ਤਪ ਅਸਥਾਨ ਬਾਬੇ ਕੇ ਫਾਰਮ ਲਮਿੰਗਟਨ ਸਪਾ ਵਿਖੇ ਹੋਏ ਗੁਰਮਤਿ ਸਮਾਗਮ ਸਮੇਂ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਤੇ ਸੰਤ ਸੀਚੇਵਾਲ ਉਚੇਚੇ ਤੌਰ ਤੇ ਪੁਜੇ
ਤਪ ਅਸਥਾਨ ਬਾਬੇ ਕੇ ਫਾਰਮ ਲਮਿੰਗਟਨ ਸਪਾ ਵਿਖੇ ਹੋਏ ਗੁਰਮਤਿ ਸਮਾਗਮ ਸਮੇਂ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਤੇ ਸੰਤ ਸੀਚੇਵਾਲ ਉਚੇਚੇ ਤੌਰ ਤੇ ਪੁਜੇ
ਅੰਮ੍ਰਿਤਸਰ:- 25 ਅਗਸਤ ( ) ਪੰਜਾਬ ਦੇ ਮਾਲਵੇ ਖੇਤਰ ਵਿੱਚ ਵਿਦਿਅਕ ਤੇ ਸੇਹਤ ਸੰਸਥਾਵਾਂ ਦੇ ਸੰਸਥਾਪਕ ਬਾਬਾ ਨਾਹਰ ਸਿੰਘ ਸਨ੍ਹੇਰਾਂ ਵਾਲਿਆਂ ਅਤੇ ਸੰਤ ਬਾਬਾ ਨੰਦ ਸਿੰਘ ਦੀ ਸਲਾਨਾ ਯਾਦ ਵਿੱਚ ਗੁਰਦੁਆਰਾ ਤੱਪ ਅਸਥਾਨ ਬਾਬੇ ਕੇ ਫਾਰਮ ਸਟਾਰਟਫੋਰਡ ਲਮਿੰਗਟਨ ਸਪਾ ਵਿਖੇ ਬਰਸੀ ਸਬੰਧੀ ਗੁਰਮਤਿ ਸਮਾਗਮ ਅਯੋਜਿਤ ਕੀਤੇ ਗਏ। ਪ੍ਰਬੰਧਕ ਬਾਬਾ ਜਸਵਿੰਦਰ ਸਿੰਘ ਕਾਲਾ, ਸ. ਮਨਜੀਤ ਸਿੰਘ ਐਡਵੋਕੇਟ ਨੇ ਸਾਰੇ ਪ੍ਰਬੰਧ ਬਾਖੂਬੀ ਸਫਲਤਾ ਪੂਰਨ ਕੀਤੇ ਹੋਏ ਸਨ। ਇਨ੍ਹਾਂ ਧਾਰਮਿਕ ਸਮਾਗਮਾਂ ਵਿੱਚ ਪੰਜਾਬ ਤੋਂ ਪ੍ਰਮੁੱਖ ਧਾਰਮਿਕ ਸਖਸ਼ੀਅਤਾਂ ਵਿਸ਼ੇਸ਼ ਤੌਰ ਤੇ ਸ਼ਾਮਲ ਹੋਈਆਂ।
ਇਸ ਸਮਾਗਮ ਵਿੱਚ ਨਿਹੰਗ ਸਿੰਘਾਂ ਦੀ ਮੁੱਖ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਅਤੇ ਸੁਲਤਾਨਪੁਰ ਲੋਧੀ ਤੋਂ ਭਾਰਤ ਸਰਕਾਰ ਦੇ ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਸੰਤ ਜਗਜੀਤ ਸਿੰਘ ਲੋਪੋਂ ਵਿਸ਼ੇਸ਼ ਤੌਰ ਤੇ ਪੁਜੇ। ਨਿਹੰਗ ਸਿੰਘਾਂ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੁੱਢਾ ਦਲ ਤੇ ਨਾਨਕਸਰ ਸੰਪ੍ਰਦਾਇ ਦੀ ਪੁਰਾਤਨ ਸਮੇਂ ਤੋਂ ਪਿਆਰ ਭਰੀ ਸਾਂਝ ਹੈ। ਉਨ੍ਹਾਂ ਇਤਿਹਾਸਕ ਪਲ ਸਾਂਝੇ ਕਰਦਿਆਂ ਕਿਹਾ ਕਿ ਇਸ ਸੰਪਰਦਾ ਦੇ ਮੁਖੀ ਸੰਤ ਬਾਬਾ ਨੰਦ ਸਿੰਘ ਤੇ ਬਾਬਾ ਈਸ਼ਰ ਸਿੰਘ ਦੋਹਾਂ ਮਹਾਪੁਰਸ਼ਾਂ ਨੇ ਅੰਮ੍ਰਿਤ ਦੀ ਦਾਤ ਬੁੱਢਾ ਦਲ ਤੋਂ ਪ੍ਰਾਪਤ ਕੀਤੀ ਸੀ ਅੱਜ ਵੀ ਇਨ੍ਹਾਂ ਜਥੇਬੰਦੀਆਂ ਦੀ ਇਕ ਦੂਜੇ ਦੇ ਸਮਾਗਮਾਂ ਅਤੇ ਦੁਖ ਸੁਖ ਸਮੇਂ ਪੀਢੀ ਸਾਂਝ ਹੈ। ਉਨ੍ਹਾਂ ਬੁੱਢਾ ਦਲ ਦੇ ਮੁੱਢਲੇ ਮੁਖੀਆਂ ਨੂੰ ਗੁਰੂ ਘਰੋਂ ਮਿਲੀਆਂ ਬਖਸ਼ਿਸ਼ਾਂ ਬਾਰੇ ਸੰਗਤਾਂ ਨਾਲ ਸਾਂਝ ਕੀਤੀ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਤ ਬਾਬਾ ਨੰਦ ਸਿੰਘ, ਬਾਬਾ ਨਾਹਰ ਸਿੰਘ ਸਨੇ੍ਹਰਾਂ ਵਾਲਿਆਂ ਨੂੰ ਸ਼ਰਧਾ ਸਤਿਕਾਰ ਭੇਟ ਕਰਦਿਆਂ ਕਿਹਾ ਕਿ ਬਾਬੇ ਕੇ ਸੰਪਰਦਾ ਵੱਲੋਂ ਬਹੁਤ ਵੱਡੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ ਬਹੁਤ ਸਾਰੀਆਂ ਵਿਦਿਅਕ ਤੇ ਸੇਹਤ ਸੇਵਾਵਾਂ ਵਾਲੀਆਂ ਕਾਬਲੇ ਗੌਰ ਸੰਸਥਾਵਾਂ ਚਲਾਈਆ ਜਾ ਰਹੀਆਂ ਹਨ। ਉਨ੍ਹਾਂ ਪੰਜਾਬ ਅੰਦਰ ਆਏ ਹੜ੍ਹਾਂ ਨਾਲ ਹੋਈ ਬਰਬਾਦੀ ਦਾ ਵੀ ਜ਼ਿਕਰ ਕੀਤਾ। ਏਸੇ ਤਰ੍ਹਾਂ ਸੰਤ ਜਗਜੀਤ ਸਿੰਘ ਲੋਪੋਂ ਨੇ ਸੰਤ ਬਾਬਾ ਨੰਦ ਸਿੰਘ ਨੂੰ ਸਰਧਾਂਜਲੀ ਭੇਟ ਕੀਤੀ। ਨਾਨਕਸਰ ਸੰਪਰਦਾ ਦੇ ਬਹੁਤ ਸਾਰੇ ਸੰਤ ਪੁਰਸ਼ ਹਾਜ਼ਰ ਸਨ। ਇਸ ਸਮੇਂ ਬਾਬਾ ਹਰਜੀਤ ਸਿੰਘ ਮਹਿਤਾ ਚੌਂਕ ਖੰਡਾ ਖੜਕੇਗਾ ਨੇ ਕੀਰਤਨ ਰਾਹੀਂ ਹਾਜ਼ਰੀ ਭਰੀ। ਇਸ ਸਮੇਂ ਬਾਬਾ ਜਸਵਿੰਦਰ ਸਿੰਘ ਜੱਸੀ ਅਮਰੀਕਾ ਤੇ ਹੋਰ ਸਥਾਨਕ ਨਿਹੰਗ ਸਿੰਘ ਵੱਡੀ ਗਿਣਤੀ ਵਿੱਚ ਬਾਬਾ ਜੀ ਦੇ ਨਾਲ ਸਨ।