ਡਿਪਟੀ ਕਮਿਸ਼ਨਰ ਵੱਲੋਂ ਬੈਂਕਾਂ ਦੀ ਸੁਰੱਖਿਆ ਤੇ ਕਾਰਜਪ੍ਰਣਾਲੀ ਦਾ ਜਾਇਜ਼ਾ
ਡਿਪਟੀ ਕਮਿਸ਼ਨਰ ਵੱਲੋਂ ਬੈਂਕਾਂ ਦੀ ਸੁਰੱਖਿਆ ਤੇ ਕਾਰਜਪ੍ਰਣਾਲੀ ਦਾ ਜਾਇਜ਼ਾ
-ਬੈਂਕ ਸਰਕਾਰੀ ਸਕੀਮਾਂ ਵਾਲੇ ਕਰਜ਼ੇ ਦੇ ਕੇਸਾਂ ਦੇ ਲੰਬਿਤ ਮਾਮਲਿਆਂ ਦਾ ਤੁਰੰਤ ਨਿਪਟਾਰਾ ਕਰਨ : ਸਾਕਸ਼ੀ ਸਾਹਨੀ
-ਕਿਹਾ, ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਲਾਭ ਹਰੇਕ ਯੋਗ ਲਾਭਪਾਤਰੀ ਤੱਕ ਪੁੱਜਦਾ ਕਰਨ ਲਈ ਬੈਂਕ ਆਪਣੀ ਜ਼ਿੰਮੇਵਾਰੀ ਨਿਭਾਉਣ
ਪਟਿਆਲਾ, 24 ਅਗਸਤ:
ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਅੰਦਰ ਬੈਂਕਿੰਗ ਸੇਵਾਵਾਂ ਪ੍ਰਦਾਨ ਕਰ ਰਹੇ ਸਮੁੱਚੇ ਬੈਂਕਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੀਆਂ ਬੈਂਕਾਂ ‘ਚ ਲੋਕਾਂ ਨਾਲ ਸਬੰਧਤ ਲੰਬਿਤ ਚੱਲੇ ਆ ਰਹੇ ਮਾਮਲਿਆਂ ਦਾ ਤੁਰੰਤ ਨਿਪਟਾਰਾ ਕਰਨ ਅਤੇ ਹਰੇਕ ਹਫ਼ਤੇ ਲੰਬਿਤ ਪਏ ਕਰਜ਼ੇ ਦੇ ਕੇਸਾਂ ਦੀ ਸਮੀਖਿਆ ਕੀਤੀ ਜਾਵੇ। ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲੀਡ ਬੈਂਕ ਵੱਲੋਂ ਜ਼ਿਲ੍ਹੇ ਦੇ ਬੈਂਕਾਂ ਦੀ ਕਰਵਾਈ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਾਕਸ਼ੀ ਸਾਹਨੀ ਵੱਲੋਂ ਕਰਜਿਆਂ ਦੇ ਬੈਂਕਾਂ ‘ਚ ਲੰਬਿਤ ਕੇਸਾਂ ਬਾਰੇ ਮੰਥਨ ਕਰਦਿਆਂ ਸਾਰੀਆਂ ਬੈਂਕਾਂ ਦੇ ਟੀਚੇ ਨਿਰਧਾਰਤ ਕੀਤੇ ਗਏ। ਮੀਟਿੰਗ ਵਿੱਚ ਏ.ਡੀ.ਸੀ. ਅਨੂਪ੍ਰਿਤਾ ਜੌਹਲ ਤੇ ਐਸ.ਪੀ. ਸਰਫ਼ਰਾਜ਼ ਆਲਮ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਬੈਂਕਿੰਗ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਪੰਜਾਬ ਸਰਕਾਰ ਸਮੇਤ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਅਤੇ ਪ੍ਰੋਗਰਾਮਾਂ ਅਧੀਨ ਖੇਤੀਬਾੜੀ ਸਮੇਤ ਸਵੈ-ਰੋਜ਼ਗਾਰ ਅਤੇ ਕਾਰੋਬਾਰ ਨੂੰ ਵਧਾਉਣ ਲਈ ਪ੍ਰਦਾਨ ਕੀਤੇ ਜਾਂਦੇ ਕਰਜ਼ਿਆਂ ਦੀ ਪ੍ਰਕ੍ਰਿਆ ਨੂੰ ਹੋਰ ਸੁਖਾਲਾ ਬਣਾਉਣ ਤੇ ਕਰਜ਼ੇ ਦੇ ਕੇਸਾਂ ਦਾ ਪਹਿਲ ਦੇ ਆਧਾਰ ‘ਤੇ ਨਿਪਟਾਰਾ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਵੈ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ‘ਚ ਬੈਂਕਾਂ ਦੀ ਅਹਿਮ ਭੂਮਿਕਾ ਹੁੰਦੀ ਹੈ, ਜਿਸ ਲਈ ਲੋੜਵੰਦ ਲੋਕਾਂ ਦਾ ਭਵਿੱਖ ਸੁਰੱਖਿਅਤ ਕਰਨ ਤੇ ਬੇਰੋਜ਼ਗਾਰਾਂ ਦਾ ਹੱਥ ਫੜਨ ਲਈ ਪਟਿਆਲਾ ਜ਼ਿਲ੍ਹੇ ਦੇ ਸਮੂਹ ਬੈਂਕਾਂ ਦੇ ਅਧਿਕਾਰੀ ਇਸ ਨੂੰ ਗੰਭੀਰਤਾ ਨਾਲ ਲੈਣ।
ਮੀਟਿੰਗ ਦੌਰਾਨ ਐਸ.ਪੀ. ਸਰਫ਼ਰਾਜ਼ ਆਲਮ ਨੇ ਬੈਂਕਾਂ ਸਮੇਤ ਕਰੰਸੀ ਚੈਸਟ, ਏ.ਟੀ.ਐਮਜ ਅਤੇ ਨਗ਼ਦੀ ਵਾਲੇ ਵਾਹਨਾਂ ਦੀ ਸੁਰੱਖਿਆ ਲਈ ਰਿਜਰਵ ਬੈਂਕ ਆਫ਼ ਇੰਡੀਆ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਸਖ਼ਤੀ ਨਾਲ ਕਰਨ ਦੀਆਂ ਹਦਾਇਤਾਂ ਵੀ ਕੀਤੀਆਂ। ਉਨ੍ਹਾਂ ਬੈਂਕਾਂ ‘ਚ ਅੱਗ ਬੁਝਾਊ ਯੰਤਰ ਤੇ ਸੁਰੱਖਿਆ ਬਾਰੇ ਮੀਟਿੰਗ ਕਰਕੇ 10 ਦਿਨਾਂ ਵਿੱਚ ਸਾਰੇ ਨਿਯਮਾਂ ਦੀ ਪਾਲਣਾ ਕਰਨ ਦੀ ਰਿਪੋਰਟ ਭੇਜਣ ਲਈ ਕਿਹਾ।
ਮੀਟਿੰਗ ਦੀ ਕਾਰਵਾਈ ਲੀਡ ਬੈਂਕ ਐਸ.ਬੀ.ਆਈ. ਤੋਂ ਐਲ.ਡੀ.ਐਮ ਦਵਿੰਦਰ ਕੁਮਾਰ ਨੇ ਚਲਾਈ ਅਤੇ ਇਸ ਮੌਕੇ ਰਿਜ਼ਰਵ ਬੈਂਕ ਆਫ਼ ਇੰਡੀਆ ਤੋਂ ਗਰੀਮਾ ਬਸੀ, ਨਾਬਾਰਡ ਤੋਂ ਪਰਮਿੰਦਰ ਕੌਰ ਸਮੇਤ ਵੱਖ ਵੱਖ ਬੈਂਕਾਂ ਦੇ ਅਧਿਕਾਰੀ ਮੌਜੂਦ ਸਨ।