ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਮੱਧ ਪ੍ਰਦੇਸ਼ ਦੇ ਸੇਂਵਢਾਂ ਅਤੇ ਦਤੀਆ ਵਿੱਚ 'ਆਪ' ਉਮੀਦਵਾਰਾਂ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ
ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਮੱਧ ਪ੍ਰਦੇਸ਼ ਦੇ ਸੇਂਵਢਾਂ ਅਤੇ ਦਤੀਆ ਵਿੱਚ ‘ਆਪ’ ਉਮੀਦਵਾਰਾਂ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ
– ਮੱਧ ਪ੍ਰਦੇਸ਼ ਦੇ ਲੋਕ ਭਾਜਪਾ ਦੇ ਭ੍ਰਿਸ਼ਟ ਰਾਜ ਤੋਂ ਪ੍ਰੇਸ਼ਾਨ ਹਨ, ਇਸ ਵਾਰ ਆਮ ਆਦਮੀ ਪਾਰਟੀ ਦੀ ਇਮਾਨਦਾਰ ਰਾਜਨੀਤੀ ਨੂੰ ਲੋਕ ਦੇਣਗੇ ਮੌਕਾ – ਭਗਵੰਤ ਮਾਨ
ਚੰਡੀਗੜ੍ਹ, 9 ਨਵੰਬਰ 2023 – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਦੋਵਾਂ ਆਗੂਆਂ ਨੇ ‘ਆਪ’ ਉਮੀਦਵਾਰ ਦੇ ਨਾਲ ਐਮਪੀ ਦੇ ਸੇਂਵਢਾਂ ਅਤੇ ਦਤੀਆ ‘ਚ ਵੱਖ-ਵੱਖ ਥਾਵਾਂ ‘ਤੇ ਰੋਡ ਸ਼ੋਅ ਕੀਤੇ ਅਤੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ।
ਰੋਡ ਸ਼ੋਅ ਵਿੱਚ ਲੋਕਾਂ ਦੀ ਭਾਰੀ ਭੀੜ ਨੂੰ ਦੇਖਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਹ ਮੱਧ ਪ੍ਰਦੇਸ਼ ਵਿੱਚ ਬਦਲਾਅ ਦਾ ਸਬੂਤ ਹੈ। ਜਿਸ ਤਰ੍ਹਾਂ ਅੱਜ ਮੱਧ ਪ੍ਰਦੇਸ਼ ਵਿੱਚ ਸਾਡੇ ਰੋਡ ਸ਼ੋਅ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਹਨ। ਪਿਛਲੇ ਸਾਲ ਪੰਜਾਬ ਅਤੇ ਉਸ ਤੋਂ ਪਹਿਲਾਂ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਵੀ ਅਜਿਹੀ ਹੀ ਭੀੜ ਹੁੰਦੀ ਸੀ।
ਮੱਧ ਪ੍ਰਦੇਸ਼ ਦੀ ਭਾਰਤੀ ਜਨਤਾ ਪਾਰਟੀ ਸਰਕਾਰ ‘ਤੇ ਹਮਲਾ ਕਰਦਿਆਂ ਮਾਨ ਨੇ ਕਿਹਾ ਕਿ ਮੱਧ ਪ੍ਰਦੇਸ਼ ਦੇ ਲੋਕ ਭਾਜਪਾ ਦੇ ਭ੍ਰਿਸ਼ਟ ਸ਼ਾਸਨ ਤੋਂ ਬੇਹੱਦ ਪ੍ਰੇਸ਼ਾਨ ਹਨ। ਇਸ ਵਾਰ ਮੱਧ ਪ੍ਰਦੇਸ਼ ਦੇ ਲੋਕ ਭਾਜਪਾ ਨੂੰ ਸੂਬੇ ਦੀ ਸੱਤਾ ਤੋਂ ਲਾਂਭੇ ਕਰ ਕੇ ਆਮ ਆਦਮੀ ਪਾਰਟੀ ਦੀ ਇਮਾਨਦਾਰ ਰਾਜਨੀਤੀ ਨੂੰ ਮੌਕਾ ਦੇਣਗੇ।
ਉਨ੍ਹਾਂ ਕਿਹਾ ਕਿ ਸਾਡੇ ਵਾਅਦੇ ਭਾਜਪਾ ਵਾਂਗ ਮਹਿਜ਼ ਜੁਮਲੇ ਨਹੀਂ ਹਨ। ਅਸੀਂ ਦਿੱਲੀ ਅਤੇ ਪੰਜਾਬ ਵਿੱਚ ਬਹੁਤ ਕੰਮ ਕੀਤਾ ਹੈ। ਜੇਕਰ ਇੱਥੇ ਵੀ ਸਰਕਾਰ ਬਣੀ ਤਾਂ ਅਸੀਂ ਵੀ ਇਸੇ ਤਰ੍ਹਾਂ ਕੰਮ ਕਰਾਂਗੇ। ਅਸੀਂ ਇੱਥੋਂ ਦੇ ਲੋਕਾਂ ਨੂੰ ਮੁਫਤ ਬਿਜਲੀ ਵੀ ਮੁਹੱਈਆ ਕਰਵਾਵਾਂਗੇ। ਮੁਹੱਲਾ ਕਲੀਨਿਕ ਅਤੇ ਚੰਗੇ ਸਰਕਾਰੀ ਸਕੂਲ ਬਣਾਏ ਜਾਣਗੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਬਹੁਤ ਵਧੀਆ ਕੰਮ ਕੀਤਾ ਹੈ। ਕੇਜਰੀਵਾਲ ਨੇ ਦਿੱਲੀ ਦੇ ਸਰਕਾਰੀ ਸਕੂਲਾਂ ਨੂੰ ਇੰਨਾ ਵਧੀਆ ਬਣਾ ਦਿੱਤਾ ਕਿ ਹੁਣ ਦਿੱਲੀ ਵਿੱਚ ਮਜ਼ਦੂਰਾਂ, ਰਿਕਸ਼ਾ ਚਾਲਕਾਂ ਦੇ ਬੱਚੇ ਅਤੇ ਜੱਜਾਂ ਅਤੇ ਅਫਸਰਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਇਕੱਠੇ ਪੜ੍ਹ ਰਹੇ ਹਨ।