ਪਾਕਿਸਤਾਨ ਤੇ ਅਫਗਾਨਿਸਤਾਨ ਦੀਆਂ ਸਰਕਾਰਾਂ ਘੱਟ ਗਿਣਤੀਆਂ ਦੇ ਗੁਰਧਾਮਾਂ ਦੀ ਸਾਂਭ ਸੰਭਾਲ ਦੀ ਥਾਂ ਨੇਸਤੋਨਬੂਦ ਕਰਨ ‘ਚ ਰੁਝੀਆਂ: ਬਾਬਾ ਬਲਬੀਰ ਸਿੰਘ ਅਕਾਲੀ
ਪਾਕਿਸਤਾਨ ਤੇ ਅਫਗਾਨਿਸਤਾਨ ਦੀਆਂ ਸਰਕਾਰਾਂ ਘੱਟ ਗਿਣਤੀਆਂ ਦੇ ਗੁਰਧਾਮਾਂ ਦੀ ਸਾਂਭ ਸੰਭਾਲ ਦੀ ਥਾਂ ਨੇਸਤੋਨਬੂਦ ਕਰਨ ‘ਚ ਰੁਝੀਆਂ: ਬਾਬਾ ਬਲਬੀਰ ਸਿੰਘ ਅਕਾਲੀ
ਅੰਮ੍ਰਿਤਸਰ:- 26 ਜੁਲਾਈ ( ) ਨਿਹੰਗ ਸਿੰਘਾਂ ਦੀ ਮੁਖ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਪਾਕਿਸਤਾਨ ਤੇ ਅਫਗਾਨਿਸਤਾਨ ਅੰਦਰ ਗੁਰਦੁਆਰਿਆਂ ਦੀਆਂ ਇਮਾਰਤਾਂ ਨੂੰ ਪੁੱਜ ਰਹੇ ਨੁਕਸਾਨ ਤੇ ਚਿੰਤਾ ਵਿਅਕਤ ਕਰਦਿਆਂ ਕਿਹਾ ਕਿ ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਘੱਟ ਗਿਣਤੀ ਮਨੁੱਖੀ ਭਾਈਚਾਰੇ ਦੇ ਗੁਰਧਾਮ ਅਤੇ ਉਨ੍ਹਾਂ ਦੇ ਪਰਿਵਾਰ ਸੁਰੱਖਿਅਤ ਨਹੀਂ ਹਨ। ਅਫਗਾਨਿਸਤਾਨ ਵਿੱਚ ਤਾਂ ਘੱਟ ਗਿਣਤੀ ‘ਚ ਵੱਸਣ ਵਾਲਾ ਸਿੱਖ ਭਾਈਚਾਰਾ ਲਗਭਗ ਹਿਜ਼ਰਤ ਕਰ ਚੁੱਕਾ ਹੈ। ਗਿਣਤੀ ਦੇ ਸਿੱਖ ਹੀ ਉਥੇ ਰਹਿ ਰਹੇ ਹਨ। ਪਾਕਿਸਤਾਨ ਵਿੱਚ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਤੇ ਬਾਕੀ ਗੁਰੂ ਸਾਹਿਬਾਨਾਂ ਨਾਲ ਸਬੰਧਤ ਪੁਰਾਤਨ ਗੁਰਧਾਮ ਬਹੁਗਿਣਤੀ ਵਿਚ ਹਨ, ਸਰਕਾਰਾਂ ਦੀ ਅਣਦੇਖੀ ਕਾਰਨ ਨੇਸਤੋਨਬੂਦ ਹੋ ਰਹੇ ਹਨ, ਉਨ੍ਹਾਂ ਕਿਹਾ ਤਿੰਨ ਚਾਰ ਗੁਰਦੁਆਰਿਆਂ ਦੀਆਂ ਇਮਾਰਤਾਂ ਮੌਜੂਦਾ ਬਾਰਸ਼ਾਂ ਦੀ ਮਾਰ ਨਾ ਝਲਦੀਆਂ ਢਹਿ ਢੇਰੀ ਹੋ ਗਈਆਂ ਹਨ। ਉਨ੍ਹਾਂ ਕਿਹਾ ਭਾਰਤ ਸਰਕਾਰ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਵਿਦੇਸ਼ੀ ਮੰਤਰੀ ਸ੍ਰੀ ਜੈ ਸ਼ੰਕਰ ਨੂੰ ਪਾਕਿਸਤਾਨ ਤੇ ਅਫਗਾਨਿਸਤਾਨ ਸਰਕਾਰ ਨੂੰ ਜ਼ੋਰਦਾਰ ਤਰੀਕੇ ਨਾਲ ਕਹਿਣਾ ਚਾਹੀਦਾ ਹੈ ਕਿ ਉਹ ਘੱਟ ਗਿਣਤੀਆਂ ਦੇ ਗੁਰਧਾਮਾਂ ਦੀ ਸੁਰੱਖਿਆ ਵੱਲ ਵਿਸ਼ੇਸ਼ ਧਿਆਨ ਦੇਣ।
ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14 ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਲੰਮੇ ਸਮੇਂ ਤੋਂ ਪਾਕਿਸਤਾਨ ਵਿੱਚ ਵਸਦੇ ਸਿੱਖਾਂ ਤੇ ਹਿੰਦੂਆਂ ਨਾਲ ਧੱਕੇਸ਼ਾਹੀਆਂ ਦਾ ਦੌਰ ਜਾਰੀ ਹੈ ਅਤੇ ਗੁਰਧਾਮਾਂ ਉਪਰ ਭੂਮਾਫੀਆਂ ਦਾ ਕਬਜ਼ਾ ਸਰਕਾਰੀ ਸ਼ਹਿ ਤੇ ਬਰਕਰਾਰ ਹੈ। ਉਨ੍ਹਾਂ ਰੋਸ ਪ੍ਰਗਟ ਕਰਦਿਆਂ ਕਿਹਾ ਕੁੱਝ ਕੁ ਅਸਥਾਨ ਹੀ ਦਰਸ਼ਨਾਂ ਯੋਗ ਹਨ, ਬਾਕੀਆਂ ਵਿੱਚ ਡੰਗਰਾਂ ਦੇ ਵਾੜੇ, ਤੂੜੀ ਭੰਡਾਰ ਅਤੇ ਪਾਥੀਆਂ ਦੇ ਸਟੋਰ ਬਨੇ ਹੋਏ ਹਨ। ਪਾਕਿਸਤਾਨ ਵਿਚਲੇ ਪੰਜਾਬ ਦੇ ਕਸੂਰ ਜ਼ਿਲ੍ਹੇ ‘ਚ ਲਾਹੌਰ ਫਿਰੋਜ਼ਪੁਰ ਰੋਡ ‘ਤੇ ਲਾਲਯਾਨੀ ਕਸਬੇ ਨੇੜੇ ਪਿੰਡ ਦਫਤੂ ਸਥਿਤ ਗੁਰੂਘਰ ਦੀ ਇਤਿਹਾਸਕ ਇਮਾਰਤ ਦਾ ਵੱਡਾ ਹਿੱਸਾ ਡਿੱਗ ਪਿਆ ਹੈ। ਗੁਰਦੁਆਰਾ ਰੋੜੀ ਸਾਹਿਬ ਦੀ ਇਮਾਰਤ ਢਹਿਢੇਰੀ ਹੋ ਗਈ ਹੈ। ਸ਼ਾਹੀਵਾਲ ਜ਼ਿਲ੍ਹੇ ਦੇ ਪਾਕਪੱਟਨ ਦੇ ਗੁ: ਟਿੱਬਾ ਨਾਨਕਸਰ ਸਾਹਿਬ ਦੀ ਇਮਾਰਤ ਵੀ ਕਿਸੇ ਸਮੇਂ ਨਸ਼ਟ ਹੋ ਸਕਦੀ ਹੈ।
ਉਨ੍ਹਾਂ ਕਿਹਾ ਪਾਕਿਸਤਾਨ ਦੀ ਸਰਕਾਰ ਦਾ ਇਨ੍ਹਾਂ ਇਤਿਹਾਸਕ ਪੁਰਾਤਨ ਇਮਾਰਤਾਂ ਦੀ ਸੇਵਾ ਸੰਭਾਲ ਵੱਲ ਕੋਈ ਧਿਆਨ ਨਹੀਂ ਹੈ ਪਰ ਉਨ੍ਹਾਂ ਲਾਗੇ ਸਥਿਤ ਸਾਰੀਆਂ ਮਸਜਿਦਾਂ ਦੀ ਮੁਰੰਮਤ ਅਤੇ ਸਫ਼ੇਦੀ ਲਗਾਤਾਰ ਹੁੰਦੀ ਰਹਿੰਦੀ ਹੈ।ਪਾਕਿਸਤਾਨ ਇਵੈਕੁਈ ਪ੍ਰਾਪਰਟੀ ਬੋਰਡ ਤੇ ਪਾਕਿ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਾਪਰਵਾਹੀ ਕਾਰਨ ਹੀ ਦਫ਼ਤੂ ਲਾਗਲੇ ਗੁਰੂਘਰ ਦੀ ਹਾਲਤ ਤਾਂ ਇੱਥੋਂ ਤਕ ਵਿਗੜੀ ਹੋਈ ਹੈ ਕਿ ਪਿੰਡ ਵਾਸੀ ਆਪਣੇ ਡੰਗਰ-ਵੱਛੇ ਉਥੇ ਬੰਨ੍ਹਣ ਲੱਗ ਪਏ ਹਨ ਅਤੇ ਉਥੇ ਚੁਫ਼ੇਰੇ ਪਾਥੀਆਂ ਦੇ ਢੇਰ ਲੱਗੇ ਵੇਖੇ ਜਾ ਸਕਦੇ ਹਨ, ਗੁਰਦੁਆਰਾ ਸਾਹਿਬ ਦੇ ਕਮਰਿਆਂ ‘ਚ ਹਰ ਪਾਸੇ ਗੰਦਗੀ ਤੇ ਪਸ਼ੂਆਂ ਦੇ ਚਾਰੇ ਤੋਂ ਇਲਾਵਾ ਹੋਰ ਕੁੱਝ ਵਿਖਾਈ ਨਹੀਂ ਦਿੰਦਾ । ਉਨ੍ਹਾਂ ਕਿਹਾ ਪਾਕਿਸਤਾਨ ਨੇ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ ਦੀ ਜ਼ਿੰਮੇਵਾਰੀ ਸਿੱਖ ਧਾਰਮਿਕ ਤੀਰਥ ਅਸਥਾਨਾਂ ਦੀ ਦੇਖਭਾਲ ਕਰਨਾ ਤੇ ਮੁਰੰਮਤ ਕਰਵਾਉਣਾ ਹੈ ਪਰ ਇਸ ਬੋਰਡ ਦਾ ਮੁਖੀ ਅੱਜ ਤੀਕ ਕਦੇ ਕਿਸੇ ਘੱਟ ਗਿਣਤੀ ਦੇ ਨੂੰ ਨਹੀਂ ਬਣਾਇਆ ਗਿਆ, ਇਸੇ ਕਾਰਨ ਗੁਰੂਘਰਾਂ ਵੱਲ ਜਾਣਬੁੱਝ ਕੇੇ ਕਦੇ ਕਿਸੇ ਨਹੀਂ ਧਿਆਨ ਨਹੀਂ ਦਿੱਤਾ। ਉਨ੍ਹਾਂ ਮੁੜ ਪਾਕਿਸਤਾਨ ਸਰਕਾਰ ਅਤੇ ਭਾਰਤ ਸਰਕਾਰ ਨੂੰ ਘੱਟ ਗਿਣਤੀਆਂ ਦੇ ਗੁਰਧਾਮਾਂ ਦੀ ਸੁਰੱਖਿਆ ਤੇ ਸਾਂਭ ਸੰਭਾਲ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦੇਣ ਲਈ ਕਿਹਾ ਹੈ।