-ਪੈਪਸੂ ਨਗਰ ਵਿਕਾਸ ਬੋਰਡ ਰਾਜਪੁਰਾ ਅਧੀਨ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਡਿਪਟੀ ਕਮਿਸ਼ਨਰ ਤੇ ਵਿਧਾਇਕ ਨੀਨਾ ਮਿੱਤਲ ਨੇ ਲਿਆ ਜਾਇਜ਼ਾ -ਚੱਲ ਰਹੇ ਕੰਮਾਂ 'ਚ ਤੇਜ਼ੀ ਅਤੇ ਨਵੇਂ ਪ੍ਰੋਜੈਕਟਾਂ ਦੀ ਪ੍ਰਕਿਰਿਆ ਜਲਦੀ ਮੁਕੰਮਲ ਕੀਤੀ ਜਾਵੇ : ਨੀਨਾ ਮਿੱਤਲ
-ਪੈਪਸੂ ਨਗਰ ਵਿਕਾਸ ਬੋਰਡ ਰਾਜਪੁਰਾ ਅਧੀਨ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਡਿਪਟੀ ਕਮਿਸ਼ਨਰ ਤੇ ਵਿਧਾਇਕ ਨੀਨਾ ਮਿੱਤਲ ਨੇ ਲਿਆ ਜਾਇਜ਼ਾ
-ਚੱਲ ਰਹੇ ਕੰਮਾਂ ‘ਚ ਤੇਜ਼ੀ ਅਤੇ ਨਵੇਂ ਪ੍ਰੋਜੈਕਟਾਂ ਦੀ ਪ੍ਰਕਿਰਿਆ ਜਲਦੀ ਮੁਕੰਮਲ ਕੀਤੀ ਜਾਵੇ : ਨੀਨਾ ਮਿੱਤਲ
-ਡਿਪਟੀ ਕਮਿਸ਼ਨਰ ਨੇ ਖੇਡ ਸਟੇਡੀਅਮ ਤੇ ਧਰਮਸ਼ਾਲਾ ਦੇ ਕੰਮ ‘ਚ ਤੇਜ਼ੀ ਲਿਆਉਣ ਦੇ ਦਿੱਤੇ ਨਿਰਦੇਸ਼
ਪਟਿਆਲਾ, 10 ਅਗਸਤ:
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਰਾਜਪੁਰਾ ਦੇ ਵਿਧਾਇਕ ਤੇ ਪੈਪਸੂ ਟਾਊਨਸ਼ਿਪ ਡਿਵੈਲਪਮੈਂਟ ਬੋਰਡ ਦੇ ਵਾਈਸ ਚੇਅਰਪਰਸਨ ਨੀਨਾ ਮਿੱਤਲ ਵੱਲੋਂ ਅੱਜ ਰਾਜਪੁਰਾ ਵਿੱਚ ਚੱਲ ਰਹੇ ਅਤੇ ਨਵੇਂ ਸ਼ੁਰੂ ਕੀਤੇ ਜਾਣ ਵਾਲੇ ਪ੍ਰਾਜੈਕਟਾਂ ਸਬੰਧੀ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਐਸ.ਡੀ.ਐਮ. ਰਾਜਪੁਰਾ ਪਰਲੀਨ ਕੌਰ ਬਰਾੜ ਵੀ ਮੌਜੂਦ ਸਨ।
ਮੀਟਿੰਗ ਦੌਰਾਨ ਪੈਪਸੂ ਟਾਊਨਸ਼ਿਪ ਡਿਵੈਲਪਮੈਂਟ ਬੋਰਡ ਦੇ ਵਾਈਸ ਚੇਅਰਪਰਸਨ ਨੀਨਾ ਮਿੱਤਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੁਦ ਰਾਜਪੁਰਾ ਦੇ ਵਿਕਾਸ ਕਾਰਜਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ, ਇਸ ਲਈ ਚੱਲ ਰਹੇ ਕੰਮਾਂ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾਵੇ ਅਤੇ ਨਵੇਂ ਪ੍ਰਾਜੈਕਟਾਂ ਨੂੰ ਸ਼ੁਰੂ ਕਰਨ ਲਈ ਕਾਰਵਾਈ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਜਪੁਰਾ ਟਾਊਨ ਵਿਖੇ ਕਰੀਬ 7 ਏਕੜ ਵਿੱਚ ਬਣਨ ਵਾਲੇ ਸਟੇਡੀਅਮ ਦੀ ਮਨਜ਼ੂਰੀ ਦਿੱਤੀ ਗਈ ਹੈ, ਇਸ ਲਈ ਸਟੇਡੀਅਮ ਦਾ ਕੰਮ ਤੁਰੰਤ ਸ਼ੁਰੂ ਕੀਤਾ ਜਾਵੇ। ਉਨ੍ਹਾਂ ਪੁਰਾਣੀ ਮਿਰਚ ਮੰਡੀ ਵਿੱਚ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਧਰਮਸ਼ਾਲਾ ਬਣਾਉਣ ਲਈ ਸਬੰਧਤ ਵਿਭਾਗ ਨੂੰ ਕਾਰਵਾਈ ਆਰੰਭਣ ਲਈ ਕਿਹਾ। ਨੀਨਾ ਮਿੱਤਲ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਰਾਜਪੁਰਾ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਪੈਪਸੂ ਨਗਰ ਵਿਕਾਸ ਬੋਰਡ ਦੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਖੇਡ ਸਟੇਡੀਅਮ ਅਤੇ ਧਰਮਸ਼ਾਲਾ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੀ ਹਦਾਇਤ ਕਰਦਿਆਂ ਕਿਹਾ ਕਿ ਸਬੰਧਤ ਵਿਭਾਗ ਸਮਾਂਬੱਧ ਤਰੀਕੇ ਨਾਲ ਕੰਮਾਂ ਨੂੰ ਨੇਪਰੇ ਚੜ੍ਹਾਉਣਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕਮ- ਚੇਅਰਮੈਨ ਪੈਪਸੂ ਨਗਰ ਵਿਕਾਸ ਬੋਰਡ ਦੀ ਪ੍ਰਧਾਨਗੀ ਹੇਠ ਹੋਈ ਪਿਛਲੀ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਨੂੰ ਇੰਨ ਬਿੰਨ ਲਾਗੂ ਕਰਨਾ ਯਕੀਨੀ ਬਣਾਇਆ ਜਾਵੇ।
ਮੀਟਿੰਗ ਵਿੱਚ ਡੀ.ਡੀ.ਪੀ.ਓ. ਅਮਨਦੀਪ ਕੌਰ, ਕਾਰਜ ਸਾਧਕ ਅਫ਼ਸਰ ਅਵਤਾਰ ਚੰਦ, ਪਰਮਜੀਤ ਸਿੰਘ, ਸਚਿਨ ਸ਼ਰਮਾ, ਸਾਹਿਲ ਮਿੱਤਲ, ਡਾ. ਗੁਰਪ੍ਰੀਤ ਸਿੰਘ, ਐਕਸੀਅਨ ਮਨਪ੍ਰੀਤ ਸਿੰਘ ਦੂਆ, ਡਾ. ਸੀਮਾ ਕੌਸ਼ਲ, ਗੁਰਪ੍ਰੀਤ ਸਿੰਘ, ਮੁਨੀਸ਼ ਮਹਿਤਾ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।