ਪਾਣੀ ਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨਾਂ ਪ੍ਰਤੀ ਮੇਅਰ ਕੁੰਦਨ ਗੋਗੀਆ ਦਾ ਰਵਈਆ ਸਖਤ

ਪਾਣੀ ਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨਾਂ ਪ੍ਰਤੀ ਮੇਅਰ ਕੁੰਦਨ ਗੋਗੀਆ ਦਾ ਰਵਈਆ ਸਖਤ
– ਪਾਣੀ ਤੇ ਸੀਵਰੇਜ ਸਾਖ਼ਾ ਦੇ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ਼ ਬੈਠਕ
ਮੇਅਰ ਵੱਲੋਂ ਸ਼ਹਿਰ ਵਾਸੀਆਂ ਨੂੰ ਬਕਾਇਆ ਬਿਲ ਭਰਨ ਦੀ ਅਪੀਲ
ਪਟਿਆਲਾ 3 ਮਾਰਚ : ਕਮਰਸ਼ੀਅਲ ਅਦਾਰਿਆਂ ਅਤੇ ਦੁਕਾਨਾਂ ਆਦਿ ਵਿੱਚ ਚੱਲ ਰਹੇ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨਾਂ ਨੂੰ ਲੈ ਕੇ ਨਗਰ ਨਿਗਮ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਨੇ ਸਖਤੀ ਕੀਤੀ ਹੋਈ ਹੈ, ਇਸ ਸਬੰਧ ਵਿੱਚ ਮੇਅਰ ਕੁੰਦਨ ਗੋਗੀਆ ਵੱਲੋਂ ਨਗਰ ਨਿਗਮ ਦੀ ਪਾਣੀ ਅਤੇ ਸੀਵਰੇਜ ਸ਼ਾਖਾ ਦੇ ਸੁਪਰਡੈਂਟ ਸੰਜੀਵ ਗਰਗ ਤੇ ਹੋਰਨਾ ਅਧਿਕਾਰੀਆਂ ਨਾਲ ਵਿਸ਼ੇਸ਼ ਬੈਠਕ ਕਰਕੇ ਉਹਨਾਂ ਨੂੰ ਸ਼ਹਿਰ ਵਿੱਚ ਪਾਣੀ ਤੇ ਸੀਵਰੇਜ ਦੇ ਨਜਾਇਜ਼ ਚੱਲ ਰਹੇ ਕਨੈਕਸ਼ਨਾਂ ਦਾ ਸਰਵੇ ਕਰਵਾਉਣ ਦੀ ਸਖਤ ਹਦਾਇਤ ਕੀਤੀ । ਮੇਅਰ ਨੇ ਕਿਹਾ ਕੇ ਸ਼ਹਿਰ ਦੀ ਹੱਦ ਅੰਦਰ ਗੈਰਕਾਨੂੰਨੀ ਪਾਣੀ ਅਤੇ ਸੀਵਰੇਜ ਕਨੈਕਸ਼ਨਾਂ ਨੂੰ ਲੈ ਕੇ ਸਖ਼ਤ ਹਦਾਇਤ ਜਾਰੀ ਕੀਤੀ ਹੈ । ਨਿਗਮ ਨੇ ਪਟਿਆਲਾ ਵਾਸੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਜਿਹੜੇ ਵੀ ਪਾਣੀ ਅਤੇ ਸੀਵਰੇਜ ਕਨੈਕਸ਼ਨ ਬਿਨਾਂ ਮਨਜ਼ੂਰੀ ਲਏ ਲਗਾਏ ਗਏ ਹਨ, ਉਹਨਾਂ ਨੂੰ ਫਰਵਰੀ ਦੇ ਮਹੀਨੇ ਵਿੱਚ ਰੈਗੂਲਰ ਕਰਵਾ ਕਰਵਾਉਣ ਸਬੰਧੀ ਕਿਹਾ ਗਿਆ ਸੀ ਪ੍ਰੰਤੂ ਬਹੁਤ ਸਾਰੇ ਕਨੈਕਸ਼ਨ ਨਜਾਇਜ਼ ਚੱਲ ਰਹੇ ਹਨ, ਜਿਨਾਂ ਨੂੰ ਵਿਸ਼ੇਸ਼ ਸਰਵੇ ਕਰਵਾ ਕੇ ਕੱਟ ਦਿੱਤਾ ਜਾਵੇਗਾ । ਉਹਨਾਂ ਦੱਸਿਆ ਕਿ ਸਟਾਫ ਵੱਲੋਂ ਹੁਣ ਤੱਕ 180 ਨਜਾਇਜ਼ ਕਨੈਕਸ਼ਨ ਦੀ ਜਾਂਚ ਕੀਤੀ ਗਈ ਹੈ, ਜਿਨਾਂ ਸਬੰਧੀ ਨੋਟਸ ਜਾਰੀ ਕਰਨ ਦੀ ਪ੍ਰਕਿਰਿਆ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਹਨਾਂ ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਪਾਣੀ ਤੇ ਸੀਵਰੇਜ ਸ਼ਾਖਾ ਦੇ ਜੋ ਬਿਲ ਬਕਾਇਆ ਖੜੇ ਹਨ ਨੂੰ ਵਸੂਲਣ ਲਈ ਸਖਤ ਕਦਮ ਚੁੱਕੇ ਜਾਣ । ਮੇਅਰ ਕੁੰਦਨ ਗੋਗੀਆ ਨੇ ਦੱਸਿਆ ਕਿ ਵਾਟਰ ਸਪਲਾਈ ਬਰਾਂਚ ਵੱਲੋਂ ਹੁਣ ਤੱਕ 463 ਖਪਤਕਾਰਾਂ ਨੂੰ ਬਕਾਏ ਦੇ ਨੋਟਿਸ ਜਾਰੀ ਕੀਤੇ ਗਏ ਹਨ, ਜਿਨਾਂ ਤੋਂ ਕਰੀਬ 6 ਲੱਖ ਰੁਪਏ ਦੀ ਰਿਕਵਰੀ ਫਰਵਰੀ ਮਹੀਨੇ ਵਿੱਚ ਕੀਤੀ ਜਾ ਚੁੱਕੀ ਹੈ । ਉਨਾ ਸਮੁੱਚੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਸ ਕਿਸੇ ਵੱਲ ਵਾਟਰ ਸਪਲਾਈ ਵਿਭਾਗ ਦਾ ਬਕਾਇਆ ਰਹਿੰਦਾ ਹੈ, ਉਸ ਨੂੰ ਆਪਣੀ ਜਿੰਮੇਵਾਰੀ ਸਮਝਦੇ ਹੋਏ ਤੁਰੰਤ ਪ੍ਰਭਾਵ ਭਰਿਆ ਜਾਵੇ, ਨਹੀਂ ਤਾਂ ਬਕਾਏਦਾਰਾਂ ਖਿਲਾਫ ਕਾਨੂੰਨਨ ਕਾਰਵਾਈ ਆਰੰਭੀ ਜਾਵੇਗੀ ।
ਪਲੰਬਰਾਂ ‘ਤੇ ਵੀ ਹੋਵੇਗੀ ਸਖਤ ਕਾਰਵਾਈ
ਮੇਅਰ ਕੁੰਦਨ ਗੋਗੀਆ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ ਕੀਤੀ ਨੇ ਕਿ ਜੇਕਰ ਕੋਈ ਵੀ ਪਲੰਬਰ ਨਜਾਇਜ਼ ਤਰੀਕੇ ਨਾਲ ਪਾਣੀ ਜਾਂ ਸੀਵਰੇਜ ਦਾ ਨਵਾਂ ਕਨੈਕਸ਼ਨ ਕਰਦਾ ਪਾਇਆ ਜਾਂਦਾ ਹੈ, ਤਾਂ ਉਸਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਨਿਗਮ ਤੋਂ ਮਾਨਤਾ ਪ੍ਰਾਪਤ ਨਜਾਇਜ਼ ਕਨੈਕਸ਼ਨ ਕਰਨ ਵਾਲੇ ਪਲੰਬਰ ਦਾ ਲਾਇਸੰਸ ਰੱਦ ਕਰਕੇ ਉਸ ਦਾ ਸਮਾਨ ਜਬਤ ਕਰ ਲਿਆ ਜਾਵੇ, ਤੇ ਉਸ ਖਿਲਾਫ ਪੁਲਿਸ ਕਾਰਵਾਈ ਕਰਵਾਈ ਜਾਵੇ । ਇਸ ਮੌਕੇ ਸੁਪਰਡੈਂਟ ਗੁਰਪ੍ਰੀਤ ਸਿੰਘ ਚਾਵਲਾ, ਇੰਸਪੈਕਟਰ ਬਲਦੇਵ ਸਿੰਘ ਅਤੇ ਇੰਸਪੈਕਟਰ ਗੋਲਡੀ ਕਲਿਆਣ ਵੀ ਹਾਜ਼ਰ ਰਹੇ ।
