਸਾਨਾਂ ਲਈ ਸਬਸਿਡੀ ਉੱਪਰ ਉਪਲਬਧ: ਡਿਪਟੀ ਕਮਿਸ਼ਨਰ
ਪਰਾਲੀ ਪ੍ਰਬੰਧਨ ਲਈ ’ਸਰਫੇਸ ਸੀਡਰ’ ਮਸ਼ੀਨ ਕਿਸਾਨਾਂ ਲਈ ਸਬਸਿਡੀ ਉੱਪਰ ਉਪਲਬਧ: ਡਿਪਟੀ ਕਮਿਸ਼ਨਰ
-ਕਿਸਾਨ ਪਰਾਲੀ ਪ੍ਰਬੰਧਨ ਲਈ ਨਵੀਂਆਂ ਤਕਨੀਕਾਂ ਅਪਣਾਉਣ
ਪਟਿਆਲਾ, 6 ਸਤੰਬਰ:
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਫ਼ਸਲਾਂ ਦੀ ਰਹਿੰਦ ਖੂੰਹਦ ਦਾ ਪ੍ਰਬੰਧ ਬਿਹਤਰ ਢੰਗ ਨਾਲ ਕਰਨ ਲਈ ਵਾਤਾਵਰਣ ਪੱਖੀ ਮਸ਼ੀਨ ’ਸਰਫੇਸ ਸੀਡਰ’ ਬਾਰੇ ਦੱਸਦਿਆਂ ਕਿਸਾਨਾਂ/ਮੁੱਢਲੀਆਂ ਖੇਤੀਬਾੜੀ ਸਹਿਕਾਰੀ ਸਭਾਵਾਂ/ਰਜਿਸਟਰਡ ਕਿਸਾਨ ਗਰੁੱਪਾਂ/ਐਫ.ਪੀ.ਓ./ਪੰਚਾਇਤਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਦੇ ਪੋਰਟਲ agrimachinerypb.com ਉੱਪਰ ਮਿਤੀ 10 ਸਤੰਬਰ 2023 ਤੱਕ ਅਪਲਾਈ ਕਰਕੇ ਸਬਸਿਡੀ ਦਾ ਲਾਭ ਪ੍ਰਾਪਤ ਕਰਨ ਅਤੇ ਵਾਤਾਵਰਣ ਨੂੰ ਸ਼ੁੱਧ ਰੱਖਣ ਵਿਚ ਆਪਣਾ ਯੋਗਦਾਨ ਪਾਉਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਮਸ਼ੀਨ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੁਆਰ ਵਿਕਸਤ ਕੀਤੀ ਗਈ ਹੈ ਅਤੇ ਵੱਖ-ਵੱਖ ਥਾਵਾਂ ਤੇ ਇਸ ਦੇ ਟਰਾਇਲ ਵੀ ਕੀਤੇ ਗਏ ਹਨ ਅਤੇ ਇਸ ਮਸ਼ੀਨ ਨੂੰ ਸਪਲਾਈ ਕਰਨ ਲਈ ਮੈਨੂਫੈਕਚਰਜ਼ ਨੂੰ ਸੂਚੀਬੱਧ ਕਰਨ ਦਾ ਕੰਮ ਵੀ ਪੀ.ਏ.ਯੂ. ਵੱਲੋਂ ਕੀਤਾ ਗਿਆ ਹੈ। ਇਹ ਮਸ਼ੀਨ ਪਰਾਲੀ ਨੂੰ ਬਿਨਾਂ ਅੱਗ ਲਗਾਏ ਅਤੇ ਵਾਹੇ ਬਹੁਤ ਸਸਤੇ ਅਤੇ ਵਾਤਾਵਰਣ ਪੱਖੀ ਤਰੀਕੇ ਨਾਲ ਕਣਕ ਦੀ ਬਿਜਾਈ ਕਰਦੀ ਹੈ। ਉਹਨਾਂ ਦੱਸਿਆ ਕਿ ਇਹ ਮਸ਼ੀਨ ਝੋਨੇ, ਬਾਸਮਤੀ ਦੀ ਕਟਾਈ ਤੋਂ ਇਕਦਮ ਬਾਅਦ ਹੀ ਸੁੱਕੇ ਵੱਤਰ ਵਿਚ ਇਕੋਵਾਰ ਬੀਜ, ਖਾਦ ਕੇਰ ਕੇ ਉੱਪਰ ਲੋੜ ਮੁਤਾਬਿਕ ਇਕਸਾਰ ਪਰਾਲੀ ਖਿਲਾਰ ਕੇ ਮੱਲਚਿੰਗ ਕਰ ਦਿੰਦੀ ਹੈ ਅਤੇ ਉਸ ਤੋਂ ਬਾਅਦ ਹਲਕਾ ਪਾਣੀ ਲਗਾ ਕੇ 40 ਦਿਨਾਂ ਤੱਕ ਕਿਸਾਨ ਫ਼ਰੀ ਰਹਿੰਦਾ ਹੈ। ਇਸ ਵਿਧੀ ਦੀ ਵਰਤੋਂ ਨਾਲ ਨਾ ਖੇਤ ਵਿਚ ਨਦੀਨ ਉੱਗਦਾ ਹੈ, ਨਾ ਫ਼ਸਲ ਨੂੰ ਸੋਕਾ ਲਗਦਾ ਹੈ, ਪਰਾਲੀ ਗਲ ਕੇ ਖਾਦ ਬਣ ਜਾਂਦੀ ਹੈ ਅਤੇ ਘੱਟ ਪਾਣੀ ਨਾਲ ਕਣਕ ਪਲ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਇਹ ਮਸ਼ੀਨ 45 ਹਾਰਸਪਾਵਰ ਟਰੈਕਟਰ ਨਾਲ ਚੱਲ ਸਕਦੀ ਹੈ ਅਤੇ ਇੱਕ ਘੰਟੇ ਵਿਚ 1.5 ਏਕੜ ਵਿਚ ਕਣਕ ਦੀ ਬਿਜਾਈ ਕਰ ਦਿੰਦੀ ਹੈ ਅਤੇ ਇੱਕ ਏਕੜ ਲਈ ਸਿਰਫ਼ 700-800 ਰੁਪਏ ਦਾ ਖਰਚਾ ਕਣਕ ਦੀ ਬਿਜਾਈ ਤੇ ਆਉਂਦਾ ਹੈ। ਡਿਪਟੀ ਕਮਿਸ਼ਨਰ ਪਟਿਆਲਾ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਅਨੁਸਾਰ ਝੋਨੇ ਦੀ ਖੇਤ ਨੂੰ ਅਖੀਰਲਾ ਪਾਣੀ ਇਸ ਤਰ੍ਹਾਂ ਲਗਾਓ ਤਾਂ ਕਿ ਕਟਾਈ ਸਮੇਂ ਖੇਤ ਖ਼ੁਸ਼ਕ ਹੋਵੇ ਤਾਂ ਕਿ ਕੰਬਾਈਨ ਦੇ ਟਾਇਰਾਂ ਦੀਆਂ ਪੈੜਾਂ ਨਾ ਪੈਣ। ਡਿਪਟੀ ਕਮਿਸ਼ਨਰ ਪਟਿਆਲਾ ਨੇ ਦੱਸਿਆ ਕਿ 80,000 ਰੁਪਏ ਦੀ ਕੀਮਤ ਵਾਲੀ ਇਸ ਮਸ਼ੀਨ ਉੱਤੇ ਵਿਅਕਤੀਗਤ ਕਿਸਾਨਾਂ ਨੂੰ 40,000 ਰੁਪਏ ਅਤੇ ਕਸਟਮ ਹਾਈ ਰਿੰਗ ਸੈਂਟਰ ਲਈ 64,000 ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਦੁਆਰਾ ਇਸ ਮਸ਼ੀਨ ਲਈ ਦਿੱਤੇ ਗਏ ਟਾਰਗੈਟ ਅਨੁਸਾਰ ਅਰਜ਼ੀਆਂ ਪ੍ਰਾਪਤ ਕੀਤੀਆਂ ਜਾ ਰਹੀਆਂ ਹਨ ਅਤੇ ਫਿਜ਼ੀਕਲ ਵੈਰੀਫਿਕੇਸ਼ਨ ਉਪਰੰਤ ਸਬਸਿਡੀ ਜਾਰੀ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਸੂਬਾ ਸਰਕਾਰ ਵੱਡੇ ਪੱਧਰ ਇਕੱਠੀ ਹੁੰਦੀ ਫ਼ਸਲਾਂ ਦੀ ਰਹਿੰਦ ਖੂੰਹਦ ਬੁਨਿਆਦੀ ਢਾਂਚੇ ਨੂੰ ਸਥਾਪਿਤ ਅਤੇ ਮਜ਼ਬੂਤ ਕਰਨ, ਗੱਠਾਂ ਬੰਨ੍ਹਣ, ਢੋਆ-ਢੁਆਈ ਅਤੇ ਭੰਡਾਰਨ ਦੀਆਂ ਸਹੂਲਤਾਂ ਲਈ ਅਹਿਮ ਕਦਮ ਚੁੱਕ ਰਹੀ ਹੈ। ਇਸੇ ਤਹਿਤ ਜ਼ਿਲ੍ਹਾ ਪਟਿਆਲਾ ਵਿਚ ਸਥਾਪਿਤ ਹੋਣ ਵਾਲੀਆਂ ਉਦਯੋਗਿਕ ਇਕਾਈਆਂ ਜਿਵੇਂ ਕਿ ਥਰਮਲ ਪਲਾਟਾਂ, ਬਾਇਓ ਸੀ.ਐਨ.ਜੀ., ਬਾਇਓ ਈਥਾਨੋਲ ਆਦਿ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ।