ਪੰਜਾਬੀ ਯੂਨੀਵਰਸਿਟੀ ਵਿਖੇ ਸਰਲ ਭਾਸ਼ਾ ਵਿੱਚ ਸੰਸਕ੍ਰਿਤ ਭਾਸ਼ਾ ਸਿਖਾਉਣ ਲਈ ਦਸ ਦਿਨਾ ਵਰਕਸ਼ਾਪ ਸ਼ੁਰੂ
ਪੰਜਾਬੀ ਯੂਨੀਵਰਸਿਟੀ ਵਿਖੇ ਸਰਲ ਭਾਸ਼ਾ ਵਿੱਚ ਸੰਸਕ੍ਰਿਤ ਭਾਸ਼ਾ ਸਿਖਾਉਣ ਲਈ ਦਸ ਦਿਨਾ ਵਰਕਸ਼ਾਪ ਸ਼ੁਰੂ
ਪਟਿਆਲਾ, 22 ਜਨਵਰੀ : ਪੰਜਾਬੀ ਯੂਨੀਵਰਸਿਟੀ ਵਿਖੇ ਸਰਲ ਭਾਸ਼ਾ ਵਿੱਚ ਸੰਸਕ੍ਰਿਤ ਭਾਸ਼ਾ ਸਿਖਾਉਣ ਦੇ ਮਕਸਦ ਨਾਲ਼ ਸੰਸਕ੍ਰਿਤ ਅਤੇ ਪਾਲੀ ਵਿਭਾਗ ਵੱਲੋਂ ਕਰਵਾਈ ਜਾ ਰਹੀ ਦਸ ਦਿਨਾ ਵਰਕਸ਼ਾਪ ਕਲ੍ਹ ਸ਼ੁਰੂ ਹੋ ਗਈ ਹੈ ਜੋ 31 ਜਨਵਰੀ ਤੱਕ ਜਾਰੀ ਰਹਿਣੀ ਹੈ । ਇਸ ਵਰਕਸ਼ਾਪ ਵਿੱਚ ਸੰਸਕ੍ਰਿਤ ਵਿਭਾਗ ਤੋਂ ਇਲਾਵਾ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਅਤੇ ਹੋਰਨਾਂ ਯੂਨੀਵਰਸਿਟੀ ਦੇ ਸੰਸਕ੍ਰਿਤ ਵਿਭਾਗਾਂ ਦੇ ਵਿਦਿਆਰਥੀ ਭਾਗ ਲੈ ਰਹੇ ਹਨ । ਵਿਭਾਗ ਮੁਖੀ ਡਾ. ਵੀਰੇਂਦਰ ਕੁਮਾਰ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਰਕਸ਼ਾਪ ਵਿੱਚ ਭਾਗ ਲੈਣ ਵਾਲੇ ਪ੍ਰਤੀਯੋਗੀਆਂ ਨੂੰ ਸਰਲ ਢੰਗਲ ਨਾਲ਼ ਸੰਸਕ੍ਰਿਤ ਸਿਖਾਉਣ ਦੇ ਨਾਲ਼ ਨਾਲ਼ ਭਾਰਤੀ ਗਿਆਨ ਪਰੰਪਰਾ ਦੇ ਵੱਖ-ਵੱਖ ਪੱਖਾਂ ਤੋਂ ਵੀ ਜਾਣੂ ਕਰਵਾਇਆ ਜਾ ਰਿਹਾ ਹੈ । ਵਰਕਸ਼ਾਪ ਦਾ ਆਗਾਜ਼ ਡਾ. ਅਗਰੇਜ਼ ਸ਼ਰਮਾ ਵੱਲੋਂ ਉਚਾਰੇ ਗਏ ਮੰਗਲਾਚਰਣ ਅਤੇ ਸਰਸਵਤੀ ਵੰਦਨਾ ਗਾਇਨ ਨਾਲ਼ ਹੋਇਆ । ਵਰਕਸ਼ਾਪ ਦੇ ਮੁੱਖ ਬੁਲਾਰੇ ਡਾ. ਪੁਸ਼ਪੇਂਦਰ ਜੋਸ਼ੀ ਨੇ ਆਪਣੇ ਸੰਬੋਧਨ ਵਿੱਚ ਵਰਕਸ਼ਾਪ ਦੇ ਤਕਨੀਕੀ ਅਤੇ ਕੌਸ਼ਲ ਸੰਬੰਧੀ ਪੱਖਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ । ਵਰਕਸ਼ਾਪ ਦੇ ਉਦੇਸ਼ ਬਾਰੇ ਸਪਸ਼ਟ ਕਰਦਿਆਂ ਉਨ੍ਹਾਂ ਦੱਸਿਆ ਕਿ ਵਰਕਸ਼ਾਪ ਦੌਰਾਨ ਪ੍ਰਤੀਭਾਗੀਆਂ ਨੂੰ ਸੌਖੇ ਅਤੇ ਸਰਲ ਢੰਗ ਨਾਲ਼ ਸੰਸਕ੍ਰਿਤ ਭਾਸ਼ਾ ਦਾ ਅਭਿਆਸ ਕਰਵਾਇਆ ਜਾਵੇਗਾ ।
ਡਾ. ਰਜਨੀ ਨੇ ਸੰਸਕ੍ਰਿਤ ਭਾਸ਼ਾ ਨੂੰ ਸਾਰੀਆਂ ਭਾਸ਼ਾਵਾਂ ਦੀ ਜਣਨੀ ਦਸਦਿਆਂ ਸਿੱਖਿਆ ਨੀਤੀ ਦੇ ਮਾਧਿਅਮ ਨਾਲ਼ ਇਸ ਦੀ ਉਪਯੋਗਤਾ ਬਾਰੇ ਗੱਲ ਕੀਤੀ । ਡਾ. ਰਵੀਦੱਤ ਨੇ ਸੰਸਕ੍ਰਿਤ ਭਾਸ਼ਾ ਬਾਰੇ ਬੋਲਦਿਆਂ ਇਸ ਦਾ ਹਾਸਿਲ ਕਰਨ ਨੂੰ ਆਪਣੇ ਮੂਲ ਨਾਲ਼ ਜੁੜਨ ਵਾਲ਼ੀ ਗੱਲ ਆਖਿਆ। ਉਦਘਾਟਨੀ ਸੈਸ਼ਨ ਦਾ ਮੰਚ ਸੰਚਾਲਨ ਡਾ. ਰਾਹੁਲ ਨੇ ਕੀਤਾ। ਇਸ ਮੌਕੇ ਡਾ. ਆਸ਼ੀਸ਼, ਰਾਧਾ ਦੇਵੀ, ਡਾ. ਓਮਨਦੀਪ, ਖੋਜਾਰਥੀ ਅਜੇ ਕੁਮਾਰ ਆਰਯ ਆਦਿ ਹਾਜ਼ਰ ਰਹੇ ।