ਕੁਦਰਤੀ ਆਫ਼ਤ ਤੋਂ ਪ੍ਰਭਾਵਿਤ ਇਲਾਕਿਆਂ ‘ਚ ਵਿਸ਼ੇਸ਼ ਮੁਹਿੰਮ ਚਲਾਉਣ ਲਈ ਵਿਧਾਇਕ ਅਜੀਤਪਾਲ ਕੋਹਲੀ ਵੱਲੋਂ ਸਿਹਤ ਵਿਭਾਗ ਅਤੇ ਨਗਰ ਨਿਗਮ ਅਧਿਕਾਰੀਆਂ ਨਾਲ ਹੰਗਾਮੀ ਬੈਠਕ
ਕੁਦਰਤੀ ਆਫ਼ਤ ਤੋਂ ਪ੍ਰਭਾਵਿਤ ਇਲਾਕਿਆਂ ‘ਚ ਵਿਸ਼ੇਸ਼ ਮੁਹਿੰਮ ਚਲਾਉਣ ਲਈ ਵਿਧਾਇਕ ਅਜੀਤਪਾਲ ਕੋਹਲੀ ਵੱਲੋਂ ਸਿਹਤ ਵਿਭਾਗ ਅਤੇ ਨਗਰ ਨਿਗਮ ਅਧਿਕਾਰੀਆਂ ਨਾਲ ਹੰਗਾਮੀ ਬੈਠਕ
– *ਪਾਣੀ ਉਤਰਨ ਤੋਂ ਬਾਅਦ ਸਫਾਈ, ਦਵਾਈ ਕਿੱਟਾਂ, ਪੀਣ ਵਾਲਾ ਪਾਣੀ, ਫ਼ੌਤ ਹੋਏ ਡੰਗਰਾਂ ਦੀ ਚੁਕਾਈ ਅਤੇ ਖੜ੍ਹਾ ਪਾਣੀ ਕੱਢਣ ਲਈ ਤੁਰੰਤ ਕਦਮ ਚੁੱਕੇ ਜਾਣ ਦੇ ਹੁਕਮ
ਪਟਿਆਲਾ 13 ਜੁਲਾਈ:
ਪਟਿਆਲਾ ਦੇ ਆਸ ਪਾਸ ਪੈਂਦੈ ਇਲਾਕਿਆਂ ਵਿਚ ਭਾਰੀ ਮੀਂਹ ਦੇ ਪਾਣੀ ਕਾਰਨ ਪ੍ਰਭਾਵਿਤ ਇਲਾਕਿਆਂ ਵਿਚ ਵਿਸ਼ੇਸ਼ ਮੁਹਿੰਮ ਚਲਾਉਣ ਲਈ ਅੱਜ ਇਥੇ ਨਗਰ ਨਿਗਮ ਵਿਖੇ ਆਮ ਆਦਮੀ ਪਾਰਟੀ ਦੇ ਪਟਿਆਲਾ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸਿਹਤ ਵਿਭਾਗ ਅਤੇ ਨਗਰ ਨਿਗਮ ਨਾਲ ਐਮਰਜੈਂਸੀ ਮੀਟਿੰਗ ਕੀਤੀ। ਬੈਠਕ ਵਿਚ ਸਿਵਲ ਸਰਜਨ ਡਾ. ਰਾਮਿੰਦਰ ਕੌਰ, ਕਮਿਸਨਰ ਅਦਿੱਤਿਆ ਉਪਲ, ਜੁਆਇੰਟ ਕਮਿਸਨਰ ਨਮਨ ਮਾਰਕੰਨ, ਨਿਗਰਾਨ ਇੰਜੀਨੀਅਰ ਹਰਕਿਰਨ ਸਿੰਘ ਅਤੇ ਸ਼ਾਮ ਲਾਲ ਗੁਪਤਾ, ਜ਼ਿਲ੍ਹਾ ਐਪਡੋਮੋਲੋਜਿਸਟ ਡਾ. ਸੁਮਿਤ ਸਿੰਘ ਸਮੇਤ ਸਬੰਧਿਤ ਬ੍ਰਾਂਚਾਂ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਵਿਧਾਇਕ ਨੇ ਸਾਰੇ ਅਧਿਕਾਰੀਆਂ ਤੋਂ ਸ਼ਹਿਰ ਵਿਚ ਚਲ ਰਹੇ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਪਾਣੀ ਆਉਣ ਦੌਰਾਨ ਲੋਕਾਂ ਨੂੰ ਬਾਹਰ ਕੱਢ ਕੇ ਜਾਨ ਬਚਾਉਣ ਦਾ ਕਾਰਜ ਸਲਾਘਾਯੋਗ ਕਦਮ ਦਸਦਿਆਂ ਨਿਗਮ ਅਧਿਕਾਰੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਹੁਣ ਪਾਣੀ ਉਤਰਨ ਤੋਂ ਬਾਅਦ ਦੂਜੇ ਫੇਜ਼ ਦਾ ਅਹਿਮ ਕਾਰਜ ਸ਼ੁਰੂ ਹੋ ਗਿਆ ਹੈ।
ਵਿਧਾਇਕ ਅਜੀਤਪਾਲ ਕੋਹਲੀ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਹੜ੍ਹ ਪ੍ਰਭਾਵਿਤ ਇਲਾਕੇ ਜਿਹੜੇ ਵੀ ਨਗਰ ਨਿਗਮ ਪਟਿਆਲਾ ਅਧੀਨ ਆਉਦੇਂ ਹਨ, ‘ਚ ਸਪੈਸਲ ਮੁਹਿੰਮ ਵਿੱਢੀ ਜਾਵੇ। ਵਿਧਾਇਕ ਨੇ ਕਿਹਾ ਕਿ ਲੋਕਾਂ ਨੂੰ ਮੈਡੀਕਲ ਕਿੱਟਾਂ ਬਣਾ ਕੇ ਦਿੱਤੀਆਂ ਜਾਣ ਤਾਂ ਬਰਸਾਤ ਤੇ ਮੌਜੂਦਾ ਸਥਿਤੀ ਕਰਕੇ ਹੋਣ ਵਾਲੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲ ਸਕੇ ਅਤੇ ਪੀਣ ਵਾਲੇ ਪਾਣੀ ਵਿਚ ਕਲੋਰੀਨ ਪਾ ਕੇ ਪੀਣ ਲਈ ਲੋਕਾਂ ਤੱਕ ਪਹੁੰਚ ਕੀਤੀ ਜਾਵੇ।
ਇਸ ਤੋਂ ਇਲਾਵਾ ਵਿਧਾਇਕ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਕਿਹਾ ਕਿ ਜਿਥੇ ਵੀ ਪਾਣੀ ਆਇਆ ਹੈ, ਉਨ੍ਹਾਂ ਇਲਾਕਿਆਂ ਵਿਚ ਸਭ ਤੋਂ ਪਹਿਲਾਂ ਸਫਾਈ ਅਭਿਆਨ ਚਲਾ ਕੇ ਰਸਤੇ ਕਲੀਅਰ ਕੀਤੇ ਜਾਣ। ਲੋਕਾਂ ਨੂੰ ਪੀਣ ਵਾਲਾ ਪਾਣੀ ਦੇਣ ਵਾਸਤੇ ਟੈਂਕਰ ਹਰ ਗਲੀ ਮੁਹੱਲੇ ਤੱਕ ਪਹੁੰਚਦਾ ਕੀਤਾ ਜਾਵੇ ਅਤੇ ਪਾਣੀ ਵਿਚ ਕਲੋਰੀਨ ਪਾਈ ਜਾਵੇ। ਵਿਧਾਇਕ ਨੇ ਕਿਹਾ ਕਿ ਜਿਨ੍ਹਾਂ ਇਲਾਕਿਆ ਵਿਚ ਪਾਣੀ ਨਾਲ ਡੰਗਰਾਂ ਦੀ ਮੌਤ ਹੋਈ ਹੈ, ਉਨ੍ਹਾਂ ਇਲਾਕਿਆਂ ਵਿਚ ਡੰਗਰਾਂ ਨੂੰ ਤੁਰੰਤ ਚੁੱਕਣ ਦਾ ਪ੍ਰਬੰਧ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇ ਤਾਂ ਕਿ ਬਦਬੂ ਅਤੇ ਬਿਮਾਰੀ ਨਾ ਫੈਲੇ। ਇਸੀ ਤਰ੍ਹਾਂ ਇਨ੍ਹਾਂ ਇਲਾਕਿਆਂ ਵਿਚ ਸਟਰੀਟ ਲਾਇਟਾਂ ਨੂੰ ਤੁਰੰਤ ਚਾਲੂ ਕੀਤਾ ਜਾਵੇ ਅਤੇ ਸਭ ਤੋਂ ਪਹਿਲਾਂ ਲਾਇਟਾਂ ਦੇ ਪੁਆਇੰਟ ਜਰੂਰ ਚੈਕ ਕਰ ਲਏ ਜਾਣ ਤਾਂ ਕਿ ਕਰੰਟ ਆਦਿ ਨਾ ਆਵੇ। ਵਿਧਾਇਕ ਨੇ ਮੀਟਿੰਗ ਵਿਚ ਫੌਗਿੰਗ ਅਤੇ ਛਿੜਕਾਅ ਕਰਨ ਦੇ ਆਦੇਸ ਵੀ ਜਾਰੀ ਕੀਤੇ। ਵਿਧਾਇਕ ਨੇ ਕਿਹਾ ਕਿ ਸ਼ਹਿਰ ਅੰਦਰ 2 ਟਾਇਮ ਛਿੜਕਾਅ ਕੀਤਾ ਜਾਵੇ ਤਾਂ ਕਿ ਮੱਛਰਾਂ ਅਤੇ ਪਾਣੀ ਤੋਂ ਲੱਗਣ ਵਾਲੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲ ਸਕੇ।
ਮੀਟਿੰਗ ਵਿਚ ਸਿਵਲ ਸਰਜਨ ਡਾ. ਰਾਮਿੰਦਰ ਕੌਰ ਨੇ ਕਿਹਾ ਕਿ ਅੱਜ ਤੋਂ ਹੀ ਲੋਕਾਂ ਨੂੰ ਕਿੱਟਾਂ ਤਕਸੀਮ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਕਿੱਟਾਂ ਵਿਚ ੳਆਰਅੇਸ ਪੈਕਟ, ਕਲੋਰੀਨ ਗੋਲੀਆਂ, ਇਮਉਨਿਟੀ ਗੋਲੀਆਂ, ਪੈਰਾਸਿਟਾਮੋਲ, ਜਿੰਕ, ਮਲਟੀਵਿਟਾਮਨ ਅਤੇ ਸਿਟਰਾਜਿਨ ਦੀਆਂ ਗੋਲੀਆਂ ਦਿੱਤੀਆਂ ਜਾਣਗੀਆਂ। ਨਿਗਮ ਕਮਿਸਨਰ ਅਦਿੱਤਿਆ ਉਪਲ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਦੀ ਸੇਵਾ ਲਈ ਨਿਗਮ ਟੀਮਾਂ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ 1 ਸੈਨਟਰੀ ਇਸੰਪੈਕਟਰ ਨਾਲ 20 ਕਰਮਚਾਰੀ ਤਾਇਨਾਤ ਕੀਤੇ ਹੋਏ ਹਨ, ਜਿਹੜੇ ਕਿ ਦਿਨ ਰਾਤ ਖਾਲੀ ਪਲਾਟਾਂ ਅਤੇ ਗਲੀਆਂ ਦਾ ਪਾਣੀ ਕੱਢਣ ਲਈ ਲੱਗੇ ਹੋਏ ਹਨ। ਇਸ ਤੋਂ ਇਲਾਵਾ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਸਫਾਈ ਦਾ ਕੰਮ ਜਾਰੀ ਹੈ, ਇਸ ਨੂੰ ਹੋਰ ਤੇਜੀ ਨਾਲ ਚਲਾਇਆ ਜਾਏਗਾ। ਜਦਕਿ ਫੌਗਿੰਗ ਅਤੇ ਸਪਰੇਅ ਅੱਜ ਤੋਂ ਸੁਰੂ ਕਰ ਦਿੱਤੀ ਜਾਏਗੀ। ਜਦਕਿ ਪਾਣੀ ਦੀ ਲਪੇਟ ਵਿਚ ਆ ਕੇ ਮਰੇ ਡੰਗਰਾਂ ਨੂੰ ਚੁੱਕਣ ਲਈ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਪਾਣੀ ਦੇ ਟੈਂਕਰ ਭਰ ਕੇ ਭੇਜੇ ਜਾ ਰਹੇ ਹਨ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਨਿਗਮ ਅਧਿਕਾਰੀਆਂ ਅਤੇ ਮੁਲਾਜਮਾਂ ਨੂੰ ਸਹਿਯੋਗ ਦਿੱਤਾ ਜਾਵੇ ਅਤੇ ਸਭ ਕਾਰਜ ਚਲਦੀ ਹੀ ਨੇਪਰੇ ਚਾੜ ਦਿੱਤੇ ਜਾਣਗੇ।