ਡਿਪਟੀ ਕਮਿਸ਼ਨਰ ਵੱਲੋਂ ਰਜਿਸਟ੍ਰੇਸ਼ਨ ਕਾਪੀਆਂ ਤੇ ਡਰਾਇਵਿੰਗ ਲਾਇਸੈਂਸਾਂ ਦੇ ਲੰਬਿਤ ਮਾਮਲਿਆਂ ਦੇ ਤੁਰੰਤ ਨਿਪਟਾਰੇ 'ਤੇ ਜ਼ੋਰ
ਮੋਟਰ ਵਹੀਕਲ ਡੀਲਰਾਂ ਤੇ ਏਜੰਸੀਆਂ ਦੇ ਪੱਧਰ ‘ਤੇ ਦਸਤਾਵੇਜਾਂ ਦੀਆਂ ਊਣਤਾਈਆਂ ਦੂਰ ਕਰਨ ਲਈ ਡੀਲਰਾਂ ਨੂੰ ਵਿਸ਼ੇਸ਼ ਟ੍ਰੇਨਿੰਗ ਕਰਵਾਈ ਜਾਵੇਗੀ-ਸਾਕਸ਼ੀ ਸਾਹਨੀ
ਪਟਿਆਲਾ, 7 ਜੁਲਾਈ:
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪਟਿਆਲਾ ਦੇ ਸਕੱਤਰ ਆਰ.ਟੀ.ਏ. ਪਟਿਆਲਾ ਅਤੇ ਸਬ ਡਵੀਜਨ ਮੈਜਿਸਟ੍ਰੇਟ ਨਾਲ ਇੱਕ ਮੀਟਿੰਗ ਕਰਕੇ ਜ਼ਿਲ੍ਹੇ ਅੰਦਰ ਵਾਹਨਾਂ ਦੀ ਰਜਿਸਟ੍ਰੇਸ਼ਨ ਅਤੇ ਡਰਾਇਵਿੰਗ ਲਾਇਸੈਂਸ ਜਾਰੀ ਕਰਨ ਦੇ ਲੰਬਿਤ ਮਾਮਲਿਆਂ ਦਾ ਜਾਇਜ਼ਾ ਲੈਂਦਿਆਂ ਇਨ੍ਹਾਂ ਦੇ ਤੁਰੰਤ ਨਿਪਟਾਰੇ ‘ਤੇ ਜ਼ੋਰ ਦਿੱਤਾ ਹੈ।
ਡਿਪਟੀ ਕਮਿਸ਼ਨਰ ਨੇ ਡੀਲਰ ਪੱਧਰ ‘ਤੇ ਦਸਤਾਵੇਜਾਂ ਦੀਆਂ ਊਣਤਾਈਆਂ ਕਰਕੇ ਦੇਰੀ ਨਾਲ ਜਾਰੀ ਹੋ ਰਹੀਆਂ ਆਰ.ਸੀਜ਼ ਦਾ ਮਸਲਾ ਹੱਲ ਕਰਨ ਲਈ ਸਮੂਹ ਐਸ.ਡੀ.ਐਮਜ਼ ਅਤੇ ਸਕੱਤਰ, ਰੀਜ਼ਨਲ ਟਰਾਂਸਪੋਰਟ ਅਥਾਰਟੀ ਵੱਲੋਂ ਜ਼ਿਲ੍ਹੇ ਦੇ ਮੋਟਰ ਵਹੀਕਲ ਡੀਲਰਾਂ ਤੇ ਏਜੰਸੀਆਂ ਦੇ ਨੁਮਾਇੰਦਿਆਂ ਨੂੰ ਵਾਹਨਾਂ ਦੀ ਰਜਿਸਟ੍ਰੇਸ਼ਨ ਸਬੰਧੀਂ ਵਿਸ਼ੇਸ਼ ਸਿਖਲਾਈ ਕਰਵਾਉਣ ਦੇ ਆਦੇਸ਼ ਵੀ ਜਾਰੀ ਕੀਤੇ ਹਨ।
ਸਾਕਸ਼ੀ ਸਾਹਨੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਇਹ ਫੈਸਲਾ ਕੀਤਾ ਗਿਆ ਹੈ ਕਿ ਲੋਕਾਂ ਨੂੰ ਸਾਰੀਆਂ ਸਰਕਾਰੀ ਸੇਵਾਵਾਂ ਬਿਨ੍ਹਾਂ ਕਿਸੇ ਦੇਰੀ ਤੋਂ ਅਤੇ ਪਾਰਦਰਸ਼ੀ ਢੰਗ ਨਾਲ ਸਮਾਂਬੱਧ ਪ੍ਰਦਾਨ ਕੀਤੀਆਂ ਜਾਣ ਇਸ ਲਈ ਡਰਾਇਵਿੰਗ ਲਾਇਸੈਂਸਾਂ ਅਤੇ ਵਾਹਨਾਂ ਦੀ ਆਰ.ਸੀਜ ਦੇ ਮਾਮਲੇ ਵਿੱਚ ਵੀ ਕੋਈ ਕੁਤਾਹੀ ਨਾ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਤਕਨੀਕੀ ਕਾਰਨਾਂ ਜਾਂ ਕਿਸੇ ਹੋਰ ਪ੍ਰਕ੍ਰਿਆ ਕਰਕੇ ਵੱਧ ਰਹੇ ਲੰਬਿਤ ਮਾਮਲਿਆਂ ਦਾ ਹੱਲ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਟ੍ਰੈਮ-3 ਸਟੈਂਡਰਡ ਟ੍ਰੈਕਟਰਾਂ ਦੀ ਰਜਿਸਟ੍ਰੇਸ਼ਨ ਡੀਲਰ, ਆਰ.ਟੀ.ਏ. ਜਾਂ ਐਸ.ਡੀ.ਐਮਜ ਦੀ ਆਈ.ਡੀ. ਵਿੱਚੋਂ ਕਰਵਾਉਣ ਲਈ ਵਿਸ਼ੇਸ਼ ਮੁਹਿੰਮ ਵੀ ਚਲਾਈ ਗਈ ਸੀ, ਜੋ ਕਿ ਪਹਿਲਾਂ ਭਾਰਤ ਸਰਕਾਰ ਦੇ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਦੀਆਂ ਸ਼ਰਤਾਂ ਮੁਤਾਬਕ ਸੂਬੇ ਵਿੱਚ ਬੰਦ ਸੀ।
ਮੀਟਿੰਗ ਮੌਕੇ ਸਕੱਤਰ, ਰੀਜ਼ਨਲ ਟਰਾਂਸਪੋਰਟ ਅਥਾਰਟੀ ਬਬਨਦੀਪ ਸਿੰਘ ਵਾਲੀਆ ਸਮੇਤ ਵੀਡੀਓ ਕਾਨਫਰੰਸਿੰਗ ਰਾਹੀਂ ਐਸ.ਡੀ.ਐਮਜ਼ ਚਰਨਜੀਤ ਸਿੰਘ, ਕਿਰਪਾਲਵੀਰ ਸਿੰਘ, ਤਰਸੇਮ ਚੰਦ ਤੇ ਪਰਲੀਨ ਬਰਾੜ ਮੌਜੂਦ ਸਨ।