ਏਸ਼ੀਅਨ ਖੇਡਾਂ ਵਿੱਚ ਪੰਜਾਬੀ ਯੂਨੀਵਰਸਿਟੀ ਗੱਡ ਰਹੀ ਝੰਡੇ
ਏਸ਼ੀਅਨ ਖੇਡਾਂ ਵਿੱਚ ਪੰਜਾਬੀ ਯੂਨੀਵਰਸਿਟੀ ਗੱਡ ਰਹੀ ਝੰਡੇ
-ਤੀਰਅੰਦਾਜ਼ ਪ੍ਰਨੀਤ ਕੌਰ ਨੇ ਜਿੱਤਿਆ ਸੋਨ ਤਗ਼ਮਾ
-ਤੇਜਿੰਦਰਪਾਲ ਤੂਰ ਨੇ ਸ਼ਾਟਪੁੱਟ ਵਿੱਚ ਸੋਨ ਤਗ਼ਮਾ ਅਤੇ ਹਰਮਿਲਨ ਬੈਂਸ ਨੇ 1500 ਅਤੇ 800 ਮੀਟਰ ਦੌੜ ਵਿੱਚ ਜਿੱਤਿਆ ਚਾਂਦੀ ਤਗ਼ਮਾ
-ਪਹਿਲੀ ਵਾਰ ਤਗ਼ਮਾ ਜਿੱਤਣ ਵਾਲ਼ੀ ਭਾਰਤ ਦੀ ਬੈਡਮਿੰਟਨ ਪੁਰਸ਼ ਟੀਮ ਵਿੱਚ ਸ਼ਾਮਿਲ ਹੈ ਪੰਜਾਬੀ ਯੂਨੀਵਰਸਿਟੀ ਦਾ ਖਿਡਾਰੀ ਧਰੁਵ ਕਪਿਲਾ
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਚੀਨ ਵਿੱਚ ਚੱਲ ਰਹੀਆਂ ਏਸ਼ੀਅਨ ਖੇਡਾਂ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਖਿਡਾਰੀ ਲਗਾਤਾਰ ਝੰਡੇ ਗੱਡ ਰਹੇ ਹਨ। ਤਾਜ਼ਾ ਖ਼ਬਰ ਯੂਨੀਵਰਸਿਟੀ ਦੀ ਤੀਰਅੰਦਾਜ਼ ਖਿਡਾਰੀ ਪ੍ਰਨੀਤ ਕੌਰ ਦੇ ਹਵਾਲੇ ਨਾਲ਼ ਆਈ ਹੈ ਜਿਸ ਨੇ ਸੋਨ ਤਗ਼ਮਾ ਜਿੱਤ ਲਿਆ ਹੈ। ਕੋਚ ਸੁਰਿੰਦਰ ਸਿੰਘ ਨੇ ਦੱਸਿਆ ਕਿ ਤੀਰਅੰਦਾਜ਼ੀ ਵਿੱਚ ਭਾਰਤ ਦੀ ਕੰਪਾਊਂਡ ਵਿਮੈਨ’ਜ਼ ਟੀਮ ਨੇ ਸੋਨ ਤਗ਼ਮਾ ਜਿੱਤਿਆ ਹੈ। ਪ੍ਰਨੀਤ ਕੌਰ ਇਸ ਤਿੰਨ ਮੈਂਬਰੀ ਟੀਮ ਦੀ ਮੈਂਬਰ ਹੈ।
ਪੰਜਾਬੀ ਯੂਨੀਵਰਸਿਟੀ ਤੋਂ ਖੇਡ ਨਿਰਦੇਸ਼ਕ ਪ੍ਰੋ. ਅਜੀਤਾ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦੇ ਖਿਡਾਰੀ ਰਹੇ ਤੇਜਿੰਦਰ ਪਾਲ ਸਿੰਘ ਤੂਰ ਨੇ ਸ਼ਾਟਪੁੱਟ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ ਹੈ। ਤੂਰ ਨੇ ਪਿਛਲੀਆਂ ਏਸ਼ੀਅਨ ਖੇਡਾਂ ਵਿੱਚ ਵੀ ਤਗ਼ਮਾ ਜਿੱਤਿਆ ਸੀ। ਇਸੇ ਤਰ੍ਹਾਂ 1500 ਮੀਟਰ ਅਤੇ 800 ਮੀਟਰ ਦੌੜ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਵਿਦਿਆਰਥੀ ਰਹੀ ਹਰਮਿਲਨ ਬੈਂਸ ਨੇ ਚਾਂਦੀ ਦੇ ਦੋ ਤਗ਼ਮੇ ਜਿੱਤ ਲਏ ਹਨ। ਇਸ ਤੋਂ ਇਲਾਵਾ ਪਹਿਲੀ ਵਾਰ ਤਗ਼ਮਾ ਜਿੱਤਣ ਵਾਲ਼ੀ ਭਾਰਤ ਦੀ ਬੈਡਮਿੰਟਨ ਪੁਰਸ਼ ਟੀਮ ਵਿੱਚ ਵੀ ਪੰਜਾਬੀ ਯੂਨੀਵਰਸਿਟੀ ਦਾ ਖਿਡਾਰੀ ਧਰੁਵ ਕਪਿਲ ਸ਼ਾਮਿਲ ਹੈ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਨ੍ਹਾਂ ਸਾਰੇ ਖਿਡਾਰੀਆਂ ਦੀ ਪ੍ਰਾਪਤੀ ਉੱਪਰ ਖੁਸ਼ੀ ਪ੍ਰਗਟਾਈ। ਉਨ੍ਹਾਂ ਸਾਰੇ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਯੂਨੀਵਰਸਿਟੀ ਦੇ ਇਹ ਖਿਡਾਰੀ ਆਪਣੀਆਂ ਪ੍ਰਾਪਤੀਆਂ ਨਾਲ਼ ਪੰਜਾਬੀ ਯੂਨੀਵਰਸਿਟੀ ਦੇ ਮਾਣ ਵਿੱਚ ਵਾਧਾ ਕਰ ਰਹੇ ਹਨ। ਯੂਨੀਵਰਸਿਟੀ ਆਪਣੇ ਹੋਣਹਾਰ ਅਤੇ ਮਿਹਨਤੀ ਖਿਡਾਰੀਆਂ ਉੱਤੇ ਮਾਣ ਮਹਿਸੂਸ ਕਰਦੀ ਹੈ।