ਮੰਡੀ ਬੋਰਡ ਚੇਅਰਮੈਨ ਬਰਸਟ ਤੇ ਵਿਧਾਇਕ ਨੀਨਾ ਮਿੱਤਲ ਨੇ ਰਾਜਪੁਰਾ ਮੰਡੀ 'ਚ ਲਾਏ ਬੂਟੇ
ਮੰਡੀ ਬੋਰਡ ਚੇਅਰਮੈਨ ਬਰਸਟ ਤੇ ਵਿਧਾਇਕ ਨੀਨਾ ਮਿੱਤਲ ਨੇ ਰਾਜਪੁਰਾ ਮੰਡੀ ‘ਚ ਲਾਏ ਬੂਟੇ
-ਪੰਜਾਬ ਗੁਰੂਆਂ ਦੀ ਧਰਤੀ, ਮਨੁੱਖਤਾ ਦੀ ਸੇਵਾ ਲਈ ਸਾਰਾ ਸਮਾਜ ਤੱਤਪਰ ਰਹਿੰਦਾ ਹੈ: ਹਰਚੰਦ ਸਿੰਘ ਬਰਸਟ
ਰਾਜਪੁਰਾ, 21 ਅਗਸਤ:
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਚੇਅਰਮੈਨ ਅਤੇ ਵਿਧਾਇਕ ਨੀਨਾ ਮਿੱਤਲ ਨੇ ਇੱਥੇ ਦਾਣਾ ਮੰਡੀ ਵਿਖੇ ਸ਼ਹੀਦ ਭਗਤ ਸਿੰਘ ਹਰਿਆਵਲੀ ਲਹਿਰ ਤਹਿਤ ਬੂਟੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ। ਇਸ ਮੌਕੇ ਹਰਿਆਲੀ ਵਧਾਉਣ ਲਈ ਬੂਟਿਆਂ ਦਾ ਲੰਗਰ ਵੀ ਲਗਾਇਆ ਗਿਆ।
ਚੇਅਰਮੈਨ ਬਰਸਟ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਮੁਤਾਬਕ ਸੂਬੇ ਅੰਦਰ ਵਣਾਂ ਹੇਠ ਰਕਬਾ ਵਧਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਅਧੀਨ ਪੰਜਾਬ ਮੰਡੀ ਬੋਰਡ 50,000 ਬੂਟੇ ਲਗਾਉਣ ਦਾ ਯੋਗਦਾਨ ਪਾਵੇਗਾ।ਉਨ੍ਹਾਂ ਕਿਹਾ ਕਿ ਇਹ ਬੂਟੇ ਇਕੱਲੇ ਲਗਾਏ ਹੀ ਨਹੀਂ ਜਾਣਗੇ ਸਗੋਂ ਇਨ੍ਹਾਂ ਨੂੰ ਆੜਤੀਆਂ, ਕਿਸਾਨਾਂ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸੰਭਾਲਿਆ ਵੀ ਜਾਵੇਗਾ। ਇਸ ਦੌਰਾਨ ਵਿਧਾਇਕ ਨੀਨਾ ਮਿੱਤਲ ਨੇ ਚੇਅਰਮੈਨ ਬਰਸਟ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਹਲਕਾ ਰਾਜਪੁਰਾ ਵਿੱਚ ਵੱਧ ਤੋਂ ਵੱਧ ਬੂਟੇ ਲਗਾਏ ਜਾਣਗੇ।
ਬੂਟੇ ਲਾਉਣ ਮਗਰੋਂ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਵਾਤਾਵਰਣ ਨੂੰ ਬਚਾਉਣਾ ਮਨੁੱਖ ਦੀ ਪਹਿਲੀ ਜੁੰਮੇਵਾਰੀ ਹੈ।, ਕਿਉਂਕਿ ਵਾਤਾਵਰਣ ਵਿੱਚ ਹੀ ਮਨੁੱਖ ਨੇ ਸਾਹ ਲੈਣਾ ਹੈ ਅਤੇ ਵਾਤਾਵਰਣ ਵਿੱਚ ਹੀ ਵੱਡਾ ਹੋਣਾ ਤੇ ਪਲਣਾ ਹੈ, ਇਸ ਲਈ ਜੇ ਵਾਤਾਵਰਣ ਸਾਫ ਹੋਵੇਗਾ ਇਸਦੇ ਨਾਲ ਹਰਿਆਲੀ ਹੋਵੇਗੀ ਤੇ ਵਾਤਾਵਰਣ ਪ੍ਰਦੂਸ਼ਣ ਮੁਕਤ ਹੋਵੇਗਾ।
ਚੇਅਰਮੈਨ ਨੇ ਦੱਸਿਆ ਕਿ ਉਨ੍ਹਾਂ ਨੇ ਸੂਬੇ ਅੰਦਰ ਹੜ੍ਹਾਂ ਕਰਕੇ ਹੋਏ ਨੁਕਸਾਨ ਦੀ ਪੂਰਤੀ ਲਈ ਯੋਗਦਾਨ ਪਾਉਂਦੇ ਹੋਏ ਆਪਣੀ ਇੱਕ ਮਹੀਨੇ ਦੀ ਤਨਖਾਹ ਮੁੱਖ ਮੰਤਰੀ ਰਾਹਤ ਫੰਡ ਵਿੱਚ ਪਾਈ ਜਦਕਿ ਸਾਰੇ ਮੰਡੀ ਬੋਰਡ ਤੇ ਸਾਰੀਆਂ ਮਾਰਕੀਟ ਕਮੇਟੀਆਂ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਨੇ ਆਪਣੀ ਇੱਕ ਦਿਨ ਦੀ ਤਨਖਾਹ ਦਾ ਸੀ.ਐਮ. ਰਲੀਫ ਫ਼ੰਡ ਵਿੱਚ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਉਹ ਪੰਜਾਬ ਨੂੰ ਖੂਬਸੂਰਤ ਅਤੇ ਰੰਗਲਾ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਉਪਰ ਇਸੇ ਤਰ੍ਹਾਂ ਹੀ ਪਹਿਰਾ ਦਿੰਦੇ ਰਹਿਣਗੇ।
ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਜਿੰਨਾ ਯੋਗਦਾਨ ਪੰਜਾਬ ਦੇ ਲੋਕਾਂ ਨੇ ਇਸ ਔਖੇ ਸਮੇਂ ਵਿੱਚ ਇਕ ਦੂਜੇ ਦੀ ਮਦਦ ਕਰਕੇ ਪਾਇਆ ਹੈ ਉਹ ਆਪਣੇ ਆਪ ਵਿੱਚ ਇਕ ਮਿਸਾਲ ਹੈ, ਕਿਉਂਕਿ ਪੰਜਾਬ ਗੁਰੂਆਂ ਦੀ ਧਰਤੀ ਹੈ ਤੇ ਮਨੁੱਖਤਾ ਦੀ ਸੇਵਾ ਲਈ ਸਾਰਾ ਸਮਾਜ ਤੱਤਪਰ ਰਹਿੰਦੇ ਹੋਏ ਸਮਾਜ ਬਿਨ੍ਹਾਂ ਭੇਦਭਾਵ ਦੇ ਇੱਕ ਦੂਜੇ ਦੇ ਨਾਲ ਖੜ੍ਹਦਾ ਹੈ।
ਇਸ ਮੌਕੇ ਚੀਫ਼ ਇੰਜੀਨੀਅਰ ਗੁਰਦੀਪ ਸਿੰਘ, ਐਸ.ਈ. ਜਸਪਾਲ ਬੁੱਟਰ, ਜ਼ਿਲ੍ਹਾ ਮੰਡੀ ਅਫ਼ਸਰ ਅਜੇਪਾਲ ਸਿੰਘ ਬਰਾੜ, ਸੂਬਾ ਸੰਯੁਕਤ ਸਕੱਤਰ ਦੀਪਕ ਸੂਦ, ਹਲਕਾ ਰਾਜਪੁਰਾ ਬਲਾਕ ਪ੍ਰਧਾਨ ਸਿਕੰਦਰ ਸਿੰਘ, ਸਕੱਤਰ ਜੈ ਵਿਜੈ, ਐਕਸੀਐਨ ਅੰਮ੍ਰਿਤ ਪਾਲ ਸਿੰਘ, ਇਸਲਾਮ ਅਲੀ, ਆੜਤੀ ਐਸੋਸੀਏਸ਼ਨ ਪ੍ਰਧਾਨ ਦਵਿੰਦਰ ਸਿੰਘ, ਰਿਤੇਸ਼ ਬਾਂਸਲ, ਦਨੇਸ਼ ਮਹਿਤਾ, ਰਜੇਸ਼ ਕੁਮਾਰ, ਰਤਨੀਸ਼ ਜਿੰਦਲ, ਮਨਦੀਪ ਸਰਾਓ, ਸ਼ਾਮਸੁੰਦਰ ਵਧਵਾ, ਹਰਿੰਦਰ ਸਿੰਘ ਧਬਲਾਨ, ਕੁਲਦੀਪ ਸਿੰਘ, ਅਮਰੀਕ ਸਿੰਘ, ਰੋਹਿਤ ਰਾਣਾ, ਸਮੂਹ ਆੜਤੀ ਐਸੋਸੀਏਸ਼ਨ, ਅਧਿਕਾਰੀ ਅਤੇ ਵਲੰਟੀਅਰ ਮੌਜੂਦ ਰਹੇ।