ਸੜ੍ਹਕਾਂ 'ਤੇ ਘੁੰਮਦੇ ਬੇਸਹਾਰਾ ਪਸ਼ੂਆਂ ਕਾਰਨ ਵਾਪਰਦੇ ਹਾਦਸਿਆਂ ਸਬੰਧੀ ਚਰਚਾ
ਸੜ੍ਹਕਾਂ ‘ਤੇ ਘੁੰਮਦੇ ਬੇਸਹਾਰਾ ਪਸ਼ੂਆਂ ਕਾਰਨ ਵਾਪਰਦੇ ਹਾਦਸਿਆਂ ਸਬੰਧੀ ਚਰਚਾ
-‘ਦੀ ਪੰਜਾਬ ਕੰਪਸ਼ੇਸ਼ਨ ਟੂ ਦੀ ਵਿਕਟਮ ਆਫ਼ ਐਨੀਮਲ ਅਟੈਕਸ ਐਂਡ ਐਕਸੀਡੈਂਟ ਪਾਲਿਸੀ’ ਦੀ ਕੀਤੀ ਜਾਵੇ ਇੰਨ ਬਿੰਨ ਪਾਲਣਾ : ਡਿਪਟੀ ਕਮਿਸ਼ਨਰ
ਪਟਿਆਲਾ, 29 ਅਗਸਤ:
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸੜ੍ਹਕਾਂ ‘ਤੇ ਘੁੰਮਦੇ ਬੇਸਹਾਰਾ ਪਸ਼ੂਆਂ ਕਾਰਨ ਵਾਪਰਦੇ ਹਾਦਸਿਆਂ ਦੇ ਪ੍ਰਭਾਵਿਤਾਂ ਨੂੰ ਮੁਆਵਜ਼ਾ ਰਾਸ਼ੀ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਦੀ ਪਾਲਿਸੀ ‘ਦੀ ਪੰਜਾਬ ਕੰਪਸ਼ੇਸ਼ਨ ਟੂ ਦੀ ਵਿਕਟਮ ਆਫ਼ ਐਨੀਮਲ ਅਟੈਕਸ ਐਂਡ ਐਕਸੀਡੈਂਟ ਪਾਲਿਸੀ’ ਦੀ ਇੰਨ ਬਿੰਨ ਪਾਲਣਾ ਕਰਨ ਲਈ ਅਧਿਕਾਰੀਆਂ ਨੂੰ ਹਦਾਇਤ ਕੀਤੀ।
ਇਸ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਪਾਲਿਸੀ ਤਹਿਤ ਬੇਸਹਾਰਾ ਪਸ਼ੂਆਂ ਦੀ ਲਪੇਟ ਵਿਚ ਆ ਕੇ ਜਾਨ ਗਵਾਉਣ ਵਾਲੇ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੂੰ 5 ਲੱਖ ਰੁਪਏ ਅਤੇ ਹਾਦਸੇ ਕਾਰਨ ਅਪੰਗਤਾ ਹੋਣ ‘ਤੇ ਜ਼ਖਮੀਆਂ ਲਈ ਦੋ ਲੱਖ ਦੀ ਮੁਆਵਜ਼ਾ ਰਾਸ਼ੀ ਦੇਣ ਲਈ ਪਾਲਿਸੀ ਬਣਾਈ ਗਈ ਹੈ, ਜਿਸ ਦੀ ਪਟਿਆਲਾ ਜ਼ਿਲ੍ਹੇ ਵਿੱਚ ਪਾਲਣਾ ਯਕੀਨੀ ਬਣਾਈ ਜਾਵੇ।
ਸਾਕਸ਼ੀ ਸਾਹਨੀ ਨੇ ਕਿਹਾ ਕਿ ਬੇਸਹਾਰਾ ਪਸ਼ੂਆਂ ਕਾਰਨ ਵਾਪਰੇ ਹਾਦਸਿਆਂ ਸਬੰਧੀ ਰਿਪੋਰਟ ਸਬੰਧਤ ਖੇਤਰ ਦੇ ਸਮਰੱਥ ਅਧਿਕਾਰੀ ਵੱਲੋਂ ਭੇਜੀ ਜਾਵੇਗੀ ਅਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਗਠਿਤ ਕਮੇਟੀ ਦੇ ਮੈਂਬਰ ਸਕੱਤਰ ਹੋਣਗੇ, ਜੋ ਕੇਸ ਨੂੰ ਵਿਚਾਰ ਲਈ ਜ਼ਿਲ੍ਹਾ ਪੱਧਰੀ ਕਮੇਟੀ ਅੱਗੇ ਪੇਸ਼ ਕਰਨਗੇ। ਉਨ੍ਹਾਂ ਨਗਰ ਨਿਗਮ ਤੇ ਜ਼ਿਲ੍ਹੇ ਦੇ ਏ.ਡੀ.ਸੀਜ਼ ਨੂੰ ਆਪਣੇ ਖੇਤਰ ਅਧੀਨ ਬੇਸਹਾਰਾ ਪਸ਼ੂਆਂ (ਕੁੱਤਾ, ਬਲਦ, ਘੌੜੇ, ਗਾਵਾਂ, ਵੱਛੇ, ਗਧੇ ਆਦਿ) ਕਾਰਨ ਵਾਪਰੇ ਹਾਦਸਿਆਂ ਸਬੰਧੀ ਰਿਪੋਰਟ ਤਿਆਰ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਪਾਲਿਸੀ ਅਨੁਸਾਰ ਵਿਚਾਰੇ ਜਾਣ ਵਾਲੇ ਕੇਸਾਂ ਨੂੰ ਜ਼ਿਲ੍ਹਾ ਪੱਧਰੀ ਕਮੇਟੀ ਅੱਗੇ ਪੇਸ਼ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਪ੍ਰਭਾਵਿਤ ਵਿਅਕਤੀ ਜਾਂ ਫੇਰ ਉਨ੍ਹਾਂ ਦੇ ਵਾਰਸਾਂ ਵੱਲੋਂ ਘਟਨਾ ਹੋਣ ਤੋਂ ਇਕ ਸਾਲ ਦੇ ਅੰਦਰ-ਅੰਦਰ ਫਾਰਮ-ਏ ਭਰ ਕੇ ਦਿੱਤਾ ਜਾਵੇਗਾ ਅਤੇ ਸਮਰੱਥ ਅਥਾਰਟੀ ਵੱਲੋਂ ਉਸਨੂੰ ਤਸਦੀਕ ਕਰਨ ਉਪਰੰਤ ਕੇਸ ਜ਼ਿਲ੍ਹਾ ਪੱਧਰੀ ਕਮੇਟੀ ਕੋਲ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਦੁਰਘਟਨਾ ਸਬੰਧੀ ਰਿਪੋਰਟ ਦਾ ਆਧਾਰ ਪੁਲਿਸ ਦੀ ਐਫ.ਆਈ.ਆਰ. ਨੂੰ ਬਣਾਇਆ ਜਾਵੇਗਾ ਅਤੇ ਅਪੰਗਤਾ ਸਬੰਧੀ ਰਿਪੋਰਟ ਸਿਵਲ ਸਰਜਨ ਵੱਲੋਂ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਉਕਤ ਕਮੇਟੀ ਵਿੱਚ ਡਿਪਟੀ ਕਮਿਸ਼ਨਰ ਚੇਅਰਪਰਸਨ ਹਨ, ਜਦਕਿ ਏ.ਡੀ.ਸੀ. (ਸ਼ਹਿਰੀ ਵਿਕਾਸ/ਜਨਰਲ), ਏ.ਡੀ.ਸੀ. ਪੇਂਡੂ ਵਿਕਾਸ, ਐਸ.ਪੀ. ਟਰੈਫ਼ਿਕ, ਆਰ.ਟੀ.ਏ., ਚੀਫ਼ ਮੈਡੀਕਲ ਅਫ਼ਸਰ ਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਇਸ ਕਮੇਟੀ ਦੇ ਮੈਂਬਰ ਹਨ। ਮੀਟਿੰਗ ਵਿੱਚ ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਉੱਪਲ, ਡੀ.ਐਸ.ਪੀ. ਕਰਨਬੀਰ ਤੂਰ, ਡਾ. ਸੁਮਿਤ ਸਿੰਘ, ਡਾ. ਰਜਨੀਕ ਭੌਰਾ, ਨਿਰਲੇਪ ਕੌਰ, ਤਰਸੇਮ ਚੰਦ ਤੇ ਸੰਜੀਵ ਕੁਮਾਰ ਮੌਜੂਦ ਸਨ।