ਸੰਸਕ੍ਰਿਤ ਅਤੇ ਪਾਲੀ ਵਿਭਾਗ ਵਿਖੇ ਦਸ ਰੋਜ਼ਾ 'ਸੰਸਕ੍ਰਿਤ ਸੰਭਾਸ਼ਣ ਕਾਰਜਸ਼ਾਲਾ' ਸ਼ੁਰੂ
ਸੰਸਕ੍ਰਿਤ ਅਤੇ ਪਾਲੀ ਵਿਭਾਗ ਵਿਖੇ ਦਸ ਰੋਜ਼ਾ ‘ਸੰਸਕ੍ਰਿਤ ਸੰਭਾਸ਼ਣ ਕਾਰਜਸ਼ਾਲਾ’ ਸ਼ੁਰੂ
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪੰਜਾਬੀ ਯੂਨੀਵਰਸਿਟੀ ਦੇ ਸੰਸਕ੍ਰਿਤ ਅਤੇ ਪਾਲੀ ਵਿਭਾਗ ਵਿਖੇ ਸੈਂਟਰਲ ਸੰਸਕ੍ਰਿਤ ਯੂਨੀਵਰਸਿਟੀ, ਨਵੀਂ ਦਿੱਲੀ ਅਤੇ ‘ਸੰਸਕ੍ਰਿਤ ਭਾਰਤੀ ਪੰਜਾਬ’ ਦੇ ਸਹਿਯੋਗ ਨਾਲ ਦਸ ਰੋਜ਼ਾ ‘ਸੰਸਕ੍ਰਿਤ ਸੰਭਾਸ਼ਣ ਕਾਰਜਸ਼ਾਲਾ’ (Spoken Sanskrit Workshop) ਕਰਵਾਈ ਜਾ ਰਹੀ ਹੈ। ਇਸ ਵਰਕਸ਼ਾਪ ਦੇ ਉਦਘਾਟਨੀ ਸੈਸ਼ਨ ਵਿੱਚ ਸੈਂਟਰਲ ਸੰਸਕ੍ਰਿਤ ਯੂਨੀਵਰਸਿਟੀ ਤੋਂ ਪਹੁੰਚੇ ਅਧਿਆਪਕ ਵਿਨੈ ਰਾਜਪੂਤ ਨੇ ਆਧੁਨਿਕ ਸਮੇਂ ਵਿੱਚ ਸੰਸਕ੍ਰਿਤ ਭਾਸ਼ਾ ਦੇ ਮਹੱਤਵ ਬਾਰੇ ਦੱਸਿਆ। ਉਦਘਾਟਨੀ ਸੈਸ਼ਨ ਦੌਰਾਨ ਡੀਨ ਅਕਾਦਮਿਕ ਮਾਮਲੇ ਪ੍ਰੋ. ਅਸ਼ੋਕ ਕੁਮਾਰ ਤਿਵਾੜੀ ਮੁੱਖ ਮਹਿਮਾਨ ਵਜੋਂ ਅਤੇ ਡੀਨ, ਭਾਸ਼ਾਵਾਂ ਪ੍ਰੋ. ਰਾਜਿੰਦਰ ਪਾਲ ਸਿੰਘ ਬਰਾੜ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਇਸ ਮੌਕੇ ਬੋਲਦਿਆਂ ਪ੍ਰੋ. ਅਸ਼ੋਕ ਕੁਮਾਰ ਤਿਵਾੜੀ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਭ ਨੂੰ ਭਾਰਤੀ ਗਿਆਨ ਪਰੰਪਰਾ ਨਾਲ ਜੁੜਨ ਦੀ ਲੋੜ ਹੈ ਅਤੇ ਸੰਸਕ੍ਰਿਤ ਭਾਸ਼ਾ ਸਿੱਖ ਕੇ ਹੀ ਆਪਣੇ ਪ੍ਰਾਚੀਨ ਇਤਿਹਾਸ ਨੂੰ ਚੰਗੀ ਤਰ੍ਹਾਂ ਜਾਣਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੀ ਅਜੋਕੇ ਸਮੇਂ ਵਿੱਚ ਬਹੁਤ ਲੋੜ ਹੈ ਜਿਸ ਨਾਲ ਲੋਕ ਸੰਸਕ੍ਰਿਤ ਭਾਸ਼ਾ ਨੂੰ ਪੜ੍ਹ ਕੇ ਆਪਣੀ ਪ੍ਰਾਚੀਨ ਗਿਆਨ ਪਰੰਪਰਾ ਨਾਲ ਜੁੜ ਸਕਦੇ ਹਨ। ਵਿਸ਼ੇਸ਼ ਮਹਿਮਾਨ ਵਜੋਂ ਪ੍ਰੋ. ਰਾਜਿੰਦਰ ਪਾਲ ਸਿੰਘ ਬਰਾੜ ਨੇ ਕਿਹਾ ਕਿ ਇਹ ਵਰਕਸ਼ਾਪ ਭਾਸ਼ਾ ਦੇ ਵਿਦਿਆਰਥੀਆਂ ਲਈ ਬਹੁਤ ਹੀ ਲਾਹੇਵੰਦ ਹੋਵੇਗੀ ਜਿਸ ਨਾਲ ਵਿਦਿਆਰਥੀ ਸੰਸਕ੍ਰਿਤ ਭਾਸ਼ਾ ਦੀ ਬਣਤਰ ਨੂੰ ਸਿੱਖ ਕੇ ਸੰਸਕ੍ਰਿਤ ਨੂੰ ਆਪਣੇ ਵਿਵਹਾਰ ਵਿੱਚ ਲਿਆ ਸਕਦਾ ਹੈ।
ਅੰਤ ਵਿੱਚ ਵਿਭਾਗ ਮੁਖੀ ਡਾ. ਵੀਰੇਂਦਰ ਕੁਮਾਰ ਨੇ ਰਸਮੀ ਰੂਪ ਵਿੱਚ ਧੰਨਵਾਦੀ ਸ਼ਬਦ ਬੋਲੇ। ਪ੍ਰੋਗਰਾਮ ਦਾ ਮੰਚ ਸੰਚਾਲਨ ਡਾ. ਪੁਸ਼ਪਿੰਦਰ ਜੋਸ਼ੀ ਨੇ ਕੀਤਾ। ਇਸ ਪ੍ਰੋਗਰਾਮ ਵਿੱਚ ਡਾ. ਰਜਨੀ, ਡਾ. ਰਵੀ ਦੱਤ ਕੋਸ਼ਿਸ਼, ਡਾ. ਕਪਿਲ ਦੇਵ, ਡਾ. ਸੰਦੀਪ, ਅਸ਼ੀਸ਼ ਕੁਮਾਰ, ਡਾ. ਓਮਨਦੀਪ ਅਤੇ ਵਿਭਾਗ ਦੇ ਸਮੂਹ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।