ਯੁਵਕ ਸੇਵਾਵਾਂ ਵਿਭਾਗ ਪਟਿਆਲਾ ਨੇ ਰੈੱਡ ਰਿਬਨ ਕਲੱਬਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ
ਯੁਵਕ ਸੇਵਾਵਾਂ ਵਿਭਾਗ ਪਟਿਆਲਾ ਨੇ ਰੈੱਡ ਰਿਬਨ ਕਲੱਬਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ
ਮੁਕਾਬਲਿਆਂ ਦਾ ਮਕਸਦ ਨੌਜਵਾਨਾਂ ਨੂੰ ਐਚ.ਆਈ.ਵੀ/ਏਡਜ਼ ਵਰਗੀਆਂ ਭਿਆਨਕ ਅਲਾਮਤਾਂ ਤੋਂ ਬਚਾਉਣਾ: ਸਹਾਇਕ ਡਾਇਰੈਕਟਰ
ਪਟਿਆਲਾ, 25 ਅਗਸਤ:
ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪਟਿਆਲਾ ਡਾ. ਦਿਲਵਰ ਸਿੰਘ ਵੱਲੋਂ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੇ ਸਹਿਯੋਗ ਨਾਲ ਪਟਿਆਲਾ ਦੇ 60 ਕਾਲਜਾਂ ਦੇ ਰੈੱਡ ਰਿਬਨ ਵਿਦਿਆਰਥੀਆਂ ਦੇ ਡਰਾਮਾ ਅਤੇ ਕਲੱਸਟਰ ਪੱਧਰ (ਪਟਿਆਲਾ, ਸੰਗਰੂਰ, ਫ਼ਤਿਹਗੜ੍ਹ ਸਾਹਿਬ, ਮਲੇਰਕੋਟਲਾ) ਤੇ ਰੀਲ ਮੇਕਿੰਗ ਮੁਕਾਬਲੇ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵਿਖੇ ਕਰਵਾਏ ਗਏ।
ਇਸ ਮੌਕੇ ਸਹਾਇਕ ਡਾਇਰੈਕਟਰ ਡਾ. ਦਿਲਵਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦਾ ਮਕਸਦ ਨੌਜਵਾਨਾਂ ਨੂੰ ਸਮਾਜਿਕ ਅਲਾਮਤਾਂ ਤੋਂ ਬਚਾਉਣਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮਾਰੂ ਪ੍ਰਭਾਵ, ਏਡਜ਼, ਸਵੈਇੱਛਕ ਖ਼ੂਨਦਾਨ ਅਤੇ ਟੀ.ਬੀ. ਸਬੰਧੀ ਪਾੜਿਆਂ ਨੂੰ ਮੁੱਢਲੀ ਜਾਣਕਾਰੀ ਦੇਣ ਦੇ ਮਕਸਦ ਹਿੱਤ ਰੈੱਡ ਰਿਬਨ ਕਲੱਬ ਕੰਮ ਕਰਦੇ ਹਨ। ਇਸੇ ਸਿਲਸਿਲੇ ਤਹਿਤ ਹੀ ਅੱਜ ਇਹ ਮੁਕਾਬਲੇ ਕਰਵਾਏ ਗਏ।
ਮੁਲਤਾਨੀ ਮਲ ਮੋਦੀ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਅਤੇ ਰੈੱਡ ਰੀਬਨ ਕਲੱਬ ਦੇ ਨੋਡਲ ਅਫ਼ਸਰ ਡਾ. ਰਾਜੀਵ ਕੁਮਾਰ ਨੇ ਇਸ ਮੌਕੇ ਕੁੰਜੀਵਤ ਭਾਸ਼ਣ ਦਿੱਤਾ ਅਤੇ ਵਿਦਿਆਰਥੀਆਂ ਨੂੰ ਆਪਣੇ ਪੀਅਰ ਗਰੁੱਪ ਵਿੱਚ ਸਮੱਸਿਆਵਾਂ ਨੂੰ ਵਿਚਾਰਨ ਅਤੇ ਉਨ੍ਹਾਂ ਦੇ ਸਮਾਧਨ ਲਈ ਸੰਸਥਾ ਪੱਧਰ ਤੇ ਯੋਜਨਾਵਾਂ ਬਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵੱਖ-ਵੱਖ ਕਾਲਜਾਂ ਦੇ ਨੋਡਲ ਅਫ਼ਸਰ ਰੈੱਡ ਰਿਬਨ ਕਲੱਬ ਵੀ ਹਾਜ਼ਰ ਸਨ। ਡਰਾਮਾ ਮੁਕਾਬਲਿਆਂ ਵਿੱਚ ਪਹਿਲੀ ਪੁਜ਼ੀਸ਼ਨ ਮੁਲਤਾਨੀ ਮਲ ਮੋਦੀ ਕਾਲਜ ਪਟਿਆਲਾ, ਦੂਜੀ ਪੁਜ਼ੀਸ਼ਨ ਖ਼ਾਲਸਾ ਕਾਲਜ ਪਟਿਆਲਾ ਅਤੇ ਤੀਜੀ ਪੁਜ਼ੀਸ਼ਨ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਨੇ ਹਾਸਲ ਕੀਤੀ।
ਕਲੱਸਟਰ ਪੱਧਰ ਤੇ ਰੀਲ ਮੇਕਿੰਗ ਮੁਕਾਬਲਿਆਂ ਵਿੱਚ ਖ਼ਾਲਸਾ ਕਾਲਜ ਪਟਿਆਲਾ ਨੇ ਪਹਿਲਾਂ ਮਾਤਾ ਗੁਜਰੀ ਕਾਲਜ ਫ਼ਤਿਹਗੜ੍ਹ ਸਾਹਿਬ ਨੇ ਦੂਜਾ ਅਤੇ ਯੂਨੀਵਰਸਿਟੀ ਕਾਲਜ ਮੀਰਾਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪਹਿਲੀਆਂ ਤਿੰਨ ਪੁਜ਼ੀਸ਼ਨਾਂ ਦੇ ਜੇਤੂਆਂ ਨੂੰ ਇਨਾਮ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਉਹਨਾਂ ਨੇ ਦੱਸਿਆ ਕਿ ਪਹਿਲੀ ਪੁਜ਼ੀਸ਼ਨ ਹਾਸਲ ਕਰਨ ਵਾਲੇ ਡਰਾਮਾ ਟੀਮ ਅਤੇ ਰੀਲ ਮੇਕਿੰਗ ਭਾਗੀਦਾਰ ਵਿਦਿਆਰਥੀ ਸਟੇਟ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣਗੇ। ਇਸ ਮੌਕੇ ਕਾਕਾ ਰਾਮ ਵਰਮਾ, ਯਾਦਵਿੰਦਰ ਸਿੰਘ ਵਿਰਕ, ਅੰਮ੍ਰਿਤਪਾਲ ਸਿੰਘ, ਤਰਸੇਮ ਸਿੰਘ, ਅਵਤਾਰ ਸਿੰਘ, ਹਰਮੀਤ ਸਿੰਘ,ਆਦਿ ਸ਼ਾਮਿਲ ਸਨ।