ਸਰਸ ਮੇਲੇ 'ਚ ਪੰਜਾਬ ਸਭਿਆਚਾਰ ਨੂੰ ਦਰਸਾਉਂਦੇ ਸੈਲਫੀ ਕਾਰਨਰ ਬਣੇ ਖਿੱਚ ਦੇ ਕੇਂਦਰ

ਸਰਸ ਮੇਲੇ ‘ਚ ਪੰਜਾਬ ਸਭਿਆਚਾਰ ਨੂੰ ਦਰਸਾਉਂਦੇ ਸੈਲਫੀ ਕਾਰਨਰ ਬਣੇ ਖਿੱਚ ਦੇ ਕੇਂਦਰ
-ਪੁਰਾਤਨ ਕੱਚੇ ਮਕਾਨ, ਚੁੱਲ੍ਹਾ, ਚਰਖੇ, ਛੱਜ, ਮਧਾਣੀਆਂ ਬੱਚਿਆਂ ਤੇ ਨੌਜਵਾਨਾਂ ਲਈ ਆਕਰਸ਼ਣ ਦਾ ਕੇਂਦਰ ਬਣੇ
ਪਟਿਆਲਾ, 22 ਫਰਵਰੀ : ਸਰਸ ਮੇਲੇ ‘ਚ ਆਉਣ ਵਾਲੇ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਬਣਾਏ ਗਏ ਦੋ ਪੰਜਾਬ ਦੇ ਸਭਿਆਚਾਰ ਨੂੰ ਦਰਸਾਉਂਦੇ ਸੈਲਫੀ ਕਾਰਨਰ ਖਿੱਚ ਦਾ ਕੇਂਦਰ ਬਣੇ ਹੋਏ ਹਨ । ਵਿਰਾਸਤੀ ਸ਼ੀਸ਼ ਮਹਿਲ ‘ਚ ਦਾਖਲ ਹੁੰਦਿਆਂ ਹੀ ਥੋੜ੍ਹੀ ਦੂਰੀ ‘ਤੇ ਖੱਬੇ ਪਾਸੇ ਬਣਿਆ ਸੈਲਫੀ ਪੁਆਇੰਟ ਮੇਲਾ ਦੇਖਣ ਆਉਣ ਵਾਲੇ ਹਰੇਕ ਦਰਸ਼ਕ ਨੂੰ ਆਪਣੇ ਵੱਖ ਆਕਰਸ਼ਤ ਕਰ ਰਿਹਾ ਹੈ । ਮੇਲਾ ਅਫ਼ਸਰ ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਸਰਸ ਮੇਲੇ ‘ਚ ਬਣਾਏ ਗਏ ਸੈਲਫੀ ਕਾਰਨਰਾਂ ਵਿੱਚ ਗਾਰੇ ਨਾਲ ਲਿਪੇ ਘਰ, ਕੰਧ, ਚੁੱਲ੍ਹਾ ਚੌਂਕਾ ਦਰਸਾਏ ਗਏ ਹਨ ਤੇ ਇਨ੍ਹਾਂ ‘ਤੇ ਪੁਰਾਣੇ ਸਮਿਆਂ ‘ਚ ਜਿਸ ਤਰ੍ਹਾਂ ਕਲਾਕ੍ਰਿਤੀਆਂ ਕੀਤੀਆਂ ਗਈਆਂ ਹੁੰਦੀਆਂ ਸਨ, ਉਸੇ ਤਰ੍ਹਾਂ ਦੀਆਂ ਕਲਾਕ੍ਰਿਤੀਆਂ ਬਣਾਈਆਂ ਗਈਆਂ ਹਨ । ਉਨ੍ਹਾਂ ਦੱਸਿਆ ਕਿ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ‘ਚ ਮੇਲੇ ‘ਚ ਆਉਣ ਵਾਲੇ ਲੋਕ ਪੁਰਾਣੇ ਗਾਰੇ ਨਾਲ ਲਿਪੇ ਘਰਾਂ ਨਾਲ ਫ਼ੋਟੋਆਂ ਕਰਵਾ ਰਹੇ ਹਨ ।
ਉਨ੍ਹਾਂ ਦੱਸਿਆ ਕਿ ਸਰਸ ਮੇਲੇ ‘ਚ ਚਰਖੇ, ਚੱਕੀਆਂ, ਛੱਜ, ਪੱਖੀਆਂ ਮਧਾਣੀਆਂ, ਘੜੇ ਆਦਿ ਜੋ ਪੰਜਾਬੀ ਖ਼ਾਸਕਰ ਪੰਜਾਬਣਾਂ ਦੀ ਰੋਜ਼ ਵਰਤੋਂ ਦੀਆਂ ਵਸਤਾਂ ਸਨ, ਉਨ੍ਹਾਂ ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੱਥ ਕੱਢੀਆਂ ਦਰੀਆਂ, ਚੋਲ੍ਹੇ, ਫੁਲਕਾਰੀਆਂ, ਬਾਗ ਅਤੇ ਚਾਦਰਾਂ ਰਾਹੀਂ ਵੀ ਪੰਜਾਬ ਦੇ ਅਮੀਰ ਸਭਿਆਚਾਰ ਦੀ ਝਲਕ ਪੇਸ਼ ਕੀਤੀ ਜਾ ਰਹੀ ਹੈ । ਸੈਲਫੀ ਕਾਰਨਰ ਦੇ ਨੋਡਲ ਅਫ਼ਸਰ ਸੀ. ਡੀ. ਪੀ. ਓ. ਨਾਭਾ ਗੁਰਮੀਤ ਸਿੰਘ ਨੇ ਦੱਸਿਆ ਕਿ ਸਰਸ ਮੇਲੇ ‘ਚ ਆਉਣ ਵਾਲਾ ਹਰੇਕ ਵਿਅਕਤੀ ਸਹਿਜੇ ਹੀ ਪੰਜਾਬ ਦੇ ਸਭਿਆਚਾਰ ਨੂੰ ਦਰਸਾਉਂਦੇ ਸੈਲਫੀ ਪੁਆਇੰਟਾਂ ਵੱਲ ਆਕਰਸ਼ਿਤ ਹੋ ਰਿਹਾ ਹੈ ਤੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਸ ਕਾਰਨਰ ‘ਚ ਪਈਆਂ ਵਸਤੂਆਂ ਨੂੰ ਆਪਣੇ ਕੈਮਰੇ ‘ਚ ਕੈਦ ਕਰਕੇ ਇਸ ਨੂੰ ਆਪਣੀ ਸਦੀਵੀ ਯਾਦ ਬਣਾ ਰਹੇ ਹਨ । ਉਨ੍ਹਾਂ ਦੱਸਿਆ ਕਿ ਬੱਚਿਆਂ ਤੇ ਨੌਜਵਾਨਾਂ ਨੂੰ ਪੁਰਾਤਨ ਵਸਤਾਂ ਬਾਰੇ ਜਾਣਕਾਰੀ ਦੇਣ ਲਈ ਵੀ ਮੌਕੇ ‘ਤੇ ਸਟਾਫ਼ ਵੀ ਮੌਜੂਦ ਰਹਿੰਦਾ ਹੈ । ਸੈਲਫੀ ਲੈ ਰਹੇ ਨੌਜਵਾਨਾਂ ਨੇ ਕਿਹਾ ਕਿ ਚਰਖਾ ਤੇ ਮਧਾਣੀ ਵਰਗੀਆਂ ਵਸਤਾਂ ਨੂੰ ਫ਼ੋਟੋਆਂ ‘ਚ ਤਾਂ ਦੇਖਿਆ ਸੀ ਪਰ ਪਹਿਲੀ ਵਾਰ ਇਨ੍ਹਾਂ ਵਸਤਾਂ ਨੂੰ ਸਾਹਮਣੇ ਦੇਖਿਆ ਹੈ । ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨਾਂ ਤੇ ਖ਼ਾਸਕਰ ਬੱਚਿਆਂ ਨੂੰ ਪੁਰਾਤਨ ਵਸਤਾਂ ਮੇਲੇ ‘ਚ ਦਿਖਾ ਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਚੰਗੀ ਪਹਿਲਕਦਮੀ ਕੀਤੀ ਹੈ । ਉਨ੍ਹਾਂ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ ਸਾਨੂੰ ਸਾਡੇ ਅਮੀਰ ਵਿਰਸੇ ਨਾਲ ਹੋਰ ਜੋੜਦੀਆਂ ਹਨ ।
