ਮੁਲਤਾਨੀ ਮੱਲ ਮੋਦੀ ਕਾਲਜ ਵਿਖੇ 'ਸਵੱਛਤਾ ਹੀ ਸੇਵਾ' ਮਿਸ਼ਨ ਤਹਿਤ ਕੂੜਾ ਪ੍ਰਬੰਧਨ ਅਤੇ ਸੈਨੀਟੇਸ਼ਨ 'ਤੇ ਲੈਕਚਰ ਦਾ ਆਯੋਜਨ
ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ‘ਸਵੱਛਤਾ ਹੀ ਸੇਵਾ’ ਮਿਸ਼ਨ ਤਹਿਤ ਕੂੜਾ ਪ੍ਰਬੰਧਨ ਅਤੇ ਸੈਨੀਟੇਸ਼ਨ ‘ਤੇ ਲੈਕਚਰ ਦਾ ਆਯੋਜਨ
ਪਟਿਆਲਾ: 5 ਅਕਤੂਬਰ, 2023
ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵੱਲੋਂ ਨਗਰ ਨਿਗਮ ਪਟਿਆਲਾ ਅਤੇ ਹਾਰਪਿਕ ਇੰਡੀਆ ਕੰਪਨੀ ਦੇ ਸਹਿਯੋਗ ਨਾਲ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ‘ਸਵੱਛਤਾ ਹੀ ਸੇਵਾ’ ਤਹਿਤ ਵੇਸਟ ਮੈਨੇਜਮੈਂਟ ਅਤੇ ਸੈਨੀਟੇਸ਼ਨ ‘ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਲੈਕਚਰ ਵਿੱਚ ਬੁਲਾਰਿਆਂ ਦੇ ਤੌਰ ਤੇ ਸ਼੍ਰੀ ਅਮਨਦੀਪ ਸੇਖੋਂ, ਆਈ.ਈ.ਸੀ. ਅਤੇ ਸੀ.ਬੀ. ਮਾਹਿਰ, ਨਗਰ ਨਿਗਮ, ਪਟਿਆਲਾ ਅਤੇ ਸ਼੍ਰੀ ਰਸ਼ੀਦ ਅੰਸਾਰੀ, ਐਸ.ਡਬਲਿਊ.ਐਮ ਮਾਹਿਰ, ਹਾਰਪਿਕ ਇੰਡੀਆ ਕੰਪਨੀ ਨੇ ਸ਼ਿਰਕਤ ਕੀਤੀ।
ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਸਵੱਛ ਭਾਰਤ ਅਭਿਆਨ ਮਿਸ਼ਨ’ ਤਹਿਤ ਸਿਹਤਮੰਦ ਸਮਾਜ, ਟਿਕਾਊ ਵਿਕਾਸ ਅਤੇ ਮੁਲਕ ਦੀਆਂ ਵਿਕਾਸ ਨੀਤੀਆਂ ਦੀ ਸਫਲਤਾ ਲਈ ਲਈ ਜਨਤਕ ਸਵੱਛਤਾ ਅਤੇ ਪ੍ਰਦੂਸ਼ਣ ਰਹਿਤ ਸਵੱਛ ਵਾਤਾਵਰਣ ਮੁੱਖ ਕਾਰਕ ਹਨ। ਇਸ ਦੇ ਹੋਰ ਫਾਇਦੇ ਵਾਤਾਵਰਣ ਦੇ ਪ੍ਰਦੂਸ਼ਣ ਕਾਰਨ ਹੋ ਰਹੀਆਂ ਛੂਤ ਦੀਆਂ ਬਿਮਾਰੀਆਂ ਦੀ ਦਰ ਘੱਟ ਹੋਣਾ ਅਤੇ ਲਾਗ ਕਾਰਣ ਹੁੰਦੀਆਂ ਮੌਤਾਂ ਦੀ ਦਰ ਘੱਟਣ ਨਾਲ ਵੀ ਜੁੜਿਆ ਹੋਇਆ ਹੈ।
ਡਾ. ਅਸ਼ਵਨੀ ਸ਼ਰਮਾ, ਰਜਿਸਟਰਾਰ ਅਤੇ ਡੀਨ, ਲਾਈਫ ਸਾਇੰਸਿਜ਼ ਨੇ ਪ੍ਰੋਗਰਾਮ ਦੇ ਵਿਸ਼ਾ ਅਤੇ ‘ਸਵੱਛਤਾ ਹੀ ਸੇਵਾ’ ਮੁਹਿੰਮ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਡਾ. ਮਨੀਸ਼ ਸ਼ਰਮਾ, ਸਵੱਛਤਾ ਨੋਡਲ ਅਫ਼ਸਰ ਨੇ ਮਹਿਮਾਨ ਬੁਲਾਰਿਆਂ ਦੀ ਜਾਣ-ਪਛਾਣ ਕਰਵਾਈ ਅਤੇ ਕਾਲਜ ਕੈਂਪਸ ਅਤੇ ਆਸ ਪਾਸ ਦੇ ਖੇਤਰ ਵਿੱਚ ਸਵੱਛਤਾ ਨੂੰ ਬਣਾਈ ਰੱਖਣ ਲਈ ਕਾਲਜ ਵੱਲੋਂ ਚੁੱਕੇ ਗਏ ਸਾਰੇ ਕਦਮਾਂ ਬਾਰੇ ਜਾਣੂ ਕਰਵਾਇਆ।
ਸ੍ਰੀ ਅਮਨਦੀਪ ਸੇਖੋਂ, ਆਈ.ਈ.ਸੀ. ਅਤੇ ਸੀ.ਬੀ. ਮਾਹਿਰ, ਨਗਰ ਨਿਗਮ ਪਟਿਆਲਾ ਨੇ ਕਿਹਾ ਕਿ ਜ਼ਿੰਮੇਵਾਰ ਨਾਗਰਿਕਾਂ ਅਤੇ ਇੱਕ ਸਮਾਜਿਕ ਲੋਕਤੰਤਰ ਵਜੋਂ ਇਹ ਸਾਡੀ ਜਿੰਮੇਵਾਰੀ ਹੈ ਕਿ ਅਸੀਂ ਆਪਣੇ ਮੁਲਕ ਨੂੰ ਹਰਿਆ ਭਰਿਆ ਅਤੇ ਸਾਫ਼-ਸੁਥਰਾ ਬਣਾਈਏ। ਉਨ੍ਹਾਂ ਨੇ ਵਿਦਿਆਰਥੀਆਂ ਨਾਲ ਪਟਿਆਲਾ ਸ਼ਹਿਰ ਅਤੇ ਇਸਦੇ ਆਲੇ-ਦੁਆਲੇ ਦੀ ਸਫਾਈ ਲਈ ਨਗਰ ਨਿਗਮ ਵੱਲੋਂ ਕੀਤੇ ਗਏ ਵੱਖ-ਵੱਖ ਉਪਰਾਲਿਆਂ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਵਾਤਾਵਰਣ ਸਬੰਧਿਤ ਪ੍ਰੋਗਰਾਮਾਂ ਨੂੰ ਲਾਗੂ ਕਰਨ ਲਈ ਤਕਨੀਕੀ ਨਵੀਨਤਾ ਸਫਲ ਕੁੰਜੀ ਹੈ।
ਸ਼੍ਰੀ ਰਸ਼ੀਦ ਅੰਸਾਰੀ, ਐੱਸ.ਡਬਲਿਊ. ਐੱਮ ਮਾਹਿਰ, ਹਾਰਪਿਕ ਇੰਡੀਆ ਨੇ ਛੋਟੀਆਂ ਫਿਲਮਾਂ ਅਤੇ ਵੀਡੀਓਜ਼ ਰਾਹੀਂ ਸਵੱਛਤਾ ਦੀ ਅਹਿਮੀਅਤ ਅਤੇ ਵੱਖ-ਵੱਖ ਕਿਸਮਾਂ ਦੇ ਕੂੜੇ ਨੂੰ ਵੱਖ ਕਰਨ ਦੀਆਂ ਵਿਧੀਆਂ ਬਾਰੇ ਚਰਚਾ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਕਾਲਜ ਦੇ ਅੰਦਰ ਜਾਂ ਕਾਲਜ ਦੇ ਬਾਹਰ ਸਵੱਛਤਾ ਦੀਆਂ ਗਤੀਵਿਧੀਆਂ ਵਿੱਚ ਸਵੈ-ਇੱਛਾ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਾਇੰਸ ਵਿਭਾਗ ਦੇ ਫੈਕਲਟੀ ਅਤੇ ਵਿਦਿਆਰਥੀ ਹਾਜ਼ਰ ਸਨ। ਧੰਨਵਾਦ ਦਾ ਮਤਾ ਡਾ. ਭਾਨਵੀ ਵਧਾਵਨ ਨੇ ਪੇਸ਼ ਕੀਤਾ। ਪ੍ਰੋਗਰਾਮ ਦਾ ਪ੍ਰਬੰਧ ਤੇ ਸੰਚਾਲਨ ਡਾ. ਮਨੀਸ਼ ਸ਼ਰਮਾ ਨੇ ਕੀਤਾ।