ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪਿੰਡ ਲਚਕਾਣੀ ਦੀ 1.7 ਕਰੋੜ ਰੁਪਏ ਨਾਲ ਬਣਨ ਵਾਲੀ ਸੜਕ ਦਾ ਨੀਂਹ ਪੱਥਰ

ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪਿੰਡ ਲਚਕਾਣੀ ਦੀ 1.7 ਕਰੋੜ ਰੁਪਏ ਨਾਲ ਬਣਨ ਵਾਲੀ ਸੜਕ ਦਾ ਨੀਂਹ ਪੱਥਰ
– ਪਟਿਆਲਾ-ਨਾਭਾ ਸੜਕ ਦੇ ਕਿਨਾਰੇ 15 ਹਜ਼ਾਰ ਬੂਟੇ ਲਗਾ ਕੇ ਵਾਤਾਵਰਣ ਪਾਰਕ ਬਣਾਏ ਜਾਣਗੇ : ਸਿਹਤ ਮੰਤਰੀ
-ਪਿੰਡ ਹਿਆਣਾ ਕਲਾ ਦੀ ਬੰਜਰ ਪਈ 200 ਬਿੱਘੇ ਜ਼ਮੀਨ ਨੂੰ ਸੈਰਗਾਹ ਤੇ ਵੇਟ ਲੈਂਡ ਵਜੋਂ ਵਿਕਸਤ ਕਰਕੇ ਪਾਣੀ ਦੀ ਡਰਿੱਪ ਇਰੀਗੇਸ਼ਨ ਲਈ ਵਰਤੋਂ ਕੀਤੀ ਜਾਵੇਗੀ : ਡਾ. ਬਲਬੀਰ ਸਿੰਘ
ਪਟਿਆਲਾ, 2 ਮਾਰਚ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ 1 ਕਰੋੜ 7 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਪਿੰਡ ਲਚਕਾਣੀ (ਪਟਿਆਲਾ-ਭਾਦਸੋਂ ਰੋਡ ਤੋਂ ਲਚਕਾਣੀ ਤੱਕ) ਦੀ ਲਿੰਕ ਰੋਡ ਦੇ ਕੰਮ ਦਾ ਨੀਂਹ ਪੱਥਰ ਰੱਖਿਆ । ਇਸ ਮੌਕੇ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ 3.05 ਕਿਲੋਮੀਟਰ ਲੰਮੀ ਬਣਨ ਵਾਲੀ ਇਸ ਸੜਕਾਂ ਦਾ ਪਿੰਡ ਜੱਸੋਵਾਲ, ਸਿਊਣਾ, ਲੰਗ, ਰੌਗੰਲਾ, ਚਲੈਲਾ, ਅਮਾਮਪੁਰਾ ਤੇ ਫੱਗਣਮਾਜਰਾ ਦੇ ਵਸਨੀਕਾਂ ਤੋਂ ਇਲਾਵਾ ਭਾਦਸੋਂ ਰੋਡ ਤੋਂ ਸਰਹਿੰਦ ਰੋਡ ਜਾਣ ਵਾਲਿਆਂ ਨੂੰ ਵੱਡਾ ਲਾਭ ਹੋਵੇਗਾ ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਪਹਿਲੀ ਸਰਕਾਰਾਂ ਸਮੇਂ ਸੜਕ ਬਣਨ ਤੋਂ ਕੁਝ ਮਹੀਨੇ ਬਾਅਦ ਹੀ ਟੁੱਟ ਜਾਂਦੀ ਸੀ ਅਤੇ ਇਲਾਕਾ ਨਿਵਾਸੀਆਂ ਨੂੰ ਸਾਲਾਂ ਤੱਕ ਇਸ ਦਾ ਖਮਿਆਜ਼ਾ ਭੁਗਤਣਾ ਪੈਂਦਾ ਸੀ, ਪਰ ਹੁਣ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਨਵੀਂ ਬਣਨ ਵਾਲੀ ਇਸ ਸੜਕ ਦੀ ਅੱਗੇ 5 ਸਾਲ ਸਾਂਭ ਸੰਭਾਲ ਵੀ ਬਣਾਉਣ ਵਾਲੇ ਠੇਕੇਦਾਰ ਨੂੰ ਦਿੱਤੀ ਗਈ ਹੈ, ਜਿਸ ਦਾ ਲੋਕਾਂ ਨੂੰ ਵੱਡਾ ਲਾਭ ਹੋਵੇਗਾ ।
ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਪਟਿਆਲਾ ਤੋਂ ਨਾਭਾ ਸੜਕ ਨਾਲ ਜਾਂਦੀ ਪੱਟੀ ਦਾ ਦੌਰਾ ਕਰਦਿਆਂ ਵਣ ਰੇਂਜ ਅਫ਼ਸਰ ਵਿਦਿਆ ਸਾਗਰੀ ਨੂੰ ਹਦਾਇਤ ਕੀਤੀ ਕਿ ਸਾਰੀ ਸੜਕ ਦੇ ਨਾਲ-ਨਾਲ 15 ਹਜ਼ਾਰ ਦੇ ਕਰੀਬ ਅੰਬ, ਜਾਮਣ, ਆਮਲਾ, ਬਿੱਲ, ਜੰਡ, ਲਸੂੜਾ, ਢੱਕ, ਪਲਾਸ, ਬੇਰੀਆਂ ਤੇ ਟਾਹਲੀ ਵਰਗੇ ਸਾਡੇ ਰਵਾਇਤੀ ਬੂਟੇ ਲਗਾਏ ਜਾਣ। ਉਨ੍ਹਾਂ ਕਿਹਾ ਕਿ ਰਸਤੇ ਵਿੱਚ ਜਿਥੇ ਪਿੰਡ ਆਉਂਦੇ ਹਨ, ਉਥੇ ਛੋਟੇ ਛੋਟੇ ਪਾਰਕ ਵਿਕਸਤ ਕੀਤੇ ਜਾਣ, ਜਿਥੇ ਪਿੰਡ ਵਾਸੀ ਸਵੇਰੇ-ਸ਼ਾਮ ਸੈਰ ਕਰ ਸਕਣ । ਉਨ੍ਹਾਂ ਕਿਹਾ ਕਿ ਰਸਤੇ ਵਿੱਚ ਜਿੰਨੀਆਂ ਵੀ ਝਾੜੀਆਂ ਆਉਂਦੀਆਂ ਹਨ, ਜੋ ਗੈਰ-ਕਾਨੂੰਨੀ ਕਾਰਵਾਈਆਂ ਦਾ ਅੱਡਾ ਬਣਦੀਆਂ ਹਨ, ਉਨ੍ਹਾਂ ਨੂੰ ਖਤਮ ਕਰਕੇ ਪਾਰਕ ਵਿਕਸਤ ਕੀਤੇ ਜਾਣਗੇ ।
ਡਾ. ਬਲਬੀਰ ਸਿੰਘ ਨੇ ਪਿੰਡ ਹਿਆਣਾ ਕਲਾ ਵਿਖੇ 200 ਬਿੱਘੇ ਬੱਜਰ ਪਈ ਜ਼ਮੀਨ ਨੂੰ ਸੈਰਗਾਹ ਵਜੋਂ ਵਿਕਸਤ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਇਥੇ ਕੁਝ ਖੇਤਰ ‘ਚ ਵੇਟ ਲੈਂਡ ਬਣਾਈ ਜਾਵੇਗੀ ਅਤੇ ਕਰੀਬ ਢਾਈ ਸੌ ਏਕੜ ਜ਼ਮੀਨ ਨੂੰ ਇਥੋਂ ਡਰਿੱਪ ਇਰੀਗੇਸ਼ਨ ਨਾਲ ਪਾਣੀ ਦਿੱਤਾ ਜਾਵੇਗਾ, ਇਸ ਨਾਲ ਜ਼ਮੀਨੀ ਪਾਣੀ ਦੀ ਵਰਤੋਂ ਵਿੱਚ ਕਮੀ ਆਵੇਗੀ ਅਤੇ ਇਥੇ ਡਰਿੱਪ ਇਰੀਗੇਸ਼ਨ ਲਈ ਇਕ ਕਿਲੋ ਵਾਟ ਦਾ ਸੋਲਰ ਪਾਵਰ ਪਲਾਂਟ ਵੀ ਲਗਾਇਆ ਜਾਵੇਗਾ । ਇਸ ਮੌਕੇ ਉਨ੍ਹਾਂ ਪਿੰਡ ਘਮਰੌਦਾ ਦੇ ਟੋਭੇ ਨੂੰ ਸੈਰਗਾਹ ਵਜੋਂ ਵਿਕਸਤ ਕਰਕੇ ਪਾਣੀ ਦੀ ਵਰਤੋਂ ਸਿੰਚਾਈ ਲਈ ਕਰਨ ਸਬੰਧੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਅਤੇ ਪਿੰਡ ਰੋਹਟੀ ਖਾਸ ਵਿਖੇ ਬਣੇ ਵਾਤਾਵਰਣ ਪਾਰਕ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਾਰਕ ਵਿੱਚ ਰਵਾਇਤੀ ਬੂਟੇ ਲਗਾਏ ਜਾਣ । ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਨੁਪ੍ਰਿਤਾ ਜੌਹਲ, ਐਸ. ਡੀ. ਐਮ. ਡਾ. ਇਸਮਤ ਵਿਜੈ ਸਿੰਘ, ਪੰਜਾਬ ਮੰਡੀ ਬੋਰਡ ਦੇ ਐਕਸੀਅਨ ਅੰਮ੍ਰਿਤਪਾਲ ਸਿੰਘ ਤੇ ਐਸ. ਡੀ. ਓ. ਸਤਨਾਮ ਸਿੰਘ, ਜੈ ਸ਼ੰਕਰ ਸ਼ਰਮਾ, ਹਰਪਾਲ ਸਿੰਘ ਵਿਰਕ, ਜਸਵਿੰਦਰ ਸਿੰਘ, ਅਮਨਦੀਪ ਭੁੱਲਰ, ਸਰਪੰਚ ਪ੍ਰਿਤਪਾਲ ਸਿੰਘ ਵੀ ਮੌਜੂਦ ਸਨ ।
