ਚੇਤਨ ਸਿੰਘ ਜੌੜਾਮਾਜਰਾ ਵੱਲੋਂ ਸਨੌਰ ਵਿਖੇ ਕੇਬਲ ਉਪਰੇਟਰਾਂ ਦੇ ਮਾਮਲੇ 'ਚ ਵਿਧਾਇਕ ਪਠਾਣਮਾਜਰਾ ਉਪਰ ਲਗਾਏ ਦੋਸ਼ਾਂ ਦੀ ਨਿੰਦਾ
ਚੇਤਨ ਸਿੰਘ ਜੌੜਾਮਾਜਰਾ ਵੱਲੋਂ ਸਨੌਰ ਵਿਖੇ ਕੇਬਲ ਉਪਰੇਟਰਾਂ ਦੇ ਮਾਮਲੇ ‘ਚ ਵਿਧਾਇਕ ਪਠਾਣਮਾਜਰਾ ਉਪਰ ਲਗਾਏ ਦੋਸ਼ਾਂ ਦੀ ਨਿੰਦਾ
-ਕਿਹਾ, ਕਿਸੇ ਕੰਪਨੀ ਦੀਆਂ ਸੇਵਾਵਾਂ ਤੋਂ ਸੰਤੁਸ਼ਟ ਨਾ ਹੋਕੇ ਦੂਸਰੀ ਕੰਪਨੀ ਨਾਲ ਜੁੜਨਾ ਉਪਰੇਟਰਾਂ ਦਾ ਨਿੱਜੀ ਮਾਮਲਾ
ਪਟਿਆਲਾ, 15 ਨਵੰਬਰ:
ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਹਲਕਾ ਸਨੌਰ ਵਿੱਚ ਇੱਕ ਕੇਬਲ ਕੰਪਨੀ ਦੇ ਉਪਰੇਟਰਾਂ ਵੱਲੋਂ ਦੂਸਰੀ ਕੇਬਲ ਕੰਪਨੀ ਦੇ ਨਾਲ ਜੁੜਨ ਦੇ ਮੁੱਦੇ ‘ਤੇ ਹਲਕਾ ਵਿਧਾਇਕ ਸ. ਹਰਮੀਤ ਸਿੰਘ ਪਠਾਣਮਾਜਰਾ ਉਪਰ ਵਿਰੋਧੀ ਧਿਰ ਵੱਲੋਂ ਲਗਾਏ ਦੋਸ਼ਾਂ ਦੀ ਨਿੰਦਾ ਕੀਤੀ ਹੈ।
ਕੈਬਨਿਟ ਮੰਤਰੀ ਸ. ਜੌੜਾਮਾਜਰਾ ਨੇ ਅੱਜ ਇੱਥੇ ਕਿਹਾ ਕਿ ਹਲਕਾ ਸਨੌਰ ਦੇ ਕੇਬਲ ਉਪਰੇਟਰਾਂ ਵੱਲੋਂ ਕਿਸੇ ਇੱਕ ਕੰਪਨੀ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਤੋਂ ਸੰਤੁਸ਼ਟ ਨਾ ਹੋਕੇ ਇਸ ਨੂੰ ਛੱਡਕੇ ਦੂਜੀ ਕੰਪਨੀ ਨਾਲ ਜੁੜਨ ਦਾ ਮਾਮਲਾ ਉਨ੍ਹਾਂ ਦਾ ਆਪਣਾ ਤੇ ਨਿੱਜੀ ਮਸਲਾ ਹੋ ਸਕਦਾ ਹੈ, ਇਸ ਵਿੱਚ ਵਿਧਾਇਕ ਸ. ਹਰਮੀਤ ਸਿੰਘ ਪਠਾਣਮਾਜਰਾ ਦੀ ਕੋਈ ਭੂਮਿਕਾ ਨਹੀਂ ਹੈ।
ਸ. ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਜਿਸ ਤਰ੍ਹਾਂ ਕਿ ਉਨ੍ਹਾਂ ਨੇ ਇੱਕ ਵੀਡੀਓ ਵਿੱਚ ਸੁਣਿਆ ਹੈ, ਕਿ ਕੇਬਲ ਉਪਰੇਟਰ ਇਹ ਕਹਿ ਰਹੇ ਹਨ, ਉਨ੍ਹਾਂ ਨੂੰ ਨਵੀਂ ਕੰਪਨੀ ਬਹੁਤ ਹੀ ਘੱਟ ਰੇਟ ਉਪਰ ਕੇਬਲ ਸਹੂਲਤ ਮੁਹੱਈਆ ਕਰਵਾ ਰਹੀ ਹੈ ਅਤੇ ਉਹ ਆਪਣੀ ਮਰਜ਼ੀ ਨਾਲ ਹੀ ਨਵੀਂ ਕੰਪਨੀ ਨਾਲ ਜੁੜ ਰਹੇ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਵੀਡੀਓ ਕਲਿਪ ਵਿੱਚ ਉਪਰੇਟਰ ਵਿਧਾਇਕ ਦਾ ਕੋਈ ਨਾਮ ਨਹੀਂ ਲੈ ਰਹੇ, ਇਸ ਲਈ ਵਿਧਾਇਕ ਸ. ਹਰਮੀਤ ਸਿੰਘ ਪਠਾਣਮਾਜਰਾ ਉਪਰ ਧੱਕੇਸ਼ਾਹੀ ਦੇ ਦੋਸ਼ ਲਗਾਉਣੇ ਬਹੁਤ ਹੀ ਘਟੀਆ ਰਾਜਨੀਤੀ ਦਾ ਹਿੱਸਾ ਹੈ, ਇਸ ਲਈ ਵਿਰੋਧੀਆਂ ਦੀਆਂ ਅਜਿਹੀਆਂ ਹੋਛੀਆਂ ਤੇ ਝੂਠੀਆਂ ਗੱਲਾਂ ਉਪਰ ਵਿਸ਼ਵਾਸ਼ ਨਾ ਕੀਤਾ ਜਾਵੇ।