ਆਧੁਨਿਕ ਯੁੱਗ ਵਿੱਚ ਕੌਮੀ ਦੁਸਵਾਰੀਆਂ ਦਾ ਟਾਕਰਾ ਕਰਨ ਲਈ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ ਦੇ ਰੂਬਰੂ ਕਰਨ ਦੀ ਲੋੜ : ਨਿਹੰਗ ਮੁਖੀ ਬਾਬਾ ਬਲਬੀਰ ਸਿੰਘ
ਆਧੁਨਿਕ ਯੁੱਗ ਵਿੱਚ ਕੌਮੀ ਦੁਸਵਾਰੀਆਂ ਦਾ ਟਾਕਰਾ ਕਰਨ ਲਈ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ ਦੇ ਰੂਬਰੂ ਕਰਨ ਦੀ ਲੋੜ : ਨਿਹੰਗ ਮੁਖੀ ਬਾਬਾ ਬਲਬੀਰ ਸਿੰਘ
ਅੰਮ੍ਰਿਤਸਰ:- 21 ਅਗਸਤ ( ) ਕੌਮੀ ਦੁਸ਼ਵਾਰੀਆਂ ਦਾ ਟਾਕਰਾ ਕਰਨ ਲਈ ਸਮੁੱਚਾ ਗੁਰੂ ਨਾਨਕ ਨਾਮ ਲੇਵਾ, ਸਮੁੱਚੀ ਸਿੱਖ ਕੌਮ ਇਕ ਨਿਸ਼ਾਨ ਤੇ ਇਕ ਵਿਧਾਨ ਤਾਂ ਥੱਲੇ ਇਕੱਤਰ ਹੋਏ। ਆਧੁਨਿਕ ਯੁੱਗ ਵਿਚ ਨੌਜਵਾਨ ਪੀੜੀ ਨੂੰ ਸਿੱਖ ਇਤਿਹਾਸ ਦੇ ਰੂਬਰੂ ਕਰਨ ਕਰਾਉਣ ਦੀ ਸਖ਼ਤ ਲੋੜ ਹੈ। ਇਹ ਵਿਚਾਰ ਨਿਹੰਗ ਸਿੰਘਾਂ ਦੇ ਮੁੱਖ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸਿੱਖ ਕੌਮ ਦੇ ਮਹਾਨ ਜਰਨੈਲ ਬੁੱਢਾ ਦਲ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਛੇਵੇਂ ਜਥੇਦਾਰ ਰਹੇ ਅਕਾਲੀ ਬਾਬਾ ਫੂਲਾ ਸਿੰਘ ਦੀ ਦੂਸਰੀ ਸ਼ਹੀਦੀ ਸ਼ਤਾਬਦੀ ਅੱਤੇ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦੀ ਤੀਸਰੀ ਜਨਮ ਸ਼ਤਾਬਦੀ ਸਬੰਧੀ ਅਯੋਜਿਤ ਗੁਰਦੁਆਰਾ ਰਾਮਗੜ੍ਹੀਆ ਸਭਾ ਸਾਊਥਹਾਲ ਯੂ.ਕੇ ਅਤੇ ਗੁ: ਸ੍ਰੀ ਗੁਰੂ ਸਿੰਘ ਸਭਾ ਸਲੋਘ ਵਿਖੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।
ਉਨ੍ਹਾਂ ਕਿਹਾ ਕਿ ਟੈਲੀਵਿਜ਼ਨ ਅਤੇ ਮੋਬਾਇਲ ਫੋਨ ਨੇ ਭਾਵੇਂ ਆਧੁਨਿਕ ਜ਼ਮਾਨੇ ਲਈ ਸੰਚਾਰ ਸਾਧਨਾਂ ਵਜੋਂ ਕਈ ਸਹੂਲਤਾਂ ਪੈਦਾ ਕੀਤੀਆਂ ਹਨ ਪ੍ਰੰਤੂ ਇਨ੍ਹਾਂ ਦੀ ਗਲਤ ਵਰਤੋਂ ਦੇ ਪ੍ਰਭਾਵ ਹੇਠ ਨੌਜਵਾਨ ਪੀੜ੍ਹੀ ਕੁਰਾਹੇ ਵੀ ਪੈ ਰਹੀ ਹੈ। ਅਜਿਹੇ ਨੌਜਵਾਨਾਂ ਨੂੰ ਗੁਰਮਤਿ ਦੀ ਸਿੱਖਿਆ ਰਾਹੀਂ ਸੁਚੇਤ ਕਰਦਿਆਂ ਗੁਰਬਾਣੀ ਤੇ ਬਾਣੇ ਦੇ ਲੜ ਲਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਸਿੱਖ ਧਰਮ ਪ੍ਰਤੀ ਸਰਧਾ-ਭਾਵਨਾ, ਸਬਰ ਸੰਤੋਖ, ਸੇਵਾ ਸਿਮਰਨ ਅਤੇ ਧਰਮ ਅਨੁਸਾਰੀ ਜੀਵਨ ਜੁਗਤਿ ਵਿਚ ਪ੍ਰੱਪਕ ਅਤੇ ਸਿੱਖ ਵਿਰਸੇ ਦਾ ਵਾਰਸ਼ ਬਨਾਉਣ ਲਈ ਵਡੇਰੀ ਪੀੜੀ ਦਾ ਮੁਖ ਫਰਜ਼ ਹੈ।
ਨਿਹੰਗ ਮੁਖੀ ਨੇ ਕਿਹਾ ਕਿ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਨਹੀਂ ਕੀਤੀ ਉਹ ਜਲਦ ਤੋਂ ਜਲਦ ਅੰਮ੍ਰਿਤਧਾਰੀ ਹੋਣ ਤੇ ਗੁਰੂ ਦੇ ਲੜ ਲਗਣ। ਉਨ੍ਹਾਂ ਇਹ ਵੀ ਕਿਹਾ ਸਮੁੱਚੇ ਯੂ.ਕੇ ਦੇ ਗੁਰੂ ਘਰ ਸਿੱਖੀ ਪ੍ਰਚਾਰ ਲਈ ਵੱਡੇ ਜਤਨ ਕਰ ਰਹੇ ਹਨ ਜੋ ਚੰਗੇ ਤੇ ਪ੍ਰਸੰਸ਼ਾ ਜਨਕ ਹਨ। ਉਨ੍ਹਾਂ ਨੇ ਬੁੱਢਾ ਦਲ ਦੇ ਮੁਖੀ ਸਾਹਿਬਾਨਾਂ ਦੀਆਂ ਸ਼ਾਨਦਾਰ ਸੇਵਾਵਾਂ ਦਾ ਵਰਨਣ ਕੀਤਾ ਅਤੇ ਬੁੱਢਾ ਦਲ ਪਾਸ ਗੁਰੂ ਸਾਹਿਬਾਨ ਅਤੇ ਸਿੱਖ ਜਰਨੈਲਾਂ ਦੇ ਇਤਿਹਾਸਕ ਸ਼ਸਤਰਾਂ ਦੇ ਦਰਸ਼ਨ ਵੀ ਸੰਗਤਾਂ ਨੂੰ ਕਰਵਾਏ। ਦੋਹਾਂ ਗੁਰੂਘਰਾਂ ਦੇ ਪ੍ਰਬੰਧਕਾਂ ਵੱਲੋਂ ਬਾਬਾ ਬਲਬੀਰ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ। ਇਸ ਸਮੇਂ ਬਾਬਾ ਹਰਜੀਤ ਸਿੰਘ ਖੰਡਾ ਖੜਕੇਗਾ, ਬਾਬਾ ਜਸਵਿੰਦਰ ਸਿੰਘ ਜੱਸੀ ਅਮਰੀਕਾ, ਉਘੇ ਵਿਚਾਰਵਾਨ ਗਿਆਨੀ ਭਗਵਾਨ ਸਿੰਘ ਜੌਹਲ ਤੇ ਹੋਰ ਸਥਾਨਕ ਨਿਹੰਗ ਸਿੰਘ ਵੱਡੀ ਗਿਣਤੀ ਵਿੱਚ ਬਾਬਾ ਜੀ ਦੇ ਨਾਲ ਸਨ।