ਸਰਕਾਰ ਦਾ ਸੇਵਾ ਮੁਕਤੀ ਹੱਦ ’ਤੇ ਕੋਈ ਲਿਆ ਫੈਸਲਾ ਮਾਰੂ ਸਾਬਤ ਹੋ ਸਕਦਾ : ਪ੍ਰੋ. ਬਡੂੰਗਰ

ਸਰਕਾਰ ਦਾ ਸੇਵਾ ਮੁਕਤੀ ਹੱਦ ’ਤੇ ਕੋਈ ਲਿਆ ਫੈਸਲਾ ਮਾਰੂ ਸਾਬਤ ਹੋ ਸਕਦਾ : ਪ੍ਰੋ. ਬਡੂੰਗਰ
ਕਿਸਾਨੀ ਤੇ ਕਿਸਾਨਾਂ ਨੂੰ ਰੋਲਣਾ ਬੰਦ ਕਰਕੇ ਪ੍ਰਧਾਨ ਮੰਤਰੀ ਮਸਲੇ ਪ੍ਰਤੀ ਗੰਭੀਰ ਹੋਣ
ਪਟਿਆਲਾ 24 ਫਰਵਰੀ : ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਸਰਕਾਰ ਦੀ ਉਸ ਤਜਵੀਜ਼ ਦਾ ਸਖਤ ਵਿਰੋਧ ਕੀਤਾ, ਜਿਸ ਵਿਚ ਸਰਕਾਰ ਮੁਲਾਜ਼ਮਾਂ ਦੀ ਸੇਵਾ ਮੁਕਤੀ ਹੱਦ 58 ਤੋਂ 60 ਕਰਨ ਜਾ ਰਹੀ ਹੈ । ਪ੍ਰੋ. ਬਡੂੰਗਰ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਬੇਰੁਜ਼ਗਾਰੀ ਪਹਿਲਾਂ ਹੀ ਸਿਖਰਾਂ ’ਤੇ ਹੈ, ਅਜੌਕੀ ਪੀੜੀ ਲਈ ਨੌਕਰੀ ਦੇ ਨਵੇਂ ਮੌਕੇ ਘੱਟਦੇ ਜਾ ਰਹੇ ਹਨ ਅਤੇ ਸਰਕਾਰ ਉਸ ਸਮੇਂ ਅਜਿਹਾ ਫੈਸਲਾ ਲੈਣ ਜਾ ਰਹੀ ਹੈ, ਜਦੋਂ ਬਹੁਤ ਸਾਰੇ ਬੇਰੁਜ਼ਗਾਰ ਧਰਨੇ ਪ੍ਰਦਰਸ਼ਨ ਕਰਕੇ ਸਰਕਾਰ ਤੋਂ ਨੌਕਰੀ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਸਰਕਾਰ ਸੇਵਾ ਮੁਕਤੀ ਹੱਦ ਤੋਂ ਕੋਈ ਵੱਡਾ ਫੈਸਲਾ ਕਰਦੀ ਹੈ, ਜੋ ਮਾਰੂ ਸਾਬਤ ਹੋ ਸਕਦਾ ਹੈ ਉਸ ਨਾਲ ਬੇਰੁਜ਼ਗਾਰੀ ਦਾ ਸੰਕਟ ਹੋਰ ਡੂੰਘਾ ਹੋਵੇਗਾ ਅਤੇ ਰੁਜ਼ਗਾਰ ਦੀ ਭਾਲ ਵਿਚ ਲੱਗੇ ਬਹੁਤ ਸਾਰਿਆਂ ਨੂੰ ਧੱਕੇ ਖਾਣ ਲਈ ਮਜਬੂਰ ਹੋਣਾ ਪੈ ਸਕਦਾ ਹੈ । ਪ੍ਰੋ. ਬਡੂੰਗਰ ਨੇ ਕਿਹਾ ਕਿ ਸਰਕਾਰ ਇਸ ਤੋਂ ਪਹਿਲਾਂ ਹੀ ਕਿ ਕੋਈ ਯੂਟਰਨ ਲਵੇ ਹਰ ਫੈਸਲਾ ਕਰਨ ਤੋਂ ਪਹਿਲਾਂ ਉਸ ਦੀ ਵਾਰ ਵਾਰ ਸਮੀਖਿਆ ਕਰ ਲੈਣੀ ਚਾਹੀਦੀ ਹੈ ।
ਪ੍ਰੋ. ਬਡੂੰਗਰ ਨੇ ਕਿਸਾਨੀ ਮਸਲੇ ਪ੍ਰਤੀ ਵੀ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਦੇਸ਼ ਦਾ ਕਿਸਾਨ ਅੰਨ ਭੰਡਾਰ ਵਿਚ ਆਪਣਾ ਅਹਿਮ ਯੋਗਦਾਨ ਪਾ ਰਿਹਾ ਹੈ ਸਮੇਂ ਦੇ ਨਾਲ ਕਿਸਾਨੀ ਤੇ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਸਰਕਾਰਾਂ ਗੰਭੀਰ ਵਿਖਾਈ ਨਹੀਂ ਦਿੰਦੀਆਂ । ਉਨ੍ਹਾਂ ਕਿਹਾ ਕਿ ਕਿਸਾਨ ਹੱਦਾਂ ਸਰਹੱਦਾਂ ’ਤੇ ਬੈਠ ਕੇ ਐਮ. ਐਸ. ਪੀ. ਸਮੇਤ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ, ਪ੍ਰੰਤੂ ਕਿਸਾਨਾਂ ਦੀਆਂ ਸਰਕਾਰ ਨਾਲ ਚੱਲ ਰਹੀਆਂ ਬੈਠਕਾਂ ਵੀ ਬੇਸਿੱਟਾ ਨਜ਼ਰ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਨਾਲ ਜਲਦ ਗੱਲਬਾਤ ਕਰਕੇ ਕਿਸੇ ਸਿੱਟੇ ’ਤੇ ਪੁੱਜਣਾ ਚਾਹੀਦਾ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਕਿਸਾਨੀ ਤੇ ਕਿਸਾਨਾਂ ਨੂੰ ਰੋਲਣਾ ਬੰਦ ਕਰਕੇ ਸਰਕਾਰ ਗੱਲਬਾਤ ਰਾਹੀ ਸੰਜੀਦਾ ਹੱਲ ਕੱਢਣ ਵੱਲ ਗੰਭੀਰ ਹੋਵੇ ।
