ਰਾਸ਼ਟਰੀ ਸਿੱਖਿਆ ਨੀਤੀ 2020 ਤਹਿਤ ਲਿਆਂਦੇ ਕੌਮੀ ਪਾਠਕ੍ਰਮ ਫਰੇਮਵਰਕ 2023 ਅਤੇ ਸਕੂਲੀ ਸਿਲੇਬਸ ਤਬਦੀਲੀਆਂ ਤੇ ਡੀ ਟੀ ਐੱਫ ਵੱਲੋਂ ਸੈਮੀਨਾਰ
ਰਾਸ਼ਟਰੀ ਸਿੱਖਿਆ ਨੀਤੀ 2020 ਤਹਿਤ ਲਿਆਂਦੇ ਕੌਮੀ ਪਾਠਕ੍ਰਮ ਫਰੇਮਵਰਕ 2023 ਅਤੇ ਸਕੂਲੀ ਸਿਲੇਬਸ ਤਬਦੀਲੀਆਂ ਤੇ ਡੀ ਟੀ ਐੱਫ ਵੱਲੋਂ ਸੈਮੀਨਾਰ
~’ਸਿਲੇਬਸ ਦੀ ਛਾਂਗ ਛਗਾਂਈ : ਤਰਕ ਵਿਰੋਧੀ ਅਤੇ ਵਿਵੇਕ ਵਿਰੋਧੀ’ ਕਿਤਾਬਚਾ ਜਾਰੀ
~ਪੰਜਾਬ ਸਰਕਾਰ ਤੋਂ ਵਿਧਾਨਸਭਾ ਵਿੱਚ ਨਵੀਂ ਸਿੱਖਿਆ ਨੀਤੀ ਅਤੇ ਕੌਮੀ ਪਾਠਕ੍ਰਮ ਫਰੇਮਵਰਕ 2023 ਨੂੰ ਰੱਦ ਕਰਨ ਦੀ ਮੰਗ
6 ਅਗਸਤ, ਪਟਿਆਲਾ ( ) ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਅਤੇ ਜਨਰਲ ਸਕੱਤਰ ਮੁਕੇਸ਼ ਕੁਮਾਰ ਦੀ ਅਗਵਾਈ ਹੇਠ ਕੇਂਦਰ ਦੀ ਭਾਜਪਾ ਸਰਕਾਰ ਦੁਆਰਾ ਨਿੱਜੀਕਰਨ, ਕੇਂਦਰੀਕਰਨ ਅਤੇ ਭਗਵੇਂਕਰਨ ਪੱਖੀ ਰਾਸ਼ਟਰੀ ਸਿੱਖਿਆ ਨੀਤੀ 2020 ਤਹਿਤ ਲਿਆਂਦੇ ਕੌਮੀ ਪਾਠਕ੍ਰਮ ਫਰੇਮਵਰਕ 2023 ਅਤੇ ਸਕੂਲੀ ਸਿਲੇਬਸ ਤਬਦੀਲੀਆਂ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਇੰਸ ਆਡੀਟੋਰੀਅਮ ਵਿਖੇ ਸਾਂਝਾ ਵਿਦਿਆਰਥੀ ਮੋਰਚਾ ਦੇ ਸਹਿਯੋਗ ਨਾਲ ਸੈਮੀਨਾਰ ਕਰਵਾਇਆ ਗਿਆ।
ਸੈਮੀਨਾਰ ਦੀ ਸ਼ੁਰੂਆਤ ਡੀ.ਟੀ.ਐੱਫ ਆਗੂ ਰਾਜੀਵ ਬਰਨਾਲਾ ਵੱਲੋਂ ਸਵਾਗਤੀ ਭਾਸ਼ਣ ਦੌਰਾਨ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਬਹੁਕੌਮੀ ਢਾਂਚੇ ਵਿਰੁੱਧ ਵਿੱਢੇ ਹਮਲੇ ਖਿਲਾਫ ਬੁੱਧੀਜੀਵੀ ਵਰਗ ਨੂੰ ਲੋਕਾਈ ਨੂੰ ਨਾਲ ਲੈਂਦਿਆਂ ਸੇਧ ਦੇਣ ਦਾ ਕਾਰਜ ਕਰਨ ਦਾ ਸੱਦਾ ਦਿੰਦਿਆਂ ਕੀਤੀ ਗਈ।
ਸੈਮੀਨਾਰ ਦੇ ਮੁੱਖ ਬੁਲਾਰੇ ਰਜਿੰਦਰ ਬਰਾੜ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਅਤੇ ਕੌਮੀ ਪਾਠਕ੍ਰਮ ਫਰੇਮਵਰਕ ਵਿੱਚ ਲੱਛੇਦਾਰ ਸ਼ਬਦਜਾਲ ਬੁਣ ਕੇ ਕਾਰਪੋਰੇਟ ਦਾ ਪੱਖ ਪੂਰਦਿਆਂ ਸਿੱਖਿਆ ਦਾ ਨਿੱਜੀਕਰਨ ਕਰਦਿਆਂ ਬਹੁਗਿਣਤੀ ਵਿੱਚੋਂ ਕੱਟੜ ਲੋਕਾਂ ਨੂੰ ਆਰ.ਐੱਸ.ਐੱਸ ਦੀ ਵਿਚਾਰਧਾਰਾ ਦੀ ਪਾਣ ਚੜ੍ਹਾਉਣ ਲਈ ਤਬਦੀਲੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਮੇਂ ਨਾਲ ਭਾਂਵੇ ਸਿੱਖਿਆ ਵਿੱਚ ਤਬਦੀਲੀਆਂ ਜ਼ਰੂਰੀ ਹੁੰਦੀਆਂ ਹਨ ਪਰ ਇਸਦੀ ਦਿਸ਼ਾ ਹੀ ਦੇਸ਼ ਦਾ ਭਵਿੱਖ ਤੈਅ ਕਰਦੀ ਹੈ। ਇਸ ਦੀ ਦਿਸ਼ਾ ਲੋਕ ਪੱਖੀ ਬਣਾਉਣ ਲਈ ਲੋਕਾਂ ਨੂੰ ਸਾਂਝਾ ਮੋਰਚਾ ਬਣਾਉਂਦਿਆਂ ਨਿਰੰਤਰ ਸੰਘਰਸ਼ ਦੇ ਮੈਦਾਨ ਵਿੱਚ ਰਹਿਣਾ ਪੈਣਾ ਹੈ। ਡੀ.ਐੱਮ.ਐੱਫ ਪੰਜਾਬ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਗੌਰਵਮਈ ਇਤਿਹਾਸ ਦੇ ਨਾਂ ਤੇ ਡਾਰਵਿਨ ਦੇ ਸਿਧਾਂਤ, ਮੁਗ਼ਲ ਕਾਲ ਅਤੇ ਲੋਕ ਲਹਿਰਾਂ ਨੂੰ ਕੌਮੀ ਪਾਠਕ੍ਰਮ ਫਰੇਮਵਰਕ ਤੋਂ ਬਾਹਰ ਕੱਢ ਕੇ ਨੌਜਵਾਨਾਂ ਨੂੰ ਆਰ.ਐੱਸ.ਐੱਸ. ਦੀ ਵਿਚਾਰਧਾਰਾ ਪਿੱਛੇ ਲਗਾਉਣ ਦੀ ਸਾਜ਼ਿਸ਼ ਤੋਂ ਚੌਕੰਨੇ ਹੋਣ ਦਾ ਸੱਦਾ ਦਿੱਤਾ।
ਡੀ.ਟੀ.ਐੱਫ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੌਮੀ ਪਾਠਕ੍ਰਮ ਫਰੇਮਵਰਕ ਰਾਹੀਂ ਸਿੱਖਿਆ ਦਾ ਕੇਂਦਰੀਕਰਨ ਕਰਦਿਆਂ ਦੇਸ਼ ਦੀਆਂ ਵਿਭਿੰਨਤਾਵਾਂ ਨੂੰ ਨਕਾਰਦਿਆਂ ਇੱਕੋ ਇੱਕੋ ਵਿਚਾਰਧਾਰਾ ਦੇ ਮੁਦੱਈ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਪਾਠਕ੍ਰਮ ਫਰੇਮਵਰਕ ਬਾਰੇ ਕੋਠਾਰੀ ਕਮਿਸ਼ਨ ਦੀ ਉਦਾਹਰਣ ਦਿੰਦਿਆਂ ਪਾਠਕ੍ਰਮ ਦੇ ਵਿਕੇਂਦਰੀਕਰਨ ਦੀ ਲੋੜ ਨੂੰ ਸਿੱਖਿਆ ਦੇ ਵਿਕਾਸ ਲਈ ਜ਼ਰੂਰੀ ਐਲਾਨਿਆ। ਉਨ੍ਹਾਂ ਆਪਣੇ ਵਿਚਾਰ ਪੇਸ਼ ਕਰਦਿਆਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਨਵੀਂ ਸਿੱਖਿਆ ਨੀਤੀ ਅਤੇ ਕੌਮੀ ਪਾਠਕ੍ਰਮ ਫਰੇਮਵਰਕ ਖਿਲਾਫ ਵਿਧਾਨਸਭਾ ਵਿੱਚ ਰੱਦ ਕਰਨ ਦਾ ਮਤਾ ਪਾਵੇ।
ਵਿਦਿਆਰਥੀ ਆਗੂਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਅਮਨਦੀਪ ਸਿੰਘ, ਏ.ਆਈ.ਐੱਸ. ਐੱਫ ਦੇ ਵਰਿੰਦਰ ਖੁਰਾਣਾ,ਪੀ.ਐੱਸ.ਯੂ (ਲਲਕਾਰ) ਦੇ ਹਰਪ੍ਰੀਤ ਸਿੰਘ, ਪੀ. ਆਰ.ਐੱਸ.ਯੂ ਦੇ ਸੰਦੀਪ ਨੇ ਕੇਂਦਰ ਸਰਕਾਰ ਵੱਲੋਂ ਸਿਲੇਬਸ ਤਬਦੀਲੀਆਂ ਤੇ ਚਿੰਤਾ ਜ਼ਾਹਰ ਕਰਦਿਆਂ ਸਿੱਖਿਆ ਨੂੰ ਸੰਦ ਵਜੋਂ ਵਰਤਦੇ ਹੋਏ ਕਾਰਪੋਰੇਟ ਦੀ ਸੇਵਾ ਦਾ ਸਾਧਨ ਬਣਾਉਣ ਦੋਸ਼ ਲਗਾਇਆ।
ਇਸ ਮੌਕੇ ਸਿਲੇਬਸ ਦੀ ਛਾਂਗ ਛਗਾਂਈ : ਤਰਕ ਵਿਰੋਧੀ ਅਤੇ ਵਿਵੇਕ ਵਿਰੋਧੀ’ ਜਾਰੀ ਕੀਤੇ ਕਿਤਾਬਚੇ ਬਾਰੇ ਟਿੱਪਣੀ ਕਰਦਿਆਂ ਦਵਿੰਦਰ ਸਿੰਘ ਪੂਨੀਆ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਅਤੇ ਕੌਮੀ ਪਾਠਕ੍ਰਮ ਫਰੇਮਵਰਕ ਖਿਲਾਫ ਕਿਸਾਨ ਵਿਰੋਧੀ ਕਾਨੂੰਨਾਂ ਖਿਲਾਫ਼ ਕਿਸਾਨਾਂ ਵਾਂਗ ਸੰਘਰਸ਼ ਕਰਨ ਦੀ ਲੋੜ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀ.ਟੀ.ਐੱਫ ਦੇ ਜਗਪਾਲ ਬੰਗੀ, ਬੇਅੰਤ ਫੂਲੇਵਾਲਾ, ਗੁਰਪਿਆਰ ਕੋਟਲੀ, ਜਸਵਿੰਦਰ ਔਜਲਾ, ਰਘਬੀਰ ਭਵਾਨੀਗੜ੍ਹ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸ਼ਨ, ਪਵਨ ਕੁਮਾਰ ਮੁਕਤਸਰ, ਮਹਿੰਦਰ ਕੌੜਿਆਂਵਾਲੀ, ਸੁਖਦੇਵ ਡਾਨਸੀਵਾਲ, ਅਤਿੰਦਰਪਾਲ ਘੱਗਾ, ਸੁਖਵਿੰਦਰ ਗਿਰ, ਪ੍ਰਤਾਪ ਸਿੰਘ, ਗਿਆਨ ਚੰਦ, ਮਨੋਹਰ ਲਾਲ, ਪਰਮਿੰਦਰ ਮਾਨਸਾ, ਗੁਰਮਖ ਲੋਕਪ੍ਰੇਮੀ, ਰਾਜਵਿੰਦਰ ਧਨੋਆ, ਜੰਗਪਾਲ ਰਾਏਕੋਟ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁਲਾਜ਼ਮ ਆਗੂ ਕੁਲਵਿੰਦਰ ਸਿੰਘ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਰਣਬੀਰ ਰੰਧਾਵਾ, ਓ.ਡੀ.ਐੱਲ ਅਧਿਆਪਕ ਯੂਨੀਅਨ ਦੇ ਹਰਿੰਦਰ ਸ਼ਰਮਾ ਵੀ ਹਾਜ਼ਰ ਸਨ।