ਕਰਨਾਟਕ ਦੇ ਹੰਪੀ ਨੇੜੇ ਇਜ਼ਰਾਈਲੀ ਸੈਲਾਨੀ ਸਮੇਤ ਦੋ ਔਰਤਾਂ ਨਾਲ ਜਬਰ ਜਨਾਹ

ਦੁਆਰਾ: Punjab Bani ਪ੍ਰਕਾਸ਼ਿਤ :Saturday, 08 March, 2025, 11:23 AM

ਕਰਨਾਟਕ ਦੇ ਹੰਪੀ ਨੇੜੇ ਇਜ਼ਰਾਈਲੀ ਸੈਲਾਨੀ ਸਮੇਤ ਦੋ ਔਰਤਾਂ ਨਾਲ ਜਬਰ ਜਨਾਹ
ਕੋਪੱਲ, 8 ਮਾਰਚ : ਭਾਰਤ ਦੇਸ਼ ਦੇ ਸੂਬੇ ਕਰਨਾਟਕ ਦੇ ਹੰਪੀ ਨੇੜੇ ਸਨਾਪੁਰ ਝੀਲ ਦੇ ਕੰਢੇ ਕਥਿਤ ਤੌਰ ‘ਤੇ ਸਮੂਹਿਕ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਕਿ ਜਿਨ੍ਹਾਂ ਨਾਲ ਸਮੂਹਿਕ ਜਬਰ ਜਨਾਹ ਕੀਤਾ ਗਿਆ ਹੈ ਵਿਚ 27 ਸਾਲਾ ਇਜ਼ਰਾਈਲੀ ਸੈਲਾਨੀ ਸਮੇਤ ਦੋ ਔਰਤਾਂ ਸ਼ਾਮਲ ਹਨ। ਪੁਲਸ ਦੇ ਦੱਸਣ ਅਨੁਸਾਰ ਇਹ ਘਟਨਾ ਵੀਰਵਾਰ ਰਾਤ 11 ਵਜੇ ਦੇ ਕਰੀਬ ਵਾਪਰੀ ਜਦੋਂ ਰਾਤ ਦੇ ਖਾਣੇ ਤੋਂ ਬਾਅਦ ਹੋਮਸਟੇਅ ਦੀ ਇੱਕ 29 ਸਾਲਾ ਮਹਿਲਾ ਸੰਚਾਲਕ ਇਜ਼ਰਾਈਲੀ ਸੈਲਾਨੀ ਅਤੇ ਤਿੰਨ ਹੋਰ ਪੁਰਸ਼ ਸੈਲਾਨੀਆਂ ਨਾਲ ਨਹਿਰ ਦੇ ਕੰਢੇ ਬੈਠੀ ਸੰਗੀਤ ਦਾ ਆਨੰਦ ਮਾਣ ਰਹੀ ਸੀ । ਪੁਲਸ ਨੇ ਦੱਸਿਆ ਕਿ ਪੁਰਸ਼ ਸੈਲਾਨੀਆਂ ਵਿੱਚੋਂ ਇਕ ਅਮਰੀਕਾ ਤੋਂ ਸੀ, ਜਦੋਂ ਕਿ ਬਾਕੀ ਉੜੀਸਾ ਅਤੇ ਮਹਾਰਾਸ਼ਟਰ ਤੋਂ ਸਨ । ਪੁਲਸ ਕੋਲ ਦਰਜ ਸ਼ਿਕਾਇਤ ਵਿੱਚ ਹੋਮਸਟੇਅ ਸੰਚਾਲਕ ਨੇ ਦੋਸ਼ ਲਗਾਇਆ ਕਿ ਜਦੋਂ ਉਹ ਸਨਾਪੁਰ ਝੀਲ ਦੇ ਨੇੜੇ ਖੁਲ੍ਹੇ ਆਸਮਾਨ ਹੇਠ ਬੈਠੇ ਸਨ ਅਤੇ ਸੰਗੀਤ ਦਾ ਆਨੰਦ ਮਾਣ ਰਹੇ ਸਨ, ਤਾਂ ਇੱਕ ਮੋਟਰਸਾਈਕਲ ’ਤੇ ਤਿੰਨ ਆਦਮੀ ਉਨ੍ਹਾਂ ਕੋਲ ਆਏ ਅਤੇ ਪੁੱਛਿਆ ਪਟਰੋਲ ਪੰਪ ਬਾਰੇ ਪੁੱਛਿਆ। ਜਦੋਂ ਉਸਨੇ ਉਨ੍ਹਾਂ ਨੂੰ ਦੱਸਿਆ ਕਿ ਨਜ਼ਦੀਕ ਕੋਈ ਪੈਟਰੋਲ ਪੰਪ ਨਹੀਂ ਹੈ, ਤਾਂ ਮੁਲਜ਼ਮਾਂ ਨੇ 100 ਰੁਪਏ ਦੀ ਮੰਗ ਕੀਤੀ । ਪੈਸੇ ਦੇਣ ਤੋਂ ਇਨਕਾਰ ਕਰਨ ’ਤੇ ਮੁਲਜ਼ਮ, ਜੋ ਕੰਨੜ ਅਤੇ ਤੇਲਗੂ ਬੋਲਦੇ ਸਨ, ਨੇ ਉਨ੍ਹਾਂ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੇ ਕਥਿਤ ਤੌਰ ’ਤੇ ਹੋਮਸਟੇਅ ਦੀ ਸੰਚਾਲਕ ਅਤੇ ਇਜ਼ਰਾਈਲੀ ਸੈਲਾਨੀ ਨਾਲ ਜਬਰ ਜਨਾਹ ਕੀਤਾ ਅਤੇ ਤਿੰਨ ਪੁਰਸ਼ ਸੈਲਾਨੀਆਂ ਨੂੰ ਨਹਿਰ ਵਿੱਚ ਧੱਕਾ ਦੇ ਦਿੱਤਾ । ਉਨ੍ਹਾਂ ਅੱਗੇ ਦੱਸਿਆ ਕਿ ਪੁਰਸ਼ ਸੈਲਾਨੀਆਂ ਵਿੱਚੋਂ ਦੋ ਜ਼ਖਮੀ ਹਨ, ਜਦੋਂ ਕਿ ਉੜੀਸਾ ਵਾਸੀ ਲਾਪਤਾ ਦੱਸਿਆ ਗਿਆ ਹੈ । ਪੁਲਸ ਨੇ ਕਿਹਾ ਕਿ ਸ਼ਿਕਾਇਤ ਦੇ ਆਧਾਰ ’ਤੇ ਜਬਰੀ ਵਸੂਲੀ, ਡਕੈਤੀ ਨਾਲ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਔਰਤਾਂ ਹਸਪਤਾਲ ਵਿੱਚ ਇਲਾਜ ਅਧੀਨ ਹਨ ਅਤੇ ਸ਼ੱਕੀਆਂ ਦੀ ਪਛਾਣ ਕਰ ਲਈ ਹੈ । ਉਨ੍ਹਾਂ ਨੂੰ ਕਾਬੂ ਕਰਨ ਲਈ ਛੇ ਟੀਮਾਂ ਬਣਾਈਆਂ ਗਈਆਂ ਹਨ ।



Scroll to Top