ਮਨਰੇਗਾ ਵਿੱਚ ਲੋਕਤੰਤਰ ਦੀ ਬਹਾਲੀ ਲਈ ਇਕੱਤਰ ਹੋਏ ਹਜ਼ਾਰਾਂ ਮਜ਼ਦੂਰ

ਦੁਆਰਾ: Punjab Bani ਪ੍ਰਕਾਸ਼ਿਤ :Friday, 25 August, 2023, 06:26 PM

ਮਨਰੇਗਾ ਵਿੱਚ ਲੋਕਤੰਤਰ ਦੀ ਬਹਾਲੀ ਲਈ ਇਕੱਤਰ ਹੋਏ ਹਜ਼ਾਰਾਂ ਮਜ਼ਦੂਰ
ਪੰਚਾਇਤ ਮੰਤਰੀ ਨਾਲ ਮੀਟਿੰਗ ਦਾ ਵਾਅਦਾ ਮਿਲਣ ਤੇ ਧਰਨਾ ਸਮਾਪਤ
ਪਟਿਆਲਾ- ਪਟਿਆਲਾ ਜ਼ਿਲ੍ਹੇ ਦੇ ਸੈਂਕੜੇ ਪਿੰਡਾਂ ਵਿੱਚੋਂ ਅੱਜ ਹਜ਼ਾਰਾਂ ਮਜ਼ਦੂਰਾਂ ਨੇ ਅਨਾਜ ਮੰਡੀ ਆਕੇ ਧਰਨਾ ਦਿੱਤਾ। ਡੈਮੋਕ੍ਰੇਟਿਕ ਮਨਰੇਗਾ ਫਰੰਟ ਦੇ ਅਗਵਾਈ ਵਿੱਚ ਮਜ਼ਦੂਰਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਉੱਪਰ ਅਨੇਕਾਂ ਸਵਾਲ ਖੜੇ ਕੀਤੇ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਮਨਰੇਗਾ ਕਾਨੂੰਨ ਮੁਤਾਬਕ ਕੰਮ ਨਾ ਮਿਲਣ ਦੀ ਸੂਰਤ ਵਿੱਚ ਬੇਰੁਜ਼ਗਾਰੀ ਭੱਤਾ ਵੀ ਨਾ ਦੇ ਕੇ ਸਰਕਾਰ ਵੱਲੋਂ ਹੀ ਕਾਨੂੰਨ ਦੀ ਉਲੰਘਣਾ ਕੀਤੇ ਜਾਣ ਦੀ ਗੱਲ ਆਖੀ ਗਈ।
ਮਨਰੇਗਾ ਬੀਬੀਆਂ ਦੀ ਬਹੁਤਾਤ ਨਾਲ ਲਬਾਲਬ ਭਰੇ ਪੰਡਾਲ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਰਾਜ ਕੁਮਾਰ ਕਨਸੂਹਾ, ਸੂਬਾ ਸਕੱਤਰ ਹਰਦੀਪ ਕੌਰ ਪਾਲੀਆ ਨੇ ਕਿਹਾ ਕਿ ਪ੍ਰਸ਼ਾਸਨ ਆਏ ਦਿਨ ਆਪ ਹੀ ਗੈਰ ਕਾਨੂੰਨੀ ਹਥਕੰਡੇ ਆਪਣਾ ਕੇ ਮਨਰੇਗਾ ਵਿੱਚ ਲੋਕਤੰਤਰ ਦਾ ਗਲਾ ਘੋਟਦਾ ਹੈ। ਲੋਕਾਂ ਰਾਏ ਨੂੰ ਸ਼ਾਮਲ ਕਰਕੇ ਲੋਕਾਂ ਦੀ ਲੋੜ ਅਨੁਸਾਰ ਪ੍ਰੋਜੈਕਟ ਬਣਾਉਣ ਦੀ ਥਾਂ ਜਾਅਲੀ ਗ੍ਰਾਮ ਸਭਾਵਾਂ ਵਿੱਚ ਜਾਅਲੀ ਪ੍ਰੋਜੈਕਟ ਬਣਾ ਕੇ ਪ੍ਰਸ਼ਾਸਨ ਕਾਨੂੰਨ ਦੀ ਰੂਹ ਹੀ ਮਾਰ ਦਿੰਦਾ ਹੈ। ਸ਼ਿਕਾਇਤਾਂ ਮਿਲਣ ਤੇ ਡੀਸੀ ਪਟਿਆਲਾ ਨੇ ਇੱਕ ਜੀ ਆਰ ਐਸ ਬਰਖਾਸਤ ਕੀਤਾ ਤਾਂ ਉਸਦੀ ਕੋਈ ਕਮਜ਼ੋਰ ਨਸ ਦੱਬ ਕੇ ਖਾਮੋਸ਼ ਕਰ ਦਿੱਤਾ। ਨਤੀਜਾ ਇਹ ਹੋਇਆ ਕਿ ਕਾਨੂੰਨ ਅਨੁਸਾਰ ਕੰਮ ਮੰਗਣ ਵਾਲੇ ਮਜ਼ਦੂਰਾਂ ਨੂੰ ਨਿਸ਼ਾਨਾ ਬਣਾਉਣ ਲੱਗ ਗਏ।
ਇਸ ਮੌਕੇ ਜਿਲਾ ਪ੍ਰਧਾਨ ਕੁਲਵਿੰਦਰ ਕੌਰ ਰਾਮਗੜ੍ਹ ਰਮਨਜੋਤ ਬਾਬਰਪੁਰ ਨੇ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਪ੍ਰਸ਼ਾਸਨ ਕਰਤੂਤਾਂ ਦੀ ਚਰਚਾ ਘਰ ਘਰ ਤੱਕ ਪਹੁੰਚਾਉਣ ਤਾਂਕਿ ਲੋਕਾਂ ਨੂੰ ਸਰਕਾਰ ਦੇ ਪੋਸਟਰਾਂ ਦੀ ਹਕੀਕਤ ਦਾ ਪਤਾ ਲੱਗ ਜਾਵੇ। ਇਸ ਮੌਕੇ ਏਡੀਸੀ(ਡੀ)ਅਤੇ ਐਸ ਪੀ ਉਪਰੇਸ਼ਨਲ ਨੇ ਮੰਚ ਤੇ ਆਕੇ ਲੋਕਾਂ ਨੂੰ ਪੰਚਾਇਤ ਮੰਤਰੀ ਨਾਲ ਮੀਟਿੰਗ ਕਰਾਉਣ ਦਾ ਭਰੋਸਾ ਦਿਵਾਇਆ। ਜਿਸ ਪਿੱਛੋ ਇਹ ਧਰਨਾ ਸਮਾਪਤ ਕੀਤਾ ਗਿਆ। ਇਸ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਲਖਵੀਰ ਲਾਡੀ ,ਕਸ਼ਮੀਰ ਥੂਹੀ ਬਲਜੀਤ ਸਿੰਘ ਚੌਂਦਾ, ਰਾਜ ਕੌਰ ਥੂਹੀ, ਕਿ੍ਸ਼ਨ ਲੁਬਾਣਾ, ਸੰਦੀਪ ਖੇੜੀ ਗੌੜੀਆਂ,ਸੁਖਵੰਤ ਸਿੰਘ ਫਤਹਿਪੁਰ , ਕੁਲਵੰਤ ਥੂਹੀ ਅਤੇ ਆਈ ਡੀ ਪੀ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਧਨੇਠਾ,ਕਰਨੈਲ ਜਖੇਪਲ, ਹਮੀਰ ਸਿੰਘ, ਗੁਰਮੀਤ ਸਿੰਘ ਥੂਹੀ ਆਦਿ ਨੇ ਸਰਗਰਮ ਸ਼ਮੂਲੀਅਤ ਕੀਤੀ।