ਪੰਜਾਬ ਦੇ ਸਾਰੇ ਜ਼ਿਲ੍ਹਿਆਂ ‘ਚ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਮੁਲਾਜ਼ਮਾਂ ਲਈ ਸਕਿੱਲ ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ: ਜਿੰਪਾ
ਪੰਜਾਬ ਦੇ ਸਾਰੇ ਜ਼ਿਲ੍ਹਿਆਂ ‘ਚ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਮੁਲਾਜ਼ਮਾਂ ਲਈ ਸਕਿੱਲ ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ: ਜਿੰਪਾ
ਚੰਡੀਗੜ੍ਹ, 10 ਅਗਸਤ:
ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਹੈ ਕਿ ਵਿਭਾਗ ਦੇ ਗਰੁੱਪ ਸੀ ਅਤੇ ਡੀ ਦੇ ਟੈਕਨੀਕਲ ਸਟਾਫ ਲਈ ਸਕਿੱਲ ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਿਖਲਾਈ ਨਾਲ ਜਿੱਥੇ ਉਨ੍ਹਾਂ ਦੇ ਕੰਮ ਵਿਚ ਹੋਰ ਨਿਖਾਰ ਆਵੇਗਾ ਉੱਥੇ ਹੀ ਮੌਜੂਦਾ ਸਮੇਂ ਦੀਆਂ ਨਵੀਆਂ ਤਕਨੀਕਾਂ ਬਾਰੇ ਵੀ ਉਨ੍ਹਾਂ ਨੂੰ ਜਾਣਕਾਰੀ ਹਾਸਲ ਹੋਵੇਗੀ। ਇਸ ਨਾਲ ਵਿਭਾਗ ਦੀ ਕਾਰਗੁਜ਼ਾਰੀ ਵਿਚ ਵਾਧਾ ਹੋਵੇਗਾ ਅਤੇ ਲੋਕਾਂ ਨੂੰ ਬੇਹਤਰ ਢੰਗ ਨਾਲ ਸਹੂਲਤਾਂ ਮੁਹੱਈਆ ਕਰਵਾਈਆ ਜਾ ਸਕਣਗੀਆਂ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਲੋਕਾਂ ਨੂੰ ਪਾਰਦਰਸ਼ੀ ਅਤੇ ਚੰਗੀਆਂ ਸੁਵਿਧਾਵਾਂ ਦੇਣਾ ਪੰਜਾਬ ਸਰਕਾਰ ਦੀ ਪਹਿਲ ਕਦਮੀ ਹੈ ਅਤੇ ਅਜਿਹੇ ਸਿਖਲਾਈ ਪ੍ਰੋਗਰਾਮ ਸਰਕਾਰੀ ਮੁਲਾਜ਼ਮਾਂ ਦੀ ਕਾਰਜ ਕੁਸ਼ਲਤਾ ਵਿਚ ਵਾਧਾ ਕਰਦੇ ਹਨ ਜਿਸ ਦਾ ਫਾਇਦਾ ਆਮ ਲੋਕਾਂ ਨੂੰ ਹੁੰਦਾ ਹੈ।
ਜਿੰਪਾ ਨੇ ਦੱਸਿਆ ਕਿ ਸਾਰੇ ਜਿਲ੍ਹਿਆਂ ਵਿਚ ਤੈਨਾਤ ਗਰੁੱਪ ਸੀ ਅਤੇ ਡੀ ਦੇ ਟੈਕਨੀਕਲ ਸਟਾਫ ਲਈ ਇਹ ਸਿਖਲਾਈ ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੀ ਮਦਦ ਨਾਲ ਦਿਵਾਈ ਜਾਵੇਗੀ। ਜ਼ਿਲ੍ਹੇ ਵਾਰ ਦਿੱਤੀ ਜਾਣ ਵਾਲੀ ਸਿਖਲਾਈ ਮਾਰਚ 2024 ਤੱਕ ਜਾਰੀ ਰਹੇਗੀ।
ਜਲ ਸਪਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ.ਕੇ. ਤਿਵਾੜੀ ਅਤੇ ਵਿਭਾਗ ਮੁਖੀ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਜਲ ਜੀਵਨ ਮਿਸ਼ਨ ਪ੍ਰੋਗਰਾਮ ਤਹਿਤ ਦਿਵਾਈ ਜਾਣ ਵਾਲੀ ਸਿਖਲਾਈ 6 ਦਿਨਾਂ ਵਿਚ ਕੁੱਲ 48 ਘੰਟਿਆਂ ਦੀ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਸਿਖਲਾਈ ਪਲੰਬਰ, ਫਿਟਰ, ਇਲੈਕਟ੍ਰੀਸ਼ਨ, ਪੰਪ ਆਪਰੇਟਰ ਅਤੇ ਮੋਟਰ ਮਕੈਨਿਕ ਆਦਿ ਨੂੰ ਦਿਵਾਈ ਜਾਵੇਗੀ। ਪਹਿਲੇ ਬੈਚ ਦੀ ਸਿਖਲਾਈ 7 ਅਗਸਤ ਤੋਂ ਸ਼ੁਰੂ ਹੋ ਚੁੱਕੀ ਹੈ।