ਗੁਰਦੁਆਰਾ ਮੈਨੇਜਮੈਂਟ ਕੋਰਸ ਕਰ ਰਹੇ ਵਿਦਿਆਰਥੀਆਂ ਦਾ ਕਰਵਾਇਆ ਇਕ ਰੋਜ਼ਾ ਖੇਡ ਮੁਕਾਬਲਾ

ਦੁਆਰਾ: Punjab Bani ਪ੍ਰਕਾਸ਼ਿਤ :Friday, 25 August, 2023, 06:55 PM

ਗੁਰਦੁਆਰਾ ਮੈਨੇਜਮੈਂਟ ਕੋਰਸ ਕਰ ਰਹੇ ਵਿਦਿਆਰਥੀਆਂ ਦਾ ਕਰਵਾਇਆ ਇਕ ਰੋਜ਼ਾ ਖੇਡ ਮੁਕਾਬਲਾ
ਗੱਤਕੇ ਮੁਕਾਬਲਿਆਂ ਸਮੇਤ ਖੇਡ ’ਚ ਵਿਦਿਆਰਥੀਆਂ ਨੇ ਕੀਤਾ ਪ੍ਰਦਰਸ਼ਨ
ਬਹਾਦਰਗੜ੍ਹ/ਪਟਿਆਲਾ 26 ਅਗਸਤ ()
ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਅਡਵਾਂਸਡ ਸਟੱਡੀਜ ਇਨ ਸਿਖਇਜਮ, ਬਹਾਦਰਗੜ੍ਹ (ਪਟਿਆਲਾ) ਵਿਖੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਸ੍ਰੀ ਫਤਹਿਗੜ੍ਹ ਸਾਹਿਬ’ ਵਲੋਂ ‘ਬੈਚੁਲਰ ਆਫ ਮੈਨੇਜਮੈਂਟ ਸਟੱਡੀਜ (ਗੁਰਦੁਆਰਾ ਮੈਨੇਜਮੈਂਟ)’ ਅਤੇ ‘ਬੈਚੁਲਰ ਆਫ ਆਰਟਸ ਇਨ ਗੁਰਮੁਖੀ ਐਜੂਕੇਸ਼ਨ’ ਦੇ ਦੋ ਕੋਰਸ ਚੱਲ ਰਹੇ ਹਨ। ਇੰਸਟੀਚਿਊਟ ਵਿਚ ਯੂਨੀਵਰਸਿਟੀ ਦੇ ਐਨ.ਐਸ.ਐਸ. ਯੂਨਿਟ ਵਲੋਂ ਵਿਦਿਆਰਥੀਆਂ ਦਾ ਇਕ ਰੋਜ਼ਾ ਖੇਡ ਮੁਕਾਬਲਾ ਕਰਵਾਇਆ ਗਿਆ। ਇਸ ਵਿਚ ਤੇਜ਼ ਦੌੜ, ਲੈਮਨ ਸਪੂਨ ਰੇਸ, ਸੈਕ ਰੇਸ, ਬੈਡਮਿੰਟਨ, ਵਾਲੀਬਾਲ ਦੇ ਮੁਕਾਬਲੇ ਹੋਏ ਅਤੇ ਅਖੀਰ ਵਿਚ ਗੱਤਕੇ ਦਾ ਪ੍ਰਦਰਸ਼ਨ ਕੀਤਾ ਗਿਆ।
ਖੇਡ ਮੁਕਾਬਲਿਆਂ ਦੀ ਸਮਾਪਤੀ ਤੋਂ ਬਾਅਦ ਇੰਸਟੀਚਿਊਟ ਵਿਖੇ ਐਨ.ਐਸ.ਐਸ. ਦੇ ਇੰਚਾਰਜ ਪ੍ਰੋ. ਹਰਮੀਤ ਕੌਰ ਨੇ ਆਖਿਆ ਕਿ ਖੇਡ ਮੁਕਾਬਲਿਆਂ ਵਿਚ ਜਿੱਤ-ਹਾਰ ਨਾਲੋਂ ਵੀ ਵਧੇਰੇ ਸ਼ਮੂਲੀਅਤ ਕਰਨਾ ਅਹਿਮ ਹੁੰਦਾ ਹੈ। ਖੇਡਾਂ, ਚੰਗੀ ਸਿਹਤ ਅਤੇ ਲੰਮੀ ਉਮਰ ਦਾ ਰਾਜ਼ ਹਨ। ਸਾਰੇ ਵਿਦਿਆਰਥੀਆਂ ਨੇ ਕਿਰਿਆਸ਼ੀਲ, ਤੰਦਰੁਸਤ ਜੀਵਨਸ਼ੈਲੀ ਜਿਊਣ ਦਾ, ਰੋਜ਼ਾਨਾ 30 ਮਿੰਟ ਸਿਹਤ ਨੂੰ ਦੇਣ ਦਾ, ਆਪਣੇ ਪਰਿਵਾਰ, ਦੋਸਤਾਂ, ਗੁਆਂਢੀਆਂ ਨੂੰ ਚੰਗੀ ਸਿਹਤ ਲਈ ਜਾਗਰੂਕ ਕਰਨ ਦਾ ਅਤੇ ‘ਫਿੱਟ ਇੰਡੀਆ’ ਐਪ ਰਾਹੀਂ ਨਿਰੰਤਰ ਫਿਟਨੈੱਸ ਮੁਲਾਂਕਣ ਕਰਨ ਦਾ ਪ੍ਰਣ ਲਿਆ। ਇੰਸਟੀਚਿਊਟ ਦੇ ਡਾਇਰੈਕਟਰ ਡਾ. ਚਮਕੌਰ ਸਿੰਘ ਨੇ ਸਾਰੇ ਵਿਦਿਆਰਥੀਆਂ ਨੂੰ ਖੇਡ ਮੁਕਾਬਲਿਆਂ ਵਿਚ ਸ਼ਾਮਲ ਹੋਣ ਲਈ ਮੁਬਾਰਕਬਾਦ ਦਿੱਤੀ। ਉਨ੍ਹਾਂ ਆਖਿਆ ਕਿ ਸਿਹਤ ‘ਵਾਹਿਗੁਰੂ’ ਵਲੋਂ ਦਿੱਤੀ ਕੀਮਤੀ ਦਾਤ ਹੈ। ਅਸੀਂ ਦੁਨਿਆਵੀ ਕੰਮਾਂ-ਕਾਰਾਂ ਦੇ ਨਾਲ ਨਾਲ ਸਿਹਤ ਪ੍ਰਤੀ ਹਮੇਸ਼ਾ ਜਾਗਰੂਕ ਰਹਿਣਾ ਹੈ। ਇਸ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।