ਪਟਿਆਲਾ ਜ਼ਿਲ੍ਹੇ 'ਚ ਪਰਾਲੀ ਪ੍ਰਬੰਧਨ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਤਿਆਰ ਕੀਤਾ ਚੈਟ ਬੋਟ
ਪਟਿਆਲਾ ਜ਼ਿਲ੍ਹੇ ‘ਚ ਪਰਾਲੀ ਪ੍ਰਬੰਧਨ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਤਿਆਰ ਕੀਤਾ ਚੈਟ ਬੋਟ
-ਕਿਸਾਨਾਂ ਨੂੰ ਚੈਟ ਬੋਟ ਦਾ ਦਿੱਤਾ ਡੈਮੋ, ਕਿਸਾਨਾਂ ਤੋਂ ਚੈਟ ਬੋਟ ‘ਚ ਹੋਰ ਸੁਧਾਰ ਲਈ ਲਏ ਸੁਝਾਅ
-ਪਰਾਲੀ ਪ੍ਰਬੰਧਨ ਲਈ ਮਸ਼ੀਨਰੀ ਉਪਲਬੱਧ ਕਰਵਾਉਣ ‘ਚ ਚੈਟ ਬੋਟ ਹੋਵੇਗਾ ਸਹਾਈ : ਡਿਪਟੀ ਕਮਿਸ਼ਨਰ
ਪਟਿਆਲਾ, 3 ਅਕਤੂਬਰ:
ਪਟਿਆਲਾ ਜ਼ਿਲ੍ਹੇ ਵਿੱਚ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਉਪਲਬੱਧ ਮਸ਼ੀਨਰੀ ਸਬੰਧੀ ਜਾਣਕਾਰੀ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੈਟ ਬੋਟ ਤਿਆਰ ਕੀਤਾ ਗਿਆ ਹੈ, ਜਿਸ ਦਾ ਅੱਜ ਕਿਸਾਨਾਂ ਨੂੰ ਡੈਮੋ ਦਿਖਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਚੈਟ ਬੋਟ ਵਿੱਚ ਹੋਰ ਸੁਧਾਰ ਲਈ ਕਿਸਾਨਾਂ ਪਾਸੋਂ ਸੁਝਾਅ ਵੀ ਪ੍ਰਾਪਤ ਕੀਤੇ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਿਸਾਨਾਂ ਨਾਲ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਵਟਸ ਐਪ ‘ਤੇ ਬਣਾਏ ਗਏ ਚੈਟ ਬੋਟ ਸਬੰਧੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਚੈਟ ਬੋਟ ਦਾ ਡੈਮੋ ਦਿਖਾ ਕੇ ਕਿਸਾਨਾਂ ਪਾਸੋਂ ਇਸ ਵਿੱਚ ਹੋਰ ਸੁਧਾਰ ਲਈ ਸੁਝਾਅ ਪ੍ਰਾਪਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਦਾ ਮੁੱਖ ਮਕਸਦ ਕਿਸਾਨਾਂ ਨੂੰ ਉਨ੍ਹਾਂ ਦੇ ਪਿੰਡਾਂ ਲੈਣ ਪਰਾਲੀ ਪ੍ਰਬੰਧਨ ਕਰਨ ਵਾਲੀ ਮਸ਼ੀਨਰੀ ਦੀ ਉਪਲਬੱਧਤਾ ਸਬੰਧੀ ਜਾਣਕਾਰੀ ਦੇਣਾ ਹੈ।
ਸਾਕਸ਼ੀ ਸਾਹਨੀ ਨੇ ਕਿਹਾ ਕਿ ਅਜੋਕੇ ਸਮੇਂ ਬਹੁਤੇ ਕਿਸਾਨਾਂ ਵਟਸ ਐਪ ਰਾਹੀਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨਾਲ ਜੁੜੇ ਹੋਏ ਹਨ, ਪਰ ਇਸ ਚੈਟ ਬੋਟ ਰਾਹੀਂ ਕਿਸਾਨਾਂ ਨੂੰ ਆਪਣੇ ਨੇੜੇ ਤੇੜੇ ਉਪਲਬੱਧ ਮਸ਼ੀਨਰੀ ਸਬੰਧੀ ਜਾਣਕਾਰੀ ਮਿਲ ਸਕੇਗੀ। ਉਨ੍ਹਾਂ ਕਿਹਾ ਕਿ ਇਹ ਚੈਟ ਬੋਟ ਪੰਜਾਬੀ ਵਿੱਚ ਤਿਆਰ ਕੀਤਾ ਗਿਆ ਹੈ ਅਤੇ ਇਸ ਨੂੰ ਹਰੇਕ ਵਿਅਕਤੀ ਆਸਾਨੀ ਨਾਲ ਵਰਤ ਸਕਦਾ ਹੈ।
ਉਨ੍ਹਾਂ ਕਿਸਾਨਾਂ ਪਾਸੋਂ ਚੈਟ ਬੋਟ ਵਿੱਚ ਹੋਰ ਸੁਧਾਰ ਸਬੰਧੀ ਸੁਝਾਅ ਪ੍ਰਾਪਤ ਕੀਤੇ ਅਤੇ ਕਿਸਾਨਾਂ ਦੇ ਸੁਝਾਅ ਅਨੁਸਾਰ ਚੈਟ ਬੋਟ ਤਿਆਰ ਕਰਨ ਵਾਲੀ ਟੀਮ ਨੂੰ ਇਸ ਵਿੱਚ ਸੁਝਾਵਾਂ ਅਨੁਸਾਰ ਬਦਲਾ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਚੈਟ ਬੋਟ ਨੂੰ ਇੱਕ ਦਿਨ ਵਿੱਚ ਲੋੜੀਂਦੇ ਸੁਝਾਵਾਂ ਅਨੁਸਾਰ ਕਰਕੇ ਕਿਸਾਨਾਂ ਦੀ ਸਹੂਲਤ ਲਈ ਜਾਰੀ ਕੀਤਾ ਜਾਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਨੂਪ੍ਰਿਤਾ ਜੌਹਲ, ਡੀ.ਆਰ. ਸਹਿਕਾਰੀ ਸਭਾਵਾਂ ਸਰਬੇਸ਼ਵਰ ਸਿੰਘ ਮੋਹੀ, ਮੁੱਖ ਖੇਤੀਬਾੜੀ ਅਫਸਰ ਗੁਰਨਾਮ ਸਿੰਘ, ਰਵਿੰਦਰਪਾਲ ਸਿੰਘ ਚੱਠਾ, ਪ੍ਰਦੂਸ਼ਨ ਰੋਕਥਾਮ ਬੋਰਡ ਤੋਂ ਰੋਹਿਤ ਸਿੰਗਲਾ ਸਮੇਤ ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨ ਵੀ ਮੌਜੂਦ ਸਨ।