ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਵਿਸ਼ਵ ਸੀਨੀਅਰ ਸਿਟੀਜ਼ਨ ਦਿਵਸ ਮੌਕੇ ਲਗਾਏ ਮੈਡੀਕਲ ਕੈਂਪ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਵਿਸ਼ਵ ਸੀਨੀਅਰ ਸਿਟੀਜ਼ਨ ਦਿਵਸ ਮੌਕੇ ਲਗਾਏ ਮੈਡੀਕਲ ਕੈਂਪ
ਪਟਿਆਲਾ, 21 ਅਗਸਤ:
ਨਾਲਸਾ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ -ਕਮ- ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੁਪਿੰਦਰ ਚਹਿਲ ਦੀ ਰਹਿਨੁਮਾਈ ਹੇਠ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ/ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨੀ ਅਰੋੜਾ ਦੀ ਦੇਖ ਰੇਖ ਵਿੱਚ ਵਿਸ਼ਵ ਸੀਨੀਅਰ ਸਿਟੀਜ਼ਨ ਦਿਵਸ ਦੇ ਮੌਕੇ ’ਤੇ ਬੀਰ ਜੀ ਦਸੌਧੀ ਰਾਮ ਅਪਾਹਜ ਆਸ਼ਰਮ ਅਤੇ ਸਾਈਂ ਬਿਰਧ ਆਸ਼ਰਮ, ਪਿੰਡ ਚੌਰਾ, ਪਟਿਆਲਾ ਵਿਖੇ ਸਿਹਤ ਵਿਭਾਗ ਦੀ ਸਹਾਇਤਾ ਨਾਲ ਮੈਡੀਕਲ ਕੈਂਪ ਲਗਾਏ ਗਏ।
ਬੀਰ ਜੀ ਦਸੌਧੀ ਰਾਮ ਅਪਾਹਜ ਆਸ਼ਰਮ ਵਿਖੇ ਲਗਾਏ ਗਏ ਮੈਡੀਕਲ ਕੈਂਪ ਵਿੱਚ 35 ਵਿਅਕਤੀਆਂ ਦਾ ਡਾਕਟਰ ਵਰਿੰਦਰ ਵਰਮਾ ਅਤੇ ਡਾਕਟਰ ਮਨਪ੍ਰੀਤ ਕੌਰ ਵੱਲੋਂ ਮੈਡੀਕਲ ਚੈਕ ਅਪ ਕੀਤਾ ਗਿਆ ਅਤੇ ਸਾਈਂ ਬਿਰਧ ਆਸ਼ਰਮ, ਪਿੰਡ ਚੌਰਾ ਵਿਖੇ ਲਗਾਏ ਗਏ ਮੈਡੀਕਲ ਕੈਂਪ ਵਿਖੇ 28 ਵਿਅਕਤੀਆਂ ਦਾ ਡਾਕਟਰ ਮੁਹੰਮਦ ਸਾਜਿਦ, ਡਾਕਟਰ ਮਨਪ੍ਰੀਤ ਕੌਰ ਅਤੇ ਡਾਕਟਰ ਰਜਿੰਦਰ ਕੁਮਾਰ ਵੱਲੋਂ ਮੈਡੀਕਲ ਚੈੱਕ ਅੱਪ ਕੀਤਾ ਗਿਆ ਅਤੇ ਉਹਨਾਂ ਨੂੰ ਜ਼ਰੂਰੀ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ। ਇਹਨਾਂ ਕੈਂਪਾਂ ਵਿੱਚ ਮੈਡਮ ਮਾਨੀ ਅਰੋੜਾ, ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ/ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਨੇ ਖਾਸ ਤੌਰ ’ਤੇ ਸ਼ਿਰਕਤ ਕੀਤੀ ।
ਇਸ ਤੋਂ ਇਲਾਵਾ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਵੱਲੋਂ ਸਾਈਂ ਬਿਰਧ ਆਸ਼ਰਮ, ਪਿੰਡ ਚੌਰਾ ਅਤੇ ਬੀਰ ਜੀ ਦਸੌਧੀ ਰਾਮ ਅਪਾਹਜ ਆਸ਼ਰਮ, ਪਟਿਆਲਾ ਵਿਖੇ ਕਾਨੂੰਨੀ ਸਾਖਰਤਾ ਪ੍ਰੋਗਰਾਮਾਂ ਦਾ ਆਯੋਜਨ ਵੀ ਕੀਤਾ ਗਿਆ। ਇਸ ਮੌਕੇ ਮੈਡਮ ਮਾਨੀ ਅਰੋੜਾ, ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ/ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਵੱਲੋਂ ਆਸ਼ਰਮਾਂ ਵਿੱਚ ਰਹਿੰਦੇ ਲੋਕਾਂ ਨੂੰ ਵਰਲਡ ਸੀਨੀਅਰ ਡੇਅ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ। ਇਸ ਦੇ ਨਾਲ ਹੀ ਉਹਨਾਂ ਨੂੰ ਨਾਲਸਾ (ਸੀਨੀਅਰ ਸਿਟੀਜ਼ਨ ਨੂੰ ਕਾਨੂੰਨੀ ਸਹਾਇਤਾ) ਸਕੀਮ, 2016, ਮੁਫ਼ਤ ਕਾਨੂੰਨੀ ਸੇਵਾਵਾਂ, ਲੋਕ ਅਦਾਲਤਾਂ ਅਤੇ ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ ।