ਕਿਸਾਨ ਆਪਣੇ ਨੇੜੇ ਪਰਾਲੀ ਪ੍ਰਬੰਧਨ ਵਾਲੀ ਮਸ਼ੀਨਰੀ ਦੀ ਜਾਣਕਾਰੀ ਲੈਣ ਲਈ ਵਟਸ ਐਪ ਚੈਟ ਬੋਟ ਦੀ ਵਰਤੋਂ ਕਰਨ
ਕਿਸਾਨ ਆਪਣੇ ਨੇੜੇ ਪਰਾਲੀ ਪ੍ਰਬੰਧਨ ਵਾਲੀ ਮਸ਼ੀਨਰੀ ਦੀ ਜਾਣਕਾਰੀ ਲੈਣ ਲਈ ਵਟਸ ਐਪ ਚੈਟ ਬੋਟ ਦੀ ਵਰਤੋਂ ਕਰਨ
– -ਕਿਸਾਨ ਆਪਣੇ ਫ਼ੋਨ ‘ਚ 7380016070 ਨੰਬਰ ਸੇਵ ਕਰਕੇ ਵਟਸ ਐਪ ‘ਤੇ ਮਸ਼ੀਨਰੀ ਸਬੰਧੀ ਜਾਣਕਾਰੀ ਲੈਣ: ਡਿਪਟੀ ਕਮਿਸ਼ਨਰ
ਪਟਿਆਲਾ, 8 ਅਕਤੂਬਰ:
ਪਟਿਆਲਾ ਜ਼ਿਲ੍ਹੇ ਦੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਕਰਨ ਵਿੱਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਮਕਸਦ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਪਲਬੱਧ ਖੇਤੀ ਮਸ਼ੀਨਰੀ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਦੇਣ ਲਈ ਵਟਸ ਐਪ ਚੈਟ ਬੋਟ ਤਿਆਰ ਕੀਤਾ ਗਿਆ ਹੈ, ਜਿਸ ਦਾ ਨੰਬਰ 7380016070 ਹੈ ਜਿਸ ਨੂੰ ਕਿਸਾਨ ਆਪਣੇ ਫੋਨ ਵਿੱਚ ਸੇਫ ਕਰਕੇ ਵਟਸ ਐਪ ‘ਤੇ ਜਾ ਕੇ ਚੈਟ ਬੋਟ ਵਿੱਚ ਜਾ ਕੇ ਆਪਣੇ ਖੇਤਰ ਵਿੱਚ ਉਪਲਬੱਧ ਮਸ਼ੀਨਰੀ ਦੀ ਜਾਣਕਾਰੀ ਲੈ ਸਕਦੇ ਹਨ।
ਵਟਸ ਐਪ ਚੈਟ ਬੋਟ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ‘ਤੇ ਪਰਾਲੀ ਪ੍ਰਬੰਧਨ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ, ਇਸੇ ਲੜੀ ਤਹਿਤ ਕਿਸਾਨਾਂ ਤੱਕ ਪਹੁੰਚ ਬਣਾਉਣ ਲਈ ਰਵਾਇਤੀ ਤਕਨੀਕਾਂ ਦੇ ਨਾਲ ਨਾਲ ਆਈ.ਟੀ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵਟਸ ਐਪ ਚੈਟ ਬੋਟ ਬਣਾਉਣ ਦਾ ਮੁੱਖ ਮਕਸਦ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੱਕ ਪਹੁੰਚ ਬਣਾ ਕੇ ਉਨ੍ਹਾਂ ਨੂੰ ਪਰਾਲੀ ਪ੍ਰਬੰਧਨ ਕਰਨ ਵਿੱਚ ਆਉਣ ਵਾਲੀ ਕਿਸੇ ਵੀ ਔਕੜ ਦਾ ਹੱਲ ਲੱਭਣਾ ਹੈ।
ਉਨ੍ਹਾਂ ਦੱਸਿਆ ਕਿ ਚੈਟ ਬੋਟ ਪੂਰੀ ਤਰ੍ਹਾਂ ਸਰਲ ਪੰਜਾਬੀ ਭਾਸ਼ਾ ਵਿੱਚ ਬਣਾਇਆ ਗਿਆ ਹੈ, ਜਿਸ ਨੂੰ ਕੋਈ ਵੀ ਵਿਅਕਤੀ ਆਸਾਨੀ ਨਾਲ ਚਲਾ ਸਕਦਾ ਹੈ। ਉਨ੍ਹਾਂ ਕਿਹਾ ਕਿ ਚੈਟ ਬੋਟ ‘ਤੇ ਕੁਝ ਵੀ ਟਾਈਪ ਕਰਨ ਤੋਂ ਬਾਅਦ ਪਹਿਲਾਂ ਉਹ ਕਿਸਾਨ ਪਾਸੋਂ ਬਲਾਕ ਸਬੰਧੀ ਜਾਣਕਾਰੀ ਪੁੱਛੇਗਾ ਅਤੇ ਉਸ ਤੋਂ ਬਾਅਦ ਪਿੰਡਾਂ ਦੀ ਸੂਚੀ ਕੋਡ ਸਮੇਤ ਭੇਜੇਗਾ ਜਿਸ ਵਿੱਚੋਂ ਕਿਸਾਨ ਆਪਣੇ ਪਿੰਡ ਦਾ ਕੋਡ ਦੇਖਕੇ ਉਸ ਕੋਡ ਨੂੰ ਚੈਟ ਬੋਟ ਵਿੱਚ ਟਾਈਪ ਕਰੇਗਾ ਤਾਂ ਉਸ ਤੋਂ ਬਾਅਦ ਕਿਸਾਨ ਪਾਸੋਂ ਕਿਹੜੀ ਮਸ਼ੀਨਰੀ ਦੀ ਜ਼ਰੂਰੀ ਹੈ ਇਸ ਸਬੰਧੀ ਸਵਾਲ ਪੁੱਛਿਆ ਜਾਵੇਗਾ ਅਤੇ ਇਸ ਵਿੱਚ ਪਹਿਲਾਂ ਹੀ ਸੁਪਰ ਸੀਡਰ, ਆਰ.ਐਮ.ਬੀ. ਪਲਾਓ, ਸ਼ਰਬ ਮਾਸਟਰ, ਸੁਪਰ ਐਸ.ਐਮ.ਐਸ., ਹੈਪੀ ਸੀਡਰ, ਜ਼ੀਰੋ ਟਿਲ ਡਰਿੱਲ, ਪੈਡੀ ਸਟਰਾਅ ਚੋਪਰ, ਬੇਲਰ, ਮਲਚਰ ਅਤੇ ਰੋਟਾਵੇਟਰ ਟਾਈਪ ਹਨ ਅਤੇ ਕਿਸਾਨ ਵੱਲੋਂ ਇਨ੍ਹਾਂ ਵਿਚੋਂ ਕਿਸੇ ਇਕ ਦੀ ਚੋਣ ਕਰਨ ‘ਤੇ ਪੀ.ਡੀ.ਐਫ਼ ਫਾਈਲ ਰਾਹੀਂ ਉਪਲਬੱਧ ਮਸ਼ੀਨਰੀ ਦੀ ਫੋਨ ਨੰਬਰ ਸਮੇਤ ਸੂਚੀ ਸਾਹਮਣੇ ਆ ਜਾਵੇਗੀ ਅਤੇ ਕਿਸਾਨ ਪਾਸੋਂ ਇਹ ਵੀ ਪੁੱਛਿਆ ਜਾਵੇਗਾ ਕਿ ਉਸ ਨੂੰ ਮਸ਼ੀਨ ਕਿਸੇ ਸਮੇਂ ਚਾਹੀਦੀ ਹੈ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵਾਤਾਵਰਣ ਦੀ ਸ਼ੁੱਧਤਾ ਲਈ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਦੇ ਹੋਏ ਪਰਾਲੀ ਨੂੰ ਇੰਨ ਸੀਟੂ ਅਤੇ ਐਕਸ ਸੀਟੂ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਇਸ ਦਾ ਨਿਪਟਾਰਾ ਕਰਨ ਅਤੇ ਵਟਸ ਐਪ ਚੈਟ ਬੋਟ ਦੀ ਵਰਤੋਂ ਕਰਕੇ ਆਪਣੇ ਨੇੜੇ ਮੌਜੂਦ ਮਸ਼ੀਨਰੀ ਰਾਹੀਂ ਪਰਾਲੀ ਪ੍ਰਬੰਧਨ ਕਰਨ ਨੂੰ ਤਰਜੀਹ ਦੇਣ।