ਹੜ੍ਹਾਂ ਦੌਰਾਨ 14 ਜਾਨਾਂ ਬਚਾਉਣ ਵਾਲੇ ਜਾਂਬਾਜ ਵਿਦਿਆਰਥੀ ਦਾ ਸਨਮਾਨ
ਹੜ੍ਹਾਂ ਦੌਰਾਨ 14 ਜਾਨਾਂ ਬਚਾਉਣ ਵਾਲੇ ਜਾਂਬਾਜ ਵਿਦਿਆਰਥੀ ਦਾ ਸਨਮਾਨ
ਪਟਿਆਲਾ– ਹੜ੍ਹਾਂ ਦੌਰਾਨ 14 ਕੀਮਤੀ ਜਾਨਾਂ ਬਚਾਉਣ ਵਾਲੇ ਸਰਕਾਰੀ ਕੋ-ਐਡ ਮਲਟੀਪਰਪਜ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਾ ਸੀ ਰੋਡ ਪਟਿਆਲਾ ਦੇ ਜਾਂਬਾਜ ਵਿਦਿਆਰਥੀ ਦਾ ਸਨਮਾਨ ਕਰਨ ਲਈ ਪ੍ਰਿੰਸੀਪਲ ਵਿਜੇ ਕਪੂਰ ਦੀ ਅਗਵਾਈ ਹੇਠ ਇੱਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਚੜ੍ਹਦੀ ਕਲਾ ਗਰੁੱਪ ਦੇ ਚੇਅਰਮੈਨ ਜਗਜੀਤ ਸਿੰਘ ਦਰਦੀ ਨੇ ਸ਼ਿਰਕਤ ਕੀਤੀ। ਇਨ੍ਹਾਂ ਤੋਂ ਇਲਾਵਾ ਅਲੁਮਨੀ ਐਸੋਸ਼ੀਏਸ਼ਨ ਦੇ ਪ੍ਰਧਾਨ ਕੁਲਦੀਪ ਸਿੰਘ ਗਰੇਵਾਲ, ਪੈਟਰਨ ਕੁਲਬੀਰ ਸਿੰਘ ਸ਼ੇਰਗਿੱਲ ਅਤੇ ਸੀਨੀਅਰ ਮੀਤ ਪ੍ਰਧਾਨ ਤੋਤਾ ਸਿੰਘ ਚਹਿਲ ਨੇ ਸ਼ਿਰਕਤ ਕੀਤੀ। ਜਿਨ੍ਹਾਂ ਨੇ ਸਕੂਲ ਦੇ ਦਸਵੀਂ ਜਮਾਤ ਦੇ ਜਾਂਬਾਜ ਵਿਦਿਆਰਥੀ ਸੁਹੇਲ ਖਾਨ ਦਾ ਮੋਮੈਂਟੋ ਅਤੇ ਨਕਦ ਰਾਸ਼ੀ ਦੇ ਕੇ ਸਨਮਾਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਪ੍ਰਿੰਸੀਪਲ ਨੈਸ਼ਨਲ ਐਵਾਰਡੀ ਤੋਤਾ ਸਿੰਘ ਚਹਿਲ ਨੇ ਕਿਹਾ ਕਿ ਇਹ ਸਕੂਲ ਪੰਜਾਬ ਦੇ ਨਾਮੀ ਸਕੂਲਾਂ ਵਿੱਚੋਂ ਇੱਕ ਹੈ। ਜਿਸ ਵਿੱਚੋਂ ਹਜਾਰਾਂ ਦੀ ਗਿਣਤੀ ਵਿੱਚ ਖਿਡਾਰੀ ਪੈਦਾ ਹੋਏ ਹਨ। ਉਨ੍ਹਾਂ ਕਿਹਾ ਕਿ ਉਕਤ ਵਿਦਿਆਰਥੀ ਨੇ ਪਟਿਆਲਾ ਵਿਖੇ ਆਏ ਹੜ੍ਹਾਂ ਦੌਰਾਨ 14 ਕੀਮਤੀ ਜਾਨਾਂ ਬਚਾਅ ਕੇ ਇੱਕ ਮਿਸਾਲ ਕਾਇਮ ਕੀਤੀ ਹੈ। ਉਕਤ ਵਿਦਿਆਰਥੀ ਡਾਈਵਿੰਗ ਸਕਿੱਲ ਦੀ ਮੁਹਾਰਤ ਰੱਖਦਾ ਹੈ।
ਇਸ ਦੌਰਾਨ ਸਕੂਲ ਪ੍ਰਿੰਸੀਪਲ ਵਿਜੇ ਕਪੂਰ ਨੇ ਸਮੂਹ ਅਲੁਮਨੀ ਦਾ ਧੰਨਵਾਦ ਕਰਦਿਆਂ ਸਕੂਲ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਸਮੂਹ ਅਲੁਮਨੀ ਮੈਂਬਰ, ਤਿੰਨੋਂ ਵਿੰਗ ਦੇ ਇੰਚਾਰਜ ਮਨਪ੍ਰੀਤ ਕੌਰ, ਸੁਮਨ ਬਾਲਾ, ਹਰਵਿੰਦਰ ਸਿੰਘ, ਰਣਜੀਤ ਸਿੰਘ, ਤੇਜਿੰਦਰ ਕੌਸ਼ਿਸ਼, ਬਲਵਿੰਦਰ ਸਿੰਘ, ਰਵਿੰਦਰ ਸਿੰਘ, ਜਪਿੰਦਰਪਾਲ ਸਿੰਘ, ਪੁਸ਼ਪਿੰਦਰ ਕੌਰ, ਰਚਨਾ ਦੇਵੀ ਤੇ ਰਾਜ ਕੌਰ ਆਦਿ ਹਾਜ਼ਰ ਸਨ।