ਕੁਦਰਤੀ ਆਫਤਾਂ ਸਮੇਂ ਮੂਹਰੀ ਭੂਮਿਕਾ ਨਿਭਾਉਣ ਵਾਲੀ ਖਾਲਸਾ ਏਡ ਸੰਸਥਾ ਤੇ ਛਾਪੇਮਾਰੀ ਨਿੰਦਣਯੋਗ: ਨਿਹੰਗ ਮੁਖੀ ਬਾਬਾ ਬਲਬੀਰ ਸਿੰਘ

ਕੁਦਰਤੀ ਆਫਤਾਂ ਸਮੇਂ ਮੂਹਰੀ ਭੂਮਿਕਾ ਨਿਭਾਉਣ ਵਾਲੀ ਖਾਲਸਾ ਏਡ ਸੰਸਥਾ ਤੇ ਛਾਪੇਮਾਰੀ ਨਿੰਦਣਯੋਗ: ਨਿਹੰਗ ਮੁਖੀ ਬਾਬਾ ਬਲਬੀਰ ਸਿੰਘ
ਅੰਮ੍ਰਿਤਸਰ:- 5 ਅਗਸਤ ( ) ਨਿਹੰਗ ਸਿੰਘਾਂ ਦੀ ਮੁੱਖ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਭਾਰਤ ਅੰਦਰ ਸਰਕਾਰਾਂ ਵੱਲੋਂ ਵਰਤੀਆਂ ਜਾ ਰਹੀਆਂ ਏਜੰਸੀਆਂ, ਫੋਰਸਾਂ ਦੇ ਰਵੱਈਏ ਤੇ ਕਾਰਗੁਜਾਰੀ ਤੇ ਅਫਸੋਸ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਿੱਖਾਂ ਨਾਲ ਧੱਕੇਸ਼ਾਹੀ, ਬੇਇਨਸਾਫੀ ਤੇ ਉਨ੍ਹਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਖਾਲਸਾ ਏਡ ਸੰਸਥਾ ਕੋਈ ਵੱਖਵਾਦੀ, ਅਤਿਵਾਦੀ ਨਹੀਂ ਹੈ ਉਹ ਮਨੁੱਖਤਾ ਦੇ ਭਲੇ ਲਈ ਕਾਰਜ ਕਰ ਰਹੀ ਹੈ ਜਿਥੇ ਕੁਦਰਤੀ ਆਫਤਾਂ ਵੇਲੇ ਰਾਹਤ ਕਾਰਜਾਂ ਲਈ ਸਰਕਾਰਾਂ ਨਹੀਂ ਪੁਜ ਸਕਦੀਆਂ ਉਥੇ ਇਹ ਸੰਸਥਾ ਦੇ ਕਾਰਕੁਨ ਪੀੜਤਾਂ ਦੀ ਮਦਦ ਲਈ ਮਸੀਹਾ ਬਣਦੇ ਹਨ। ਕੋਈ ਹੱਦਬੰਦੀ ਜਾਂ ਨਸਲਵਾਦ ਰੰਗ ਰੂਪ ਦੇ ਭਿੰਨਭੇਦ ਤੋਂ ਬਗੈਰ ਗੁਰੂ ਦੇ ਸਿੱਖ ਇਹ ਕਾਰਜ ਕਰਦੇ ਹਨ। ਸਰਕਾਰਾਂ ਨੂੰ ਅਜਿਹੇ ਲੋਕਾਂ ਅਤੇ ਸੰਸਥਾਵਾਂ ਦੇ ਧੰਨਵਾਦੀ ਹੋਣਾ ਚਾਹੀਦਾ ਹੈ ਨਾ ਕਿ ਈ.ਡੀ ਰਾਹੀਂ ਉਨ੍ਹਾਂ ਦੇ ਦਫ਼ਤਰਾਂ ‘ਚ ਛਾਪੇ ਮਾਰੇ ਜਾਣ, ਇਹ ਬੇਹੱਦ ਅਫਸੋਸਜਨਕ ਹੈ।
ਉਨ੍ਹਾਂ ਕਿਹਾ ਕਿ ਯੂ.ਕੇ ਦੇ ਸੰਸਦ ਮੈਂਬਰ ਸ. ਤਰਮਨਜੀਤ ਸਿੰਘ ਨੂੰ ਕਈ ਘੰਟੇ ਅੰਮ੍ਰਿਤਸਰ ਹਵਾਈ ਅੱਡੇ ਤੇ ਰੋਕੀ ਰੱਖਣਾ ਬੇਪਤ ਕਰਨ ਵਾਲੀ ਕਾਰਵਾਈ ਹੈ ਜੋ ਕਿਸੇ ਤਰ੍ਹਾਂ ਵੀ ਉਚਿਤ ਨਹੀਂ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਸਿੱਖਾਂ ਨੂੰ ਕੁਰੇਦਿਆ ਜਾ ਰਿਹਾ ਹੈ। ਜਗਦੀਸ਼ ਟਾਇਟਲਰ ਨੂੰ ਅਗਾੳ ਜਮਾਨਤ ਵੀ ਸਿੱਖਾਂ ਨਾਲ ਵੱਡੀ ਬੇਇਨਸਾਫੀ ਹੈ। ਚਾਰ ਦਹਾਕਿਆਂ ਤੋਂ ਸਿੱਖ ਏਹੀ ਲੜਾਈ ਲੜ ਰਹੇ ਹਨ ਕਿ ਟਾਈਟਲਰ ਸਿੱਖਾਂ ਦਾ ਦੋਸ਼ੀ ਹੈ। ਉਨ੍ਹਾਂ ਕਿਹਾ ਕਿ ਹਰ ਖੇਤਰ ਤੇ ਹਰ ਦੇਸ਼ ਵਿੱਚ ਸਿੱਖਾਂ ਨੇ ਦੇਸ਼ਪ੍ਰਸਤੀ ਲਈ ਵੱਡੀ ਤੇ ਸ਼ਾਨਾਮੱਤੀ ਭੂਮਿਕਾ ਨਿਭਾਈ ਹੈ। ਅਜਿਹੇ ਹਲਾਤ ਪੈਦਾ ਨਹੀਂ ਹੋਣ ਦੇਣੇ ਚਾਹੀਦੇ ਜਿਸ ਨਾਲ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਹੋਵੇ।
